Friday, January 16Malwa News
Shadow

ਸੈਸ਼ਨ ਕੋਰਟ ਮੋਹਾਲੀ ਵੱਲੋਂ ਭ੍ਰਿਸ਼ਟਾਚਾਰ ਮਾਮਲੇ ’ਚ ਦੋ ਇੰਪਰੂਵਮੈਂਟ ਟਰੱਸਟ ਕਰਮਚਾਰੀਆਂ ਨੂੰ ਚਾਰ ਸਾਲ ਦੀ ਕੈਦ ਅਤੇ 20000 ਰੁਪਏ ਦਾ ਜੁਰਮਾਨਾ

ਚੰਡੀਗੜ੍ਹ, 16 ਜਨਵਰੀ:-ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਟਾਲਰੈਂਸ ਪਹੁੰਚ ਅਪਣਾਉਂਦਿਆਂ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਇੰਪਰੂਵਮੈਂਟ ਟਰੱਸਟ ਰੋਪੜ ਵਿਖੇ ਤਾਇਨਾਤ ਪਰਵੀਨ ਕੁਮਾਰ ਕਲਰਕ ਅਤੇ ਉਸਦੇ ਸਹਿ-ਦੋਸ਼ੀ ਸਤੀਸ਼ ਕੁਮਾਰ ਜੂਨੀਅਰ ਇੰਜੀਨੀਅਰ ਨੂੰ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਸੀ। ਇਸ ਮੁਕੱਦਮੇ ਦੀ ਮੁਕੰਮਲ ਸੁਣਵਾਈ ਤੋਂ ਬਾਅਦ ਅੱਜ ਸਮਰੱਥ ਅਦਾਲਤ ਨੇ ਉਕਤ ਅਧਿਕਾਰੀਆਂ ਨੂੰ ਦੋਸ਼ੀ ਠਹਿਰਾਉਂਦਿਆਂ ਦੋਵਾਂ ਦੋਸ਼ੀਆਂ ਨੂੰ 4-4 ਸਾਲ ਦੀ ਕੈਦ ਅਤੇ 20000- ਰੁਪਏ ਦੇ ਜੁਰਮਾਨੇ ਦੀ ਸਜ਼ਾ ਸੁਣਾਈ ਹੈ।

ਅੱਜ ਇੱਥੇ ਇਹ ਖੁਲਾਸਾ ਕਰਦਿਆਂ ਵਿਜੀਲੈਂਸ ਬਿਊਰੋ ਦੇ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਦੋਸ਼ੀ ਜੂਨੀਅਰ ਇੰਜੀਨੀਅਰ ਅਤੇ ਕਲਰਕ ਨੇ ਸ਼ਿਕਾਇਤਕਰਤਾ ਤੋਂ ਉਸਦੀ ਜਾਇਦਾਦ ਦੀ ਸੇਲ ਡੀਡ ਰਜਿਸਟਰ ਕਰਵਾਉਣ ਦੇ ਬਦਲੇ 15000 ਰੁਪਏ ਦੀ ਰਿਸ਼ਵਤ ਮੰਗੀ ਸੀ।

ਉਨ੍ਹਾਂ ਅੱਗੇ ਕਿਹਾ ਕਿ ਸ਼ਿਕਾਇਤਕਰਤਾ ਨੇ ਰਿਸ਼ਵਤ ਕਿਸ਼ਤਾਂ ਵਿੱਚ ਦਿੱਤੀ ਸੀ ਅਤੇ ਰਿਸ਼ਵਤ ਦੀ ਆਖਰੀ ਕਿਸ਼ਤ ਦੀ ਅਦਾਇਗੀ ਤੋਂ ਪਹਿਲਾਂ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰ ਲਈ ਸੀ।

ਉਸਦੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਵਿਜੀਲੈਂਸ ਬਿਊਰੋ ਨੇ ਇੰਪਰੂਵਮੈਂਟ ਟਰੱਸਟ ਰੋਪੜ ਦੇ ਦਫ਼ਤਰ ’ਤੇ ਛਾਪਾ ਮਾਰਿਆ ਅਤੇ ਸਰਕਾਰੀ ਅਧਿਕਾਰੀਆਂ/ਗਵਾਹਾਂ ਦੀ ਮੌਜੂਦਗੀ ਵਿੱਚ ਦੋਸ਼ੀ ਪਰਵੀਨ ਕੁਮਾਰ ਦੇ ਕਬਜ਼ੇ ਵਿੱਚੋਂ 7500 ਰੁਪਏ ਦੀ ਰਿਸ਼ਵਤ ਦੀ ਰਕਮ ਬਰਾਮਦ ਕੀਤੀ ਗਈ ਅਤੇ ਪਰਵੀਨ ਕੁਮਾਰ ਨੂੰ ਮੌਕੇ ’ਤੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ।