Wednesday, November 12Malwa News
Shadow

ਬਟਾਲਾ ਤੋਂ ਜੱਗੂ ਭਗਵਾਨਪੁਰੀਆ ਗੈਂਗ ਦਾ ਸਰਗਰਮ ਮੈਂਬਰ ਗ੍ਰਿਫ਼ਤਾਰ; ਦੋ ਆਧੁਨਿਕ ਪਿਸਤੌਲ ਬਰਾਮਦ

ਚੰਡੀਗੜ੍ਹ/ਬਟਾਲਾ, 12 ਨਵੰਬਰ:_ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਚਲਾਈ ਜਾ ਰਹੀ ਮੁਹਿੰਮ ਦੌਰਾਨ ਵੱਡੀ ਸਫਲਤਾ ਤਹਿਤ ਗੈਂਗਸਟਰ ਵਿਰੋਧੀ ਟਾਸਕ ਫੋਰਸ (ਏ.ਜੀ.ਟੀ.ਐਫ.) ਪੰਜਾਬ ਨੇ ਬਟਾਲਾ ਪੁਲਿਸ ਨਾਲ ਸਾਂਝੇ ਆਪ੍ਰੇਸ਼ਨ ਵਿੱਚ ਜੱਗੂ ਭਗਵਾਨਪੁਰੀਆ ਗੈਂਗ ਦੇ ਇੱਕ ਸਰਗਰਮ ਮੈਂਬਰ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਸ ਦੇ ਕਬਜ਼ੇ ਚੋਂ ਦੋ ਆਧੁਨਿਕ ਪਿਸਤੌਲ ਬਰਾਮਦ ਕੀਤੇ ਹਨ। ਇਹ ਜਾਣਕਾਰੀ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਬੁੱਧਵਾਰ ਨੂੰ ਇੱਥੇ ਦਿੱਤੀ।

ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਗੁਰਲਵ ਸਿੰਘ ਉਰਫ਼ ਲਵ ਰੰਧਾਵਾ ਵਾਸੀ  ਉਜਾਗਰ ਨਗਰ , ਬਟਾਲਾ ਵਜੋਂ ਹੋਈ ਹੈ। ਬਰਾਮਦ ਕੀਤੇ ਗਏ ਪਿਸਤੌਲਾਂ ਵਿੱਚ ਇੱਕ ਜ਼ੇਗਾਨਾ ਪਿਸਤੌਲ ਸਮੇਤ ਮੈਗਜ਼ੀਨ ਅਤੇ ਤਿੰਨ ਜਿੰਦਾ ਕਾਰਤੂਸ ਅਤੇ ਇੱਕ .30 ਬੋਰ ਪਿਸਤੌਲ ਸਮੇਤ ਦੋ ਮੈਗਜ਼ੀਨ ਤੇ 13 ਜਿੰਦਾ ਕਾਰਤੂਸ ਸ਼ਾਮਲ ਹਨ।

ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਕੀਤਾ ਗਿਆ ਮੁਲਜ਼ਮ ਆਪਣੇ ਵਿਦੇਸ਼ੀ ਹੈਂਡਲਰ ਅੰਮ੍ਰਿਤ ਦਾਲਮ ਦੇ ਨਿਰਦੇਸ਼ਾਂ `ਤੇ ਕੰਮ ਕਰਦਾ ਸੀ।

ਡੀਜੀਪੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਅਗਲੇ-ਪਿਛਲੇ ਸਬੰਧ ਸਥਾਪਤ ਕਰਨ ਲਈ ਹੋਰ ਜਾਂਚ ਕੀਤੀ ਜਾ ਰਹੀ ਹੈ।

ਆਪ੍ਰੇਸ਼ਨ ਸੰਬੰਧੀ ਵੇਰਵੇ ਸਾਂਝੇ ਕਰਦੇ ਹੋਏ, ਏ.ਜੀ.ਟੀ.ਐਫ. ਦੇ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਏਡੀਜੀਪੀ) ਪ੍ਰਮੋਦ ਬਾਨ ਨੇ ਦੱਸਿਆ ਕਿ ਪੁਖ਼ਤਾ ਇਤਲਾਹ `ਤੇ ਕਾਰਵਾਈ ਕਰਦੇ ਹੋਏ, ਡੀਐਸਪੀ ਏ.ਜੀ.ਟੀ.ਐਫ. ਰਾਜਨ ਪਰਮਿੰਦਰ ਦੀ ਅਗਵਾਈ ਹੇਠ ਏਜੀਟੀਐਫ ਦੀਆਂ ਪੁਲਿਸ ਟੀਮਾਂ ਨੇ ਬਟਾਲਾ ਪੁਲਿਸ ਨਾਲ ਸਾਂਝੀ ਕਾਰਵਾਈ ਤਹਿਤ ਬਟਾਲਾ ਦੇ 60- ਫੁੱਟੇ ਕਾਦੀਆਂ ਰੋਡ ਦੇ ਟੀ-ਪੁਆਇੰਟ ਤੋਂ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਹੈ।

ਸੀਨੀਅਰ ਪੁਲਿਸ ਸੁਪਰਡੈਂਟ (ਐਸ.ਐਸ.ਪੀ.) ਬਟਾਲਾ ਸੁਹੇਲ ਕਾਸਿਮ ਮੀਰ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤਾ ਮੁਲਜ਼ਮ ਗੁਰਲਵ ਉਰਫ਼ ਲਵ ਰੰਧਾਵਾ ਦਾ ਅਪਰਾਧਿਕ ਪਿਛੋਕੜ ਹੈ ਅਤੇ ਉਹ ਅਸਲਾ ਐਕਟ, ਚੋਰੀ-ਠੱਗੀ ਅਤੇ ਮਨੁੱਖੀ ਜਾਨ ਨੂੰ ਖਤਰੇ ਵਿੱਚ ਪਾਉਣ ਦੇ ਮਾਮਲਿਆਂ ਵਿੱਚ ਸ਼ਾਮਲ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਸਬੰਧੀ ਹੋਰ ਜਾਂਚ ਜਾਰੀ ਹੈ।

ਇਸ ਸਬੰਧ ਵਿੱਚ, ਬਟਾਲਾ ਦੇ ਸਿਵਲ ਲਾਈਨਜ਼ ਪੁਲਿਸ ਸਟੇਸ਼ਨ ਵਿਖੇ ਅਸਲਾ ਐਕਟ ਦੀ ਧਾਰਾ 25 ਤਹਿਤ ਐਫਆਈਆਰ ਨੰਬਰ 342 ਮਿਤੀ 11.11.2025 ਨੂੰ ਕੇਸ ਦਰਜ ਕੀਤਾ ਗਿਆ ਹੈ।