Thursday, January 15Malwa News
Shadow

ਸਿਵਲ ਸਰਜਨ ਵੱਲੋਂ ਅਚਨਚੇਤ ਚੈਕਿੰਗ ਦੌਰਾਨ ਗੈਰ ਹਾਜ਼ਰ ਸਟਾਫ ਨੂੰ ਕੀਤੀ ਗਈ ਸਖ਼ਤ ਤਾੜਨਾ

ਫ਼ਿਰੋਜ਼ਪੁਰ, 9 ਜਨਵਰੀ (            )                 ਸਿਹਤ ਵਿਭਾਗ ਵਿੱਚ ਪੁਖ਼ਤਾ ਸੁਧਾਰ ਕਰਨ ਦੇ ਮੰਤਵ ਨੂੰ ਲੈ ਕੇ ਅੱਜ ਸਿਵਲ ਸਰਜਨ ਫ਼ਿਰੋਜ਼ਪੁਰ ਡਾ. ਰਾਜੀਵ ਪਰਾਸ਼ਰ ਵੱਲੋਂ  ਸਿਵਲ ਹਸਪਤਾਲ ਫ਼ਿਰੋਜ਼ਪੁਰ ਵਿਖੇ ਅਚਨਚੇਤ ਚੈਕਿੰਗ ਕਰ ਹਲਾਤਾਂ ਦਾ ਜਾਇਜ਼ਾ ਲਿਆ। ਉਹਨਾਂ ਗੈਰ ਹਾਜ਼ਰ ਸਟਾਫ ਨੂੰ ਸਖ਼ਤ ਤਾੜਨਾ ਕੀਤੀ ਕਿ ਸਮੇ ‘ਤੇ ਡਿਊਟੀ ‘ਤੇ ਹਾਜ਼ਰ ਹੋ ਕੇ ਲੋਕਾਂ ਨੂੰ ਸਿਹਤ ਸੇਵਾਵਾ ਦਿਤੀਆ ਜਾਣ ਅਤੇ ਕਿਸੇ ਵੀ ਤਰ੍ਹਾਂ ਦੀ ਵਰਤੀ ਗਈ ਅਣਗਹਿਲੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਜੇਕਰ ਭਵਿੱਖ ਵਿੱਚ ਕੋਈ ਗ਼ੈਰ ਹਾਜ਼ਰ ਪਾਇਆ ਗਿਆ ਤਾਂ ਸਖ਼ਤ ਵਿਭਾਗੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

                   ਇਸ ਦੌਰਾਨ ਉਨ੍ਹਾਂ ਓ.ਪੀ.ਡੀ, ਜੱਚਾ ਬੱਚਾ ਵਾਰਡ, ਨਸ਼ਾ ਛੁਡਾਊ ਕੇਂਦਰ ਸਮੇਤ ਵੱਖ-ਵੱਖ ਵਾਰਡਾਂ ਦਾ ਦੌਰਾ ਕੀਤਾ ਗਿਆ। ਡਿਪਟੀ ਕਮਿਸ਼ਨਰ ਵਲੋਂ ਜੱਚਾ ਬੱਚਾ ਸਿਹਤ ਸੇਵਾਵਾ ਵਿੱਚ ਹੋਰ ਸੁਧਾਰ ਕਰਨ ਦੇ ਮੰਤਵ ਨੂੰ ਲੈ ਬੀਤੇ ਦਿਨੀਂ ਸਿਹਤ ਵਿਭਾਗ ਦੇ ਅਧਿਕਾਰੀਆ ਨਾਲ ਮੀਟਿੰਗ ਕੀਤੀ ਸੀ। ਡਿਪਟੀ ਕਮਿਸ਼ਨਰ ਵਲੋਂ ਲਈ ਮੀਟਿੰਗ ਉਪਰੰਤ ਅੱਜ ਐਕਸ਼ਨ ਮੋਡ ਵਿੱਚ ਨਜ਼ਰ ਆਏ, ਜਿਸ ਤਹਿਤ ਸਿਵਲ ਸਰਜਨ ਵਲੋਂ ਸਿਵਲ ਹਸਪਤਾਲ਼ ਦੀ ਚੈਕਿੰਗ ਕੀਤੀ ਗਈ।

                 ਇਸ ਦੌਰਾਨ ਜਿੱਥੇ ਉਨ੍ਹਾਂ ਸਿਵਲ ਹਸਪਤਾਲ ਵਿਖੇ ਮੌਜੂਦ ਮਰੀਜ਼ਾਂ ਦਾ ਹਾਲ ਜਾਣਿਆ ਉੱਥੇ ਹੀ ਜੱਚਾ ਬੱਚਾ ਵਾਰਡ ਵਿੱਚ ਗਰਭਵਤੀ ਮਹਿਲਾਵਾਂ ਅਤੇ ਨਵਜੰਮੇ ਬੱਚਿਆਂ ਨੂੰ ਮਿਲ ਰਹੀਆਂ ਸਿਹਤ ਸਹੂਲਤਾਂ ਦੀ ਸਮੀਖਿਆਂ ਕੀਤੀ। ਇਸ ਉਪਰੰਤ ਉਨ੍ਹਾਂ ਨਸ਼ਾ ਛੁਡਾਊ ਕੇਂਦਰ ਵਿੱਚ ਮਰੀਜਾਂ ਦੀ ਸਾਰ ਲਈ ਇਸ ਦੇ ਨਾਲ ਹੀ ਸਿਵਲ ਸਰਜਨ ਵਲੋਂ ਫਾਰਮੇਸੀ ਵਿਚ ਵੀ ਚੈਕਿੰਗ ਕੀਤੀ।  

                      ਆਪਣੇ ਇਸ ਦੌਰੇ ਬਾਰੇ ਜਾਣਕਾਰੀ ਸਾਂਝੀ ਕਰਦਿਆ ਡਾ. ਰਾਜੀਵ ਪਰਾਸ਼ਰ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਲੋਕਾਂ ਨੂੰ ਮਿਆਰੀ ਪੱਧਰ ਦੀਆਂ ਸਿਹਤ ਸੇਵਾਵਾਂ ਮੁਹੱਈਆਂ ਕਰਵਾਉਣ ਲਈ ਦਿਨ ਰਾਤ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਤਹਿਤ ਉਨ੍ਹਾਂ ਵੱਲੋਂ ਲਗਾਤਾਰ ਸਿਹਤ ਕੇਂਦਰ ਦੇ ਦੌਰੇ ਕਰਕੇ ਵੱਧ ਤੋਂ ਵੱਧ ਸੁਧਾਰ ਕੀਤਾ ਜਾਵੇਗਾ ਅਤੇ ਮਰੀਜਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਦਰਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਉਨ੍ਹਾਂ ਡਾ. ਨਿੱਖਿਲ ਐਸ.ਐਮ.ਓ. ਨੂੰ ਹਸਪਤਾਲਾਂ ਵਿੱਚ ਸਾਫ਼ ਸਫ਼ਾਈ ਦਾ ਵੀ ਪੂਰਾ ਧਿਆਨ ਰੱਖਣ ਦੀ ਹਦਾਇਤ ਕੀਤੀ।