Friday, September 19Malwa News
Shadow

ਲਾਲਜੀਤ ਸਿੰਘ ਭੁੱਲਰ ਵੱਲੋਂ ਕੈਦੀਆਂ ਨੂੰ ਹੁਨਰ ਸਿਖਲਾਈ ਦੇਣ ਲਈ 11 ਜੇਲ੍ਹਾਂ ਵਿੱਚ ਆਈਟੀਆਈਜ਼ ਦਾ ਉਦਘਾਟਨ

ਚੰਡੀਗੜ੍ਹ, 16 ਸਤੰਬਰ:– ਪੰਜਾਬ ਦੇ ਜੇਲ੍ਹ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨੇ ਅੱਜ ਕੇਂਦਰੀ ਜੇਲ੍ਹ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਇੱਕ ਮਹੱਤਵਪੂਰਨ ਸੁਧਾਰ ਪਹਿਲਕਦਮੀ ਦੇ ਹਿੱਸੇ ਵਜੋਂ ਉਦਯੋਗਿਕ ਸਿਖਲਾਈ ਸੰਸਥਾ (ਆਈ.ਟੀ.ਆਈ.) ਦਾ ਉਦਘਾਟਨ ਕੀਤਾ, ਜਿਸ ਤਹਿਤ ਸੂਬੇ ਭਰ ਦੀਆਂ 11 ਜੇਲ੍ਹਾਂ ਵਿੱਚ ਆਈ.ਟੀ.ਆਈਜ਼ ਸਥਾਪਤ ਕੀਤੇ ਗਏ ਹਨ।

ਸਮਾਗਮ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਨੇ ਦੱਸਿਆ ਕਿ ਤਕਨੀਕੀ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਪੰਜਾਬ ਦੇ ਜੇਲ੍ਹ ਵਿਭਾਗ ਨੇ 9 ਕੇਂਦਰੀ ਜੇਲ੍ਹਾਂ ਅਤੇ 2 ਮਹਿਲਾ ਜੇਲ੍ਹਾਂ ਵਿੱਚ ਇਹ ਆਈ.ਟੀ.ਆਈਜ਼ ਸਥਾਪਤ ਕੀਤੇ ਹਨ।

ਜੇਲ੍ਹ ਮੰਤਰੀ ਨੇ ਕਿਹਾ ਕਿ ਇਸ ਹੁਨਰ ਵਿਕਾਸ ਮੁਹਿੰਮ ਤਹਿਤ ਲਗਭਗ 2500 ਕੈਦੀ ਸਿਖਲਾਈ ਪ੍ਰਾਪਤ ਕਰਨਗੇ, ਜਿਨ੍ਹਾਂ ਵਿੱਚੋਂ 1000 ਲੰਬੇ ਸਮੇਂ ਦੇ ਕੋਰਸ ਕਰਨਗੇ ਅਤੇ 1500 ਥੋੜ੍ਹੇ ਸਮੇਂ ਦੇ ਕੋਰਸਾਂ ਦੀ ਸਿਖਲਾਈ ਲੈਣਗੇ।

ਉਨ੍ਹਾਂ ਕਿਹਾ ਕਿ ਇਹ ਆਈ.ਟੀ.ਆਈਜ਼ ਕੈਦੀਆਂ ਨੂੰ ਉਨ੍ਹਾਂ ਦੀ ਰਿਹਾਈ ਤੋਂ ਬਾਅਦ ਸਨਮਾਨਜਨਕ ਜੀਵਨ ਵਾਸਤੇ ਤਿਆਰ ਕਰਨ ਦੇ ਉਦੇਸ਼ ਨਾਲ ਕਿੱਤਾਮੁਖੀ ਸਿੱਖਿਆ ਪ੍ਰਦਾਨ ਕਰਨਗੀਆਂ। ਇਹ ਸੰਸਥਾਵਾਂ ਪਲੰਬਿੰਗ, ਇਲੈਕਟ੍ਰੀਸ਼ੀਅਨ, ਬੇਕਿੰਗ, ਵੈਲਡਿੰਗ, ਲੱਕੜ ਦਾ ਕੰਮ, ਕੌਸਮੈਟੋਲੋਜੀ, ਕੰਪਿਊਟਰ ਤਕਨਾਲੋਜੀ ਅਤੇ ਕਈ ਹੋਰ ਟਰੇਡਾਂ ਵਿੱਚ ਇੱਕ ਸਾਲ ਦੇ ਕੋਰਸਾ ਦੀ ਪੇਸ਼ਕਸ਼ ਕਰਨਗੀਆਂ।

ਉਨ੍ਹਾਂ ਅੱਗੇ ਕਿਹਾ ਕਿ ਇਹ ਪਹਿਲਕਦਮੀ ਕੈਦੀਆਂ ਨੂੰ ਰੋਜ਼ਗਾਰ ਦੇ ਹੁਨਰਾਂ ਨਾਲ ਲੈਸ ਕਰਕੇ ਜੇਲ੍ਹਾਂ ਨੂੰ ਸਿਰਫ਼ ਕੈਦ ਦੀ ਬਜਾਏ ਮੁੜ ਵਸੇਬਾ ਅਤੇ ਸੁਧਾਰ ਕੇਂਦਰਾਂ ‘ਚ ਬਦਲਣ ਦੀ ਕੋਸ਼ਿਸ਼ ਹੈ।

ਸ. ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਪੰਜਾਬ ਸਰਕਾਰ ਇਹ ਯਕੀਨੀ ਬਣਾਉਣ ਲਈ ਵਚਨਬੱਧ ਹੈ ਕਿ ਜੇਲ੍ਹਾਂ ਤਬਦੀਲੀ ਦੇ ਕੇਂਦਰਾਂ ਵਜੋਂ ਕੰਮ ਕਰਨ ਅਤੇ ਕੈਦੀਆਂ ਨੂੰ ਮੁੱਖ ਸਮਾਜ ਦੀ ਮੁੱਖ ਧਾਰਾ ਵਿੱਚਜੋੜ ਲਈ ਉਸਾਰੂ ਭੂਮਿਕਾ ਨਿਭਾਉਣ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਜੇਲ੍ਹ ਦੇ ਅੰਦਰ ਹੁਨਰ ਸਿਖਲਾਈ ਅਤੇ ਸਿੱਖਿਆ ਪ੍ਰਦਾਨ ਕਰਨ ਦੀ ਇਹ ਪਹਿਲ ਕੈਦੀਆਂ ਲਈ ਭਵਿੱਖ ਦੇ ਨਵੇਂ ਰਾਹ ਖੋਲ੍ਹੇਦਿਆਂ ਮੁੜ ਅਪਰਾਧ ਦਰ ਨੂੰ ਘਟਾਉਣ ਵਿੱਚ ਮਦਦ ਕਰੇਗੀ।

ਉਨ੍ਹਾਂ ਅੱਗੇ ਕਿਹਾ ਕਿ ਇਹ ਪਹਿਲਕਦਮੀ ਸਰਕਾਰ ਦੇ “ਸਿੱਖਿਆ ਅਤੇ ਹੁਨਰ ਵਿਕਾਸ ਰਾਹੀਂ ਮੁੜ ਵਸੇਬੇ” ਦੇ ਵਿਆਪਕ ਦ੍ਰਿਸ਼ਟੀਕੋਣ ਨਾਲ ਮੇਲ ਖਾਂਦੀ ਹੈ ਅਤੇ ਯਕੀਨੀ ਬਣਾਉਂਦੀ ਹੈ ਕਿ ਕੈਦੀਆਂ ਨੂੰ ਆਪਣੀ ਸਜ਼ਾ ਪੂਰੀ ਕਰਨ ਤੋਂ ਬਾਅਦ ਇੱਕ ਸਨਮਾਨਜਨਕ ਜੀਵਨ ਜਿਊਣ ਦਾ ਉਚਿਤ ਮੌਕਾ ਦਿੱਤਾ ਜਾਵੇ।