Friday, September 19Malwa News
Shadow

ਹਰਦੀਪ ਸਿੰਘ ਮੁੰਡੀਆਂ ਨੇ 2.19 ਕਰੋੜ ਰੁਪਏ ਦੇ ਛੇ ਮੁੱਖ ਸੜਕੀ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ

ਚੰਡੀਗੜ੍ਹ/ਲੁਧਿਆਣਾ, 19 ਸਤੰਬਰ:– ਸੜਕੀ ਸੰਪਰਕ ਵਧਾਉਣ ਅਤੇ ਬੁਨਿਆਦੀ ਢਾਂਚੇ ਨੂੰ ਹੁਲਾਰਾ ਦੇਣ ਲਈ ਪੰਜਾਬ ਦੇ ਮਾਲ ਮੰਤਰੀ ਸ. ਹਰਦੀਪ ਸਿੰਘ ਮੁੰਡੀਆਂ ਨੇ ਅੱਜ 2.19 ਕਰੋੜ ਰੁਪਏ ਦੇ ਛੇ ਮੁੱਖ ਸੜਕ ਵਿਕਾਸ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ।

ਇਨ੍ਹਾਂ ਪ੍ਰਾਜੈਕਟਾਂ ਵਿੱਚ ਭਾਮੀਆਂ ਖ਼ੁਰਦ ਤੋਂ ਸ਼ੰਕਰ ਕਾਲੋਨੀ ਸੜਕ, ਭਾਮੀਆਂ ਸੜਕ ਤੋਂ ਤਾਜਪੁਰ ਸੜਕ, ਜੇਲ ਰੋਡ, ਉੱਚੀ ਮੰਗਲੀ ਤੋਂ ਐਲ.ਸੀ ਸੜਕ, ਗੋਬਿੰਦਗੜ੍ਹ ਤੋਂ ਉੱਚੀ ਮੰਗਲੀ ਅਤੇ ਜੀ.ਟੀ ਰੋਡ ਤੋਂ ਪਹੁੰਚ ਸੜਕ ਸ਼ਾਮਲ ਹਨ।

ਸ. ਮੁੰਡੀਆਂ ਨੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਸੂਬੇ ਦੇ ਲੋਕਾਂ ਨੂੰ ਵਿਸ਼ਵ-ਪੱਧਰੀ ਸੜਕ ਬੁਨਿਆਦੀ ਢਾਂਚਾ ਪ੍ਰਦਾਨ ਕਰਨ ਦੀ ਵਚਨਬੱਧਤਾ ‘ਤੇ ਜ਼ੋਰ ਦਿੰਦਿਆਂ ਕਿਹਾ, “ਇਹ ਪ੍ਰਾਜੈਕਟ ਸੜਕੀ ਸੰਪਰਕ ਵਧਾਉਣ, ਵੱਖ-ਵੱਖ ਸਥਾਨਾਂ ਤੱਕ ਪਹੁੰਚ ਵਿੱਚ ਹੋਰ ਸੁਧਾਰ ਲਿਆਉਣ ਅਤੇ ਲੋਕਾਂ ਦੀ ਸੁਚਾਰੂ ਯਾਤਰਾ ਨੂੰ ਯਕੀਨੀ ਬਣਾਉਣ ਲਈ ਤਿਆਰ ਕੀਤੇ ਗਏ ਹਨ।” ਉਨ੍ਹਾਂ ਭਰੋਸਾ ਦਿੱਤਾ ਕਿ ਲੋਕਾਂ ਦੀ ਸਹੂਲਤ ਦੇ ਮੱਦੇਨਜ਼ਰ ਇਨ੍ਹਾਂ ਪ੍ਰਾਜੈਕਟਾਂ ਨੂੰ ਜਲਦੀ ਪੂਰਾ ਕੀਤਾ ਜਾਵੇਗਾ।

ਕੈਬਨਿਟ ਮੰਤਰੀ ਨੇ ਕਿਹਾ ਕਿ ਇਹ ਪ੍ਰਾਜੈਕਟ ਆਉਣ-ਜਾਣ ਨੂੰ ਆਸਾਨ ਬਣਾਉਣਗੇ, ਸਥਾਨਕ ਆਰਥਿਕ ਗਤੀਵਿਧੀਆਂ ਨੂੰ ਹੁਲਾਰਾ ਦੇਣਗੇ ਅਤੇ ਸਾਹਨੇਵਾਲ ਹਲਕੇ ਦੇ ਸਮੁੱਚੇ ਵਿਕਾਸ ਵਿੱਚ ਅਹਿਮ ਯੋਗਦਾਨ ਪਾਉਣਗੇ।