Friday, January 16Malwa News
Shadow

ਸ਼ੂਗਰਕੇਨ ਹਾਰਵੈਸਟਰ ਨਾਲ ਕਟਾਈ ਕਰਨ ਲਈ ਚੌੜੀ ਵਿੱਥ ਵਿਧੀ ਨਾਲ ਗੰਨੇ ਦੀ ਬਿਜਾਈ ਕਰਨ ਦੀ ਜ਼ਰੂਰਤ: ਕੇਨ ਕਮਿਸ਼ਨਰ

ਲੁਧਿਆਣਾ : 16 ਜਨਵਰੀ 2026( ) ਗੰਨੇ ਦੀ ਚੌੜੀ ਵਿੱਥ ਤੇ ਬਿਜਾਈ ਕਰਨ ਨਾਲ ਪੌਦਿਆਂ ਨੂੰ ਵਧੇਰੇ ਹਵਾ/ਸੂਰਜ ਦੀ ਰੌਸ਼ਨੀ  ਮਿਲਦੀ ਹੈ ਜਿਸ ਨਾਲ ਗੰਨੇ ਦੀ ਮੋਟਾਈ ਅਤੇ ਲੰਬਾਈ ਵਿਚ ਵਾਧਾ ਹੁੰਦਾ ਹੈ , ਜਿਸ ਨਾਲ ਪ੍ਰਤੀ ਹੈਕਟੇਅਰ  ਪੈਦਾਵਾਰ ਵਿੱਚ ਵਾਧਾ ਹੋਣ ਕਾਰਨ ਵਾਧੂ ਆਮਦਨ  ਹੁੰਦੀ ਹੈ । ਜ਼ਿਲਾ ਲੁਧਿਆਣਾ ਦੇ ਪਿੰਡ ਮੱਲ ਮਾਜਰਾ ਵਿਚ ਗੰਨੇ ਦੀ ਫ਼ਸਲ ਜਾਇਜ਼ਾ ਲੈਂਦਿਆਂ ਡਾਕਟਰ ਅਮਰੀਕ ਸਿੰਘ ਕੇਨ ਕਮਿਸ਼ਨਰ ਪੰਜਾਬ ਨੇ ਦੱਸਿਆ ਕਿ ਮਜ਼ਦੂਰਾਂ ਦੀ ਘਾਟ ਕਾਰਨ ,ਗੰਨਾ ਕੱਟਣ ਵਾਲੀ ਮਸ਼ੀਨ ਦੀ ਮੰਗ ਵਧ ਰਹੀ ਹੈ । ਉਨ੍ਹਾਂ ਦੱਸਿਆ ਕਿ ਇਸ ਸਮੇਂ ਪੰਜਾਬ ਵਿੱਚ ਤਕਰੀਬਨ 30 ਮਸ਼ੀਨਾਂ ਗੰਨੇ ਦੀ ਕਟਾਈ ਕਰ ਰਹੀਆਂ ਹਨ । ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਗੰਨਾ ਕਾਸ਼ਤਕਾਰਾਂ ਦੀ ਮਜ਼ਦੂਰਾਂ ਦੀ ਘਾਟ ਦੀ ਸਮੱਸਿਆ ਨੁੰ ਮੁੱਖ ਰੱਖਦਿਆਂ ਗੰਨੇ ਦੀ ਖੇਤੀ ਦਾ ਮਸ਼ੀਨੀਕਰਨ ਕਰਨ ਲਈ 4 ਦਸੰਬਰ 2025 ਤੱਕ ਆਨਲਾਈਨ ਅਰਜੀਆਂ ਦੀ ਮੰਗ ਕੀਤੀ ਗਈ ਸੀ ,ਜਿਸ ਤੇ ਕਰੀਬ 60 ਗੰਨਾ ਕਾਸ਼ਤਕਾਰਾਂ ਨੇ ਸ਼ੂਗਰਕੇਨ ਹਾਰਵੈਸਟਰ ਮਸ਼ੀਨ ਸਬਸਿਡੀ ਤੇ ਲੈਣ ਲਈ ਅਰਜੀਆਂ ਦਿੱਤੀਆਂ ਹਨ। ਉਨ੍ਹਾਂ ਦੱਸਿਆ ਕਿ ਅਜੋਕੇ ਸਮੇਂ ਵਿਚ ਆਮ ਕਰਕੇ ਗੰਨੇ ਦੀ ਕਾਸ਼ਤ ਢਾਈ ਤੋਂ ਤਿੰਨ ਫੁੱਟ ਦੀ ਦੂਰੀ ਦੀਆਂ ਕਤਾਰਾਂ ਤੇ ਕੀਤੀ ਜਾਂਦੀ ਹੈ ਜੋਂ ਮਸ਼ੀਨ ਨਾਲ ਕਟਾਈ ਕਰਨ ਦੇ ਅਨਕੂਲ ਨਹੀਂ ਹੈ। ਉਨ੍ਹਾਂ ਦੱਸਿਆ ਕਿ ਢਾਈ ਫੁੱਟ ਤੇ ਬਿਜਾਈ ਕੀਤੀ ਗੰਨੇ ਦੀ ਫ਼ਸਲ ਦੀ ਕਟਾਈ , ਮਸ਼ੀਨ ਨਾਲ ਕਰਨ ਨਾਲ ਗੰਨੇ ਦਾ  ਨੁਕਸਾਨ ਨੁਕਸਾਨ ਹੁੰਦਾ ਹੈ ਜਿਸ ਨਾਲ ਗੰਨਾ ਕਾਸ਼ਤਕਾਰਾਂ ਅਤੇ ਖੰਡ ਮਿੱਲ ਪ੍ਰਬੰਧਕਾਂ ਨੂੰ ਆਰਥਿਕ ਨੁਕਸਾਨ ਹੁੰਦਾ ਹੈ ਜਦ ਕਿ ਚੌੜੀ ਵਿੱਥ ਵਿਧੀ ਨਾਲ ਬੀਜੇ ਗੰਨੇ ਦੀ ਕਟਾਈ ,ਮਸ਼ੀਨ ਨਾਲ ਕਰਨ ਤੇ ਕੋਈ ਨੁਕਸਾਨ ਨਹੀਂ ਹੁੰਦਾ । ਉਨ੍ਹਾਂ ਦੱਸਿਆ ਕਿ ਸੁਗਰਕੇਨ ਹਾਰਵੈਸਟਰ ਤੋਂ ਪੂਰਾ ਫਾਇਦਾ ਲੈਣ ਲਈ ਗੰਨੇ ਦੀ ਬਿਜਾਈ 4-5 ਫੁੱਟ ਦੀਆਂ ਕਤਾਰਾਂ ਦੀ ਦੂਰੀ ਤੇ ਇਕਹਿਰੀ ਜਾਂ ਦੋ ਖਾਲੀ ਵਿਧੀ ਨਾਲ ਕਰਨੀ ਚਾਹੀਦੀ ਹੈ ਤਾਂ ਜੋਂ ਮਸ਼ੀਨਾਂ ਨਾਲ ਕਟਾਈ ਕਰਨ ਲਈ ਲੋੜੀਂਦੀ ਮਾਤਰਾ ਵਿਚ ਗੰਨੇ ਦੀ ਫ਼ਸਲ ਹੇਠ ਰਕਬਾ ਮਿਲ ਸਕੇ ਅਤੇ ਕਿਸੇ ਤਰਾਂ ਦਾ ਨੁਕਸਾਨ ਨਾਂ ਹੋਵੇ। ਡਾਕਟਰ ਗੁਲਜ਼ਾਰ ਸਿੰਘ ਸੰਘੇੜਾ ਨੇ ਦੱਸਿਆ ਕਿ ਚੌੜੀ ਵਿੱਥ ਵਿਧੀ ਤੇ ਗੰਨੇ ਦੀ ਬਿਜਾਈ ਕਰਨ ਨਾਲ  ਗੰਨੇ ਦੀ ਵਧੇਰੇ ਅਤੇ ਗੁਣਵੱਤਾ ਭਰਪੂਰ ਪੈਦਾਵਾਰ ਮਿਲਦੀ ਹੈ। ਉਨ੍ਹਾਂ ਕਿਹਾ ਕਿ ਚੌੜੀ ਵਿੱਥ ਵਾਲੀਆਂ ਕਤਾਰਾਂ (120-150 ਸੈਂਟੀਮੀਟਰ) ਤੇ ਬਿਜਾਈ ਕੀਤੀ ਗੰਨੇ ਦੀ ਫ਼ਸਲ ਵਿਚ ਗੋਡੀ  ਕਰਨ ਅਤੇ ਮਿੱਟੀ ਚੜ੍ਹਾਉਣ ਦਾ ਕੰਮ ਸੌਖਾ ਹੋ ਜਾਂਦਾ ਹੈ ਜਿਸ ਨਾਲ ਖੇਤੀ ਲਾਗਤ ਖਰਚੇ ਘਟਦੇ ਹਨ ਅਤੇ ਮਜ਼ਦੂਰਾਂ ਤੇ ਨਿਰਭਰਤਾ ਘਟਦੀ ਹੈ।

ਉਨ੍ਹਾਂ ਦੱਸਿਆ ਕਿ ਚੌੜੀ ਵਿੱਥ ਦੀਆਂ ਲਾਈਨਾਂ ਤੇ ਬਿਜਾਈ ਕਰਨ ਨਾਲ ਗੰਨੇ ਦੀ ਫ਼ਸਲ ਨੂੰ ਵਧੇਰੇ ਮਾਤਰਾ ਵਿਚ ਸੂਰਜ ਦੀ ਰੌਸ਼ਨੀ ਅਤੇ ਹਵਾ  ਮਿਲਦੀ ਹੈ ਜਿਸ ਨਾਲ ਗੰਨੇ ਦਾ ਭਾਰ ਅਤੇ ਲੰਬਾਈ ਵਧਦੀ ਹੈ ਜੋਂ ਗੰਨੇ ਦੀ ਪੈਦਾਵਾਰ ਅਤੇ ਖੰਡ ਦੀ ਪੈਦਾਵਾਰ ਨੂੰ ਵਧਾਉਣ ਵਿਚ ਸਹਾਇਕ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਚੌੜੀ ਵਿੱਥ ਵਿਧੀ ਨਾਲ ਬਿਜਾਈ ਕੀਤੀ ਗੰਨੇ ਦੀ ਫ਼ਸਲ ਉੱਪਰ ਕੀੜੇ ਅਤੇ ਬਿਮਾਰੀਆਂ ਦਾ ਹਮਲਾ ਵੀ ਘੱਟ ਹੁੰਦਾ ਹੈ ਅਤੇ ਜੇਕਰ ਕੋਈ ਸਮੱਸਿਆ ਆ ਜਾਵੇ ਤਾਂ ਕੀਟਨਾਸ਼ਕ ,ਉੱਲੀ ਨਾਸ਼ਕ ਅਤੇ ਖਾਦਾਂ ਦਾ ਛਿੜਕਾਅ ਕਰਨਾ ਸੌਖਾ ਹੁੰਦਾ ਹੈ।
ਉਨ੍ਹਾਂ ਕਿਹਾ ਕਿ ਬਹਾਰ ਰੁੱਤ ਦੇ ਗੰਨੇ ਦੀ ਫ਼ਸਲ ਦੀਆਂ ਦੋ ਕਤਾਰਾਂ ਵਿਚਕਾਰ ਜਗ੍ਹਾ ਨੂੰ ਥੋੜ੍ਹੇ ਸਮੇਂ ਦੀਆਂ ਫਸਲਾਂ (ਜਿਵੇਂ ਗਰਮੀ ਰੁੱਤ ਦੀ ਮੂੰਗੀ,ਮਾਂਹ, ਭਿੰਡੀ , ਚਾਰੇ ਲਈ ਮੱਕੀ ਜਾਂ ਮੈਂਥਾ,) ਲੈਣ ਲਈ ਵਰਤਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਦਾਲਾਂ ਵਾਲੀਆਂ ਫ਼ਸਲਾਂ ਦੀ ਖੇਤੀ ਕਰਨ ਨਾਲ ਮਿੱਟੀ ਵਿੱਚ  ਨਾਈਟ੍ਰੋਜਨ ਖੁਰਾਕੀ ਨੂੰ ਠੀਕ ਕਰਨ ਵਿੱਚ ਮਦਦ ਕਰਦੀ ਹੈ ਜਿਸ ਨਾਲ ਯੂਰੀਆ ਖਾਦ ਦੀ ਵਰਤੋਂ ਘਟਦੀ ਹੈ। ਇਸ ਮੌਕੇ ਮੌਜੂਦ  ਅਗਾਂਹਵਧੂ ਕਿਸਾਨ ਆਲਮ ਦੀਪ ਸਿੰਘ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਜਿਸ ਤਰਾਂ ਝੋਨੇ ਦੀ ਬਿਜਾਈ ਕਰਨ ਵਾਲੇ ਕਿਸਾਨਾਂ ਨੁੰ 1500/- ਰੁਪਏ ਪ੍ਰਤੀ ਏਕੜ ਦਿੱਤੇ ਜਾਂਦੇ ਹਨ , ਉਸੇ ਤਰਾਂ ਚੌੜੀ ਵਿੱਥ ਵਿਧੀ ਨਾਲ ਗੰਨੇ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ ਵੀ ਪ੍ਰੋਤਸ਼ਾਹਨ ਰਾਸ਼ੀ ਦਿੱਤੀ ਜਾਵੇ ਤਾਂ ਜੋਂ ਗੰਨੇ ਦੀ ਫ਼ਸਲ ਹੇਠ ਰਕਬਾ ਵਧਾਉਣ ਲਈ ਕਿਸਾਨ ਉਤਸ਼ਾਹਿਤ ਹੋ ਸਕਣ। ਹੋਰਨਾਂ ਤੋਂ ਇਲਾਵਾ ਡਾਕਟਰ ਰਾਜੇਸ਼ ਗੋਇਲ ਪ੍ਰਿੰਸੀਪਲ ਸਾਇੰਟਿਸਟ, ਡਾਕਟਰ ਰਜਿੰਦਰ ਕੁਮਾਰ ਕੀਟ ਪ੍ਰਬੰਧ ਮਾਹਿਰ,ਵਾਈਸ ਪ੍ਰੈਜ਼ੀਡੈਂਟ ਸੁਧੀਰ ਬਾਲੀਆਨ,ਗੰਨਾ ਇੰਸਪੈਕਟਰ ਮੋਹਨ ਸਿੰਘ ਹਾਜ਼ਰ ਸਨ।