
ਫ਼ਰੀਦਕੋਟ, 23 ਸਤੰਬਰ – ਬਾਬਾ ਫ਼ਰੀਦ ਆਗਮਨ ਪੁਰਬ ਨੂੰ ਸਮਰਪਿਤ 14ਵੇਂ ਕਬੱਡੀ ਕੱਪ ਦਾ ਆਯੋਜਨ ਸਥਾਨਕ ਨਹਿਰੂ ਸਟੇਡੀਅਮ ਵਿਖੇ ਬਾਬਾ ਫਰੀਦ ਸਪੋਰਟਸ ਕਬੱਡੀ ਕਲੱਬ ਵੱਲੋਂ ਕੀਤਾ ਗਿਆ। ਇਸ ਮੌਕੇ ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਅਤੇ ਵਿਧਾਇਕ ਸ. ਗੁਰਦਿੱਤ ਸਿੰਘ ਸੇਖੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਕੇ ਖਿਡਾਰੀਆਂ ਨੂੰ ਉਤਸ਼ਾਹਿਤ ਕੀਤਾ ਅਤੇ ਉਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੀ।
ਸਪੀਕਰ ਸ.ਸੰਧਵਾਂ ਨੇ ਕਿਹਾ ਕਿ ਪੰਜਾਬ ਨੂੰ ਖੇਡਾਂ ਵਿੱਚ ਮੋਹਰੀ ਸੂਬਾ ਬਣਾਉਣ ਲਈ ਪੰਜਾਬ ਸਰਕਾਰ ਲਗਾਤਾਰ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਇਹ ਤਾਂ ਹੀ ਸੰਭਵ ਹੈ ਜੇਕਰ ਨੌਜਵਾਨ ਪੀੜੀ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਵੱਲ ਉਤਸ਼ਾਹਿਤ ਹੋਵੇਗੀ। ਉਨ੍ਹਾਂ ਟੂਰਨਾਮੈਂਟ ਕਮੇਟੀ ਨੂੰ ਇਕ ਲੱਖ ਰੁਪਏ ਦੇਣ ਦਾ ਐਲਾਨ ਕੀਤਾ।
ਇਸ ਮੌਕੇ ਆਪਣੇ ਸੰਬੋਧਨ ਵਿਚ ਵਿਧਾਇਕ ਸ. ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਖੇਡਾਂ ਸਾਡਾ ਸਰਵਪੱਖੀ ਵਿਕਾਸ ਕਰਦੀਆਂ ਹਨ। ਜਦੋਂ ਖਿਡਾਰੀ ਦੂਰ ਦੁਰਾਡੇ ਖੇਡਣ ਜਾਂਦੇ ਹਨ ਤਾਂ ਉਹ ਉਥੋਂ ਬਹੁਤ ਕੁਝ ਸਿੱਖਦੇ ਹਨ। ਖੇਡਾਂ ਸਾਡੇ ਅੰਦਰ ਅੱਗੇ ਵਧਣ ਅਤੇ ਜਿੱਤ ਪ੍ਰਾਪਤ ਕਰਨ ਦੀ ਭਾਵਨਾ ਪੈਦਾ ਕਰਦੀਆਂ ਹਨ।
ਕੱਲ ਹੋਏ ਮੁਕਾਬਲਿਆਂ ਵਿੱਚ ਕਬੱਡੀ ਆਲ ਓਪਨ, 75 ਕਿਲੋ ਵਰਗ, 57 ਕਿਲੋ ਵਰਗ ਅਤੇ ਕਬੱਡੀ ਓਪਨ ਲੜਕੀਆਂ ਦੇ ਮੁਕਾਬਲੇ ਕਰਵਾਏ ਗਏ । 75 ਕਿਲੋ ਵਰਗ ਵਿੱਚ ਡੱਗੂ ਰੁਮਾਣਾ ਨੇ ਪਹਿਲਾ ਸਥਾਨ ਅਤੇ ਸਿੱਖਾਂ ਵਾਲਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। 57 ਕਿਲੋ ਵਰਗ ਵਿੱਚ ਮੁੱਦਕੀ ਨੇ ਪਹਿਲਾ ਸਥਾਨ ਅਤੇ ਦੂਜਾ ਸਥਾਨ ਮਾਲ੍ਹਾ ਨੇ ਹਾਸਿਲ ਕੀਤਾ। ਆਲ ਓਪਨ ਵਿੱਚ ਗੱਗੀ ਲੋਪੋ ਸਪੋਰਟਸ ਕਲੱਬ ਨੇ ਪਹਿਲਾ ਸਥਾਨ ਅਤੇ ਜੰਗ ਸਪੋਰਟਸ ਕਲੱਬ ਬਾਘਾਪੁਰਾਣਾ ਨੇ ਦੂਜਾ ਸਥਾਨ ਹਾਸਿਲ ਕੀਤਾ। ਆਲ ਓਪਨ ਵਿੱਚ ਬੈਸਟ ਰੇਡਰ ਕਾਕਾ ਸੇਖਾ ਅਤੇ ਬੈਸਟ ਜਾਫੀ ਕਾਲਾ ਮਾਲ੍ਹਾ ਅਤੇ ਲੜਕੀਆਂ ਦੇ ਓਪਨ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਦੁਆਬਾ ਅਤੇ ਦੂਜਾ ਸਥਾਨ ਮਾਲਵਾ ਨੇ ਪ੍ਰਾਪਤ ਕੀਤਾ।
ਇਸ ਮੌਕੇ ਅਮਨਦੀਪ ਸਿੰਘ (ਬਾਬਾ) ਸਿੰਘ ਚੇਅਰਮੈਨ ਮਾਰਕੀਟ ਕਮੇਟੀ ਫਰੀਦਕੋਟ, ਰਮਨਜੀਤ ਸਿੰਘ ਮੁਮਾਰਾ ਚੇਅਰਮੈਨ ਮਾਰਕੀਟ ਕਮੇਟੀ ਸਾਦਿਕ, ਸ.ਸੁਖਜੀਤ ਸਿੰਘ ਢਿਲਵਾਂ, ਸੁਖਵੰਤ ਸਿੰਘ ਪੱਕਾ ਅਤੇ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ।