Friday, November 7Malwa News
Shadow

ਲੁਧਿਆਣਾ ਨਗਰ ਨਿਗਮ ਵੱਲੋਂ ਦੂਸ਼ਿਤ ਪਾਣੀ ਸਬੰਧੀ ਸ਼ਿਕਾਇਤਾਂ ਵਿੱਚ 48 ਫੀਸਦ ਗਿਰਾਵਟ ਦਰਜ: ਡਾ. ਰਵਜੋਤ ਸਿੰਘ

ਚੰਡੀਗੜ੍ਹ, 12 ਅਕਤੂਬਰ:

ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਸਿੰਘ ਨੇ ਅੱਜ ਇੱਥੇ ਦੱਸਿਆ ਕਿ ਸ਼ਹਿਰ ਦੇ ਹਰ ਘਰ ਨੂੰ ਸਾਫ਼ ਪੀਣ ਯੋਗ ਪਾਣੀ ਦੀ ਸਪਲਾਈ ਯਕੀਨੀ ਬਣਾਉਣ ਲਈ ਵਚਨਬੱਧ ਨਗਰ ਨਿਗਮ ਲੁਧਿਆਣਾ ਨੇ  ਦੂਸ਼ਿਤ ਪਾਣੀ ਦੇ ਮਾਮਲਿਆਂ ਨੂੰ ਕਾਫ਼ੀ ਹੱਦ ਤੱਕ ਘਟਾਉਣ ਵਿੱਚ ਮਹੱਤਵਪੂਰਨ ਸਫ਼ਲਤਾ ਹਾਸਲ ਕੀਤੀ ਹੈ।

ਪਾਣੀ ਦੀ ਵੰਡ ਦੇ ਨੈੱਟਵਰਕ ਨੂੰ ਬਿਹਤਰ ਬਣਾਉਣ ਦੇ ਉਦੇਸ਼ ਨਾਲ ਚੁੱਕੇ ਗਏ ਠੋਸ ਕਦਮਾਂ ਦੇ ਸਕਾਰਾਤਮਕ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ, ਜਿਸ ਨਾਲ  ਦੂਸ਼ਿਤ ਪਾਣੀ ਸਬੰਧੀ ਸ਼ਿਕਾਇਤਾਂ 2022-23 ਵਿੱਚ 608 ਤੋਂ ਘੱਟ ਕੇ 2025 ਵਿੱਚ 318 ਰਹਿ ਗਈਆਂ ਹਨ। ਉਨ੍ਹਾਂ ਪੁਸ਼ਟੀ ਕੀਤੀ ਕਿ ਸਾਰੀਆਂ ਸ਼ਿਕਾਇਤਾਂ ਦਾ ਸਥਾਈ ਤੌਰ ‘ਤੇ ਹੱਲ ਕਰ ਦਿੱਤਾ ਗਿਆ ਹੈ।

ਡਾ. ਰਵਜੋਤ ਸਿੰਘ ਨੇ ਕਿਹਾ ਕਿ ਨਿਵਾਸੀਆਂ ਨੂੰ ਸਾਫ਼ ਤੇ ਸੁਰੱਖਿਅਤ ਪੀਣ ਵਾਲਾ ਪਾਣੀ ਪ੍ਰਦਾਨ ਕਰਨਾ ਸਥਾਨਕ ਸਰਕਾਰਾਂ ਵਿਭਾਗ ਲਈ ਦੀ ਪ੍ਰਮੁੱਖ ਤਰਜੀਹ ਹੈ। ਉਨ੍ਹਾਂ ਸਾਂਝਾ ਕੀਤਾ ਕਿ 2024 ਵਿੱਚ 12.6 ਕਿਲੋਮੀਟਰ ਨਵੀਆਂ ਸਪਲਾਈ ਲਾਈਨਾਂ ਵਿਛਾਈਆਂ ਗਈਆਂ ਸਨ, ਜਦੋਂ ਕਿ 2025 ਵਿੱਚ ਪੁਰਾਣੀਆਂ ਅਤੇ ਖਰਾਬ ਪਾਈਪਲਾਈਨਾਂ ਨੂੰ ਬਦਲ ਕੇ 20 ਕਿਲੋਮੀਟਰ ਤੋਂ ਵੱਧ ਨਵੀਆਂ ਵਾਟਰ ਸਪਲਾਈ ਲਾਈਨਾਂ ਵਿਛਾਈਆਂ ਗਈਆਂ ਹਨ। ਇਨ੍ਹਾਂ ਪ੍ਰੋਜੈਕਟਾਂ ਨੇ ਸ਼ਹਿਰ ਭਰ ਵਿੱਚ ਪਾਣੀ ਦੀ ਗੁਣਵੱਤਾ ਅਤੇ ਭਰੋਸੇਯੋਗਤਾ ਵਿੱਚ ਨਿਰੰਤਰ ਸੁਧਾਰ ਨੂੰ ਯਕੀਨੀ ਬਣਾਇਆ ਹੈ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਢੰਡਾਰੀ ਖੁਰਦ, ਜਮਾਲਪੁਰ ਅਵਾਣਾ, ਇੱਸਾ ਨਗਰੀ, ਸ਼ੇਰਪੁਰ ਖੁਰਦ, ਸ਼ਾਂਤੀ ਨਗਰ, ਟੈਗੋਰ ਨਗਰ, ਜਵੱਦੀ, ਸੁਨੇਤ, ਪੰਜਾਬੀ ਬਾਗ, ਕਰਮਸਰ ਕਲੋਨੀ, ਖੁੱਡ ਮੁਹੱਲਾ, ਸੇਖੇਵਾਲ, ਜੈਨ ਕਲੋਨੀ, ਮਾਇਆਪੁਰੀ, ਮੋਹਰ ਸਿੰਘ ਨਗਰ, ਢੰਡਾਰੀ ਕਲਾਂ, ਦੁੱਗਰੀ ਫੇਜ਼-2, ਵਿਕਾਸ ਨਗਰ ਸਮੇਤ ਹੋਰ ਇਲਾਕਿਆਂ ਵਿੱਚ ਵੱਡੇ ਪੱਧਰ ‘ਤੇ ਸੁਧਾਰ ਕਾਰਜ ਕੀਤੇ ਗਏ ਹਨ।

ਉਨ੍ਹਾਂ ਦੱਸਿਆ ਕਿ ਨਗਰ ਨਿਗਮ ਪੁਰਾਣੀਆਂ ਸਪਲਾਈ ਲਾਈਨਾਂ ਬਾਕਾਇਦਾ ਬਦਲਦਾ ਰਹਿੰਦਾ ਹੈ, ਪਰ ਫਿਰ ਵੀ ਜੰਗਾਲ ਲੱਗੇ ਨਿੱਜੀ ਕੁਨੈਕਸ਼ਨਾਂ ਅਤੇ ਗੈਰ-ਕਾਨੂੰਨੀ ਸੀਵਰੇਜ ਲਿੰਕਾਂ ਕਰਕੇ ਦੂਸ਼ਿਤ ਪਾਣੀ ਦੀਆਂ ਘਟਨਾਵਾਂ ਅਕਸਰ ਹੁੰਦੀਆਂ ਰਹਿੰਦੀਆਂ ਹਨ, ਜਿਨ੍ਹਾਂ ਦੀ ਪਛਾਣ ਕਰਕੇ ਇਸਨੂੰ ਪਹਿਲ ਦੇ ਆਧਾਰ ‘ਤੇ ਠੀਕ ਕੀਤਾ ਜਾ ਰਿਹਾ ਹੈ।

ਡਾ. ਰਵਜੋਤ ਸਿੰਘ ਨੇ ਅੱਗੇ ਕਿਹਾ ਕਿ ਸਾਡਾ ਮਿਸ਼ਨ ਇਹ ਯਕੀਨੀ ਬਣਾਉਣਾ ਹੈ ਕਿ ਲੁਧਿਆਣਾ ਦੇ ਹਰੇਕ ਘਰ ਨੂੰ ਬਿਨਾਂ ਕਿਸੇ ਰੁਕਾਵਟ ਦੇ ਸਾਫ਼ ਪੀਣ ਯੋਗ ਪਾਣੀ ਮਿਲੇ ਅਤੇ ਇਸ ਟੀਚੇ ਪ੍ਰਾਪਤੀ ਲਈ ਲੋੜ ਅਨੁਸਾਰ ਨਵੇਂ ਪ੍ਰੋਜੈਕਟ ਸ਼ੁਰੂ ਕੀਤੇ ਜਾ ਰਹੇ ਹਨ।

ਸਥਾਨਕ ਸਰਕਾਰਾਂ ਮੰਤਰੀ ਨੇ ਅੱਗੇ ਕਿਹਾ ਕਿ ਪਾਣੀ ਦੇ ਦੂਸ਼ਿਤ ਹੋਣ ਸਬੰਧੀ ਨਗਰ ਨਿਗਮ ਨੂੰ ਪ੍ਰਾਪਤ ਹੋਈਆਂ ਸਾਰੀਆਂ ਸ਼ਿਕਾਇਤਾਂ ਦਾ ਸਥਾਈ ਤੌਰ ‘ਤੇ ਹੱਲ ਕਰ ਦਿੱਤਾ ਗਿਆ ਹੈ ਅਤੇ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ ਕਿ ਸ਼ਹਿਰ ਦੇ ਹਰ ਘਰ ਨੂੰ ਸਾਫ਼ ਪੀਣ ਯੋਗ ਪਾਣੀ ਦੀ ਸਪਲਾਈ ਯਕੀਨੀ ਬਣਾਈ ਜਾਵੇ। ਇਸ ਟੀਚੇ ਦੀ ਪ੍ਰਾਪਤੀ ਲਈ ਲੋੜ ਮੁਤਾਬਕ ਨਵੀਆਂ ਜਲ ਸਪਲਾਈ ਲਾਈਨਾਂ ਲਗਾਉਣ ਲਈ ਹੋਰ ਪ੍ਰੋਜੈਕਟ ਵੀ ਅਮਲ ਵਿੱਚ ਲਿਆਂਦੇ ਜਾ ਰਹੇ ਹਨ।