Friday, November 7Malwa News
Shadow

ਸਰਹੱਦ ਪਾਰੋਂ ਹਥਿਆਰ ਅਤੇ ਨਸ਼ਾ ਤਸਕਰੀ ਵਿੱਚ ਸ਼ਾਮਲ ਇੱਕ ਨਾਬਾਲਗ ਸਮੇਤ ਪੰਜ ਵਿਅਕਤੀ 12 ਪਿਸਤੌਲਾਂ, 1.5 ਕਿਲੋਗ੍ਰਾਮ ਹੈਰੋਇਨ ਨਾਲ ਗ੍ਰਿਫਤਾਰ


ਚੰਡੀਗੜ/ਅੰਮ੍ਰਿਤਸਰ, 2 ਅਕਤੂਬਰ:
– ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਚੱਲ ਰਹੀ ਮੁਹਿੰਮ ਦੌਰਾਨ ਵੱਡੀ ਸਫਲਤਾ ਤਹਿਤ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਇੱਕ ਨਾਬਾਲਗ ਸਮੇਤ ਪੰਜ ਕਾਰਕੁਨਾ ਨੂੰ 12 ਆਧੁਨਿਕ .30 ਬੋਰ ਪਿਸਤੌਲਾਂ ਅਤੇ 1.5 ਕਿਲੋਗ੍ਰਾਮ ਹੈਰੋਇਨ ਨਾਲ ਗ੍ਰਿਫਤਾਰ ਕਰਕੇ ਪਾਕਿਸਤਾਨ ਨਾਲ ਜੁੜੇ  ਸਰਹੱਦ ਪਾਰ ਦੇ ਹਥਿਆਰ ਅਤੇ ਨਸ਼ਾ ਤਸਕਰੀ ਨੈੱਟਵਰਕ ਨੂੰ ਬੇਅਸਰ ਕਰ ਦਿੱਤਾ ਹੈ । ਇਹ ਜਾਣਕਾਰੀ ਪੰਜਾਬ ਦੇ ਡਾਇਰੈਕਟਰ ਜਨਰਲ ਆਫ ਪੁਲਿਸ (ਡੀਜੀਪੀ) ਗੌਰਵ ਯਾਦਵ ਨੇ ਅੱਜ ਇੱਥੇ ਦਿੱਤੀ।  

ਗਿ੍ਫਤਾਰ ਕੀਤੇ ਗਏ ਵਿਅਕਤੀਆਂ ਵਿੱਚ ਜੋਬਨ ਸਿੰਘ (22), ਕਰਨਦੀਪ ਸਿੰਘ ਉਰਫ ਪੰਡਿਤ (19) ਅਤੇ ਅਜੈਪਾਲ ਸਿੰਘ (18), ਤਿੰਨੋਂ ਵਾਸੀ ਪਿੰਡ ਮਾੜੀ ਮੇਘਾ, ਤਰਨਤਾਰਨ ; ਅੰਮ੍ਰਿਤਸਰ ਦੇ ਪਿੰਡ ਰਣੀਆ ਦਾ ਜਸ਼ਨਪ੍ਰੀਤ ਸਿੰਘ (18) ਅਤੇ 16 ਸਾਲਾ ਨਾਬਾਲਗ ਵਜੋਂ ਹੋਈ ਹੈ।

ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗਿ੍ਫਤਾਰ ਕੀਤੇ ਗਏ ਦੋਸ਼ੀ, ਜੋਬਨ ਸਿੰਘ ਅਤੇ ਜਸ਼ਨਪ੍ਰੀਤ ਸਿੰਘ, ਪਾਕਿਸਤਾਨ ਸਥਿਤ ਤਸਕਰਾਂ ਦੇ ਸਿੱਧੇ ਸੰਪਰਕ ਵਿੱਚ ਸਨ ਅਤੇ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀਆਂ ਖੇਪਾਂ ਪ੍ਰਾਪਤ ਕਰਨ ਅਤੇ ਪਹੁੰਚਾਉਣ ਲਈ ਸੋਸ਼ਲ ਮੀਡੀਆ ਰਾਹੀਂ ਸੰਚਾਰ ਕਰ ਰਹੇ ਸਨ। ਉਨਾਂ ਕਿਹਾ ਕਿ ਹਥਿਆਰਾਂ ਦੀਆਂ ਇਹ ਖੇਪਾਂ ਪੰਜਾਬ ਵਿੱਚ ਅੰਤਰ-ਗੈਂਗ ਦਸ਼ਮਣੀਆਂ ਨੂੰ ਹਵਾ ਦੇਣ ਲਈ ਵਰਤੀਆਂ ਜਾਣੀਆਂ ਸਨ।

ਡੀਜੀਪੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਅਗਲੇ-ਪਿਛਲੇ ਸਬੰਧ ਸਥਾਪਤ ਕਰਨ ਲਈ ਹੋਰ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਪੂਰੇ ਗਠਜੋੜ ਦਾ ਪਰਦਾਫਾਸ਼ ਕੀਤਾ ਜਾ ਸਕੇ।

ਪੁਲਿਸ ਕਮਿਸ਼ਨਰ (ਸੀਪੀ) ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਾਰਵਾਈ ਦੇ ਵੇਰਵੇ ਸਾਂਝੇ ਕਰਦਿਆਂ ਕਿਹਾ ਕਿ ਗੇਟ ਹਕੀਮਾ ਖੇਤਰ ਵਿੱਚ ਲਗਾਏ ਇੱਕ ਨਾਕੇ ਤੇ ਪੁਲਿਸ ਟੀਮਾਂ ਨੇ ਸ਼ੱਕੀ ਜੋਬਨ ਸਿੰਘ, ਕਰਨਦੀਪ ਸਿੰਘ ਉਰਫ ਪੰਡਿਤ ਅਤੇ ਅਜੈਪਾਲ ਸਿੰਘ ਨੂੰ ਗ੍ਰਿਫਤਾਰ ਕੀਤਾ ਅਤੇ ਉਨਾਂ ਦੇ ਕਬਜੇ ਚੋਂ ਪੰਜ .30 ਬੋਰ ਪਿਸਤੌਲ ਬਰਾਮਦ ਕੀਤੇ । ਗ੍ਰਿਫਤਾਰ ਕੀਤੇ ਗਏ ਤਿੰਨੋਂ ਮੁਲਜਮ ਇੱਕੋ ਪਿੰਡ ਮਾੜੀ ਮੇਘਾ, ਜੋ ਕਿ ਅੰਤਰਰਾਸ਼ਟਰੀ ਸਰਹੱਦ ਦੇ ਨੇੜੇ ਸਥਿਤ ਹੈ, ਦੇ ਰਹਿਣ ਵਾਲੇ ਹਨ । ਉਨਾਂ ਕਿਹਾ ਕਿ ਪਾਕਿਸਤਾਨ ਸਥਿਤ ਤਸਕਰ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਖੇਪ ਸੁੱਟਣ ਲਈ ਡਰੋਨ ਦੀ ਵਰਤੋਂ ਕਰਦੇ ਸਨ।

ਸੀਪੀ ਨੇ ਕਿਹਾ ਕਿ ਖੁਲਾਸਿਆਂ ਦੇ ਆਧਾਰ ‘ਤੇ, ਗਿ੍ਰਫਤਾਰ ਕੀਤੇ ਗਏ ਮੁਲਜ਼ਮ ਜੋਬਨ ਸਿੰਘ ਦੇ ਸਾਥੀਆਂ – ਜਸ਼ਨਪ੍ਰੀਤ ਸਿੰਘ ਅਤੇ ਇੱਕ ਨਾਬਾਲਗ – ਨੂੰ ਨਾਮਜ਼ਦ ਕਰਕੇ  ਸੱਤ ਪਿਸਤੌਲਾਂ ਸਮੇਤ ਗ੍ਰਿਫਤਾਰ ਕੀਤਾ ਗਿਆ । ਜੋਬਨ ਸਿੰਘ ਤੋਂ ਲਗਾਤਾਰ ਪੁੱਛਗਿੱਛ ਕਰਨ ‘ਤੇ, ਉਸ  ਵੱਲੋਂ ਛੁਪਾ ਕੇ ਰੱਖੀ ਹੋਈ 1.5 ਕਿਲੋ ਹੈਰੋਇਨ ਦੀ ਖੇਪ ਬਾਰੇ ਵੀ ਖੁਲਾਸਾ ਹੋਇਆ, ਜੋ ਕਿ ਉਸ ਦੁਆਰਾ ਦੱਸੇ ਗਏ ਟਿਕਾਣੇ ਤੋਂ ਬਰਾਮਦ ਕਰ ਲਈ ਗਈ ।

ਇਸ ਸਬੰਧ ਵਿੱਚ, ਅੰਮ੍ਰਿਤਸਰ ਦੇ ਪੁਲਿਸ ਸਟੇਸ਼ਨ ਗੇਟ ਹਕੀਮਾ ਵਿਖੇ ਅਸਲਾ ਐਕਟ ਦੀ ਧਾਰਾ 25 ਅਤੇ ਐਨਡੀਪੀਐਸ ਐਕਟ ਦੀ ਧਾਰਾ 21-ਸੀ ਅਤੇ 29 ਤਹਿਤ ਐਫਆਈਆਰ ਨੰਬਰ 269 ਮਿਤੀ 28-09-2025 ਕੇਸ ਦਰਜ ਕੀਤਾ ਗਿਆ ਹੈ।