
ਮਾਨਸਾ, 9 ਜਨਵਰੀ:- ਮਾਨਸਾ ਵਿੱਚ ਪੰਜਾਬ ਸਰਕਾਰ ਵਲੋਂ ਤਿਆਰ ਸਰਕਾਰੀ ਬਿਰਧ ਆਸ਼ਰਮ “ਸਤਿਕਾਰ ਘਰ” ਭਲਕੇ 10 ਜਨਵਰੀ ਨੂੰ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਪੰਜਾਬ ਡਾ. ਬਲਜੀਤ ਕੌਰ ਵੱਲੋਂ ਲੋਕ ਅਰਪਣ ਕੀਤਾ ਜਾਵੇਗਾ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਨਵਜੋਤ ਕੌਰ, ਆਈ.ਏ.ਐੱਸ. ਨੇ ਦੱਸਿਆ ਕਿ ਇਹ ”ਸਤਿਕਾਰ ਘਰ” ਬਿਰਧ ਆਸ਼ਰਮ 28 ਕਨਾਲ ਜਗ੍ਹਾ ਵਿੱਚ ਉਸਾਰਿਆ ਗਿਆ ਹੈ। 9.12 ਕਰੋੜ ਰੁਪਏ ਦੀ ਲਾਗਤ ਨਾਲ ਇਸ ਤਿੰਨ ਮੰਜ਼ਿਲ ਇਮਾਰਤ ਦੀ ਉਸਾਰੀ ਕੀਤੀ ਗਈ ਹੈ।
ਬਜ਼ੁਰਗਾਂ ਦੀ ਦੇਖਭਾਲ ਕਰਨ ਦੇ ਨਾਲ-ਨਾਲ ਬਿਰਧ ਵਿਅਕਤੀਆਂ ਨੂੰ ਭੋਜਨ, ਮੈਡੀਕਲ ਸਹੂਲਤਾਂ, ਡੇ ਕੇਅਰ, ਲਾਇਬ੍ਰੇਰੀ, ਆਦਿ ਸਹੂਲਤਾਂ ਮੁਫ਼ਤ ਮੁਹੱਈਆ ਕਰਵਾਈਆਂ ਗਈਆਂ ਹਨ। ਇਸ 72 ਬੈਡ ਦੀ ਸਮਰਥਾ ਵਾਲੇ ਆਸ਼ਰਮ ਵਿਚ ਵਿਸ਼ੇਸ਼ ਤੌਰ ‘ਤੇ ਕਰਮਚਾਰੀ ਤਾਇਨਾਤ ਕੀਤੇ ਗਏ ਹਨ ਜਿਹੜੇ ਬਜ਼ੁਰਗਾਂ ਦਾ ਖਿਆਲ ਵੀ ਰੱਖਣਗੇ।
ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਭਲਕੇ ਬਿਰਧ ਆਸ਼ਰਮ ਵਿਖੇ ਮੈਡੀਕਲ ਚੈੱਕਅੱਪ ਕੈਂਪ ਲਗਾਇਆ ਜਾਵੇਗਾ। ਲਾਭਪਾਤਰੀ ਬਜ਼ੁਰਗਾਂ ਨੂੰ ਪੈਨਸ਼ਨ ਪੱਤਰ ਅਤੇ ਟਰਾਈ ਸਾਈਕਲਾਂ ਦੀ ਵੰਡ ਕੀਤੀ ਜਾਵੇਗੀ।
ਇਸ ਤੋਂ ਇਲਾਵਾ ਉਦਘਾਟਨ ਸਮਾਰੋਹ ਦੇ ਨਾਲ ਨਾਲ ਬਿਰਧ ਆਸ਼ਰਮ ਵਿਖੇ ਰਾਜ ਪੱਧਰੀ ਧੀਆਂ ਦੀ ਲੋਹੜੀ ਦਾ ਸਮਾਗਮ ਵੀ ਕਰਵਾਇਆ ਜਾ ਰਿਹਾ ਹੈ ਜਿੱਥੇ 21 ਨਵਜੰਮੀਆਂ ਧੀਆਂ ਦਾ ਸਨਮਾਨ ਕੀਤਾ ਜਾਵੇਗਾ। ਇਸ ਦੇ ਨਾਲ ਹੀ ਵੱਖ ਵੱਖ ਖੇਤਰਾਂ ਵਿਚ ਵਿਸ਼ੇਸ਼ ਪ੍ਰਾਪਤੀਆਂ ਵਾਲੀਆਂ ਕੁੜੀਆਂ, ਸਟੇਟ ਅਤੇ ਨੈਸ਼ਨਲ ਪੱਧਰ ‘ਤੇ ਗੋਲਡ ਮੈਡਲ ਪ੍ਰਾਪਤ ਕਰਨ ਵਾਲੀਆਂ ਖਿਡਾਰਨਾਂ ਅਤੇ ਦਸਵੀਂ ਤੇ ਬਾਰ੍ਹਵੀਂ ਕਲਾਸ ਵਿਚੋਂ ਅੱਵਲ ਆਈਆਂ ਵਿਦਿਆਰਥਣਾਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਨੇ ‘ਸਤਿਕਾਰ ਘਰ’ ਬਿਰਧ ਆਸ਼ਰਮ ਵਿਖੇ ਸਮਾਰੋਹ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਅਤੇ ਤਾਇਨਾਤ ਅਮਲੇ ਨੂੰ ਸਾਰੇ ਸੁਰੱਖਿਆ ਤੇ ਹੋਰ ਪ੍ਰਬੰਧ ਮੁਕੰਮਲ ਕਰਨ ਦੇ ਆਦੇਸ਼ ਦਿੱਤੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਅਨੁਪ੍ਰਿਤਾ ਜੌਹਲ, ਅੰਡਰ ਟਰੇਨਿੰਗ ਆਈ.ਏ.ਐੱਸ. ਗੁਰਲੀਨ ਕੌਰ, ਐਸ.ਡੀ.ਐਮ. ਮਾਨਸਾ ਕਾਲਾ ਰਾਮ ਕਾਂਸਲ, ਐਸ.ਡੀ.ਐਮ. ਸਰਦੂਲਗੜ੍ਰ ਹਰਜਿੰਦਰ ਸਿੰਘ ਜੱਸਲ ਤੇ ਹੋਰ ਅਧਿਕਾਰੀ ਸਾਹਿਬਾਨ ਮੌਜੂਦ ਸਨ।