
ਰੋਪੜ, 14 ਸਤੰਬਰ : ਅੱਜ ਕੇਂਦਰੀ ਮੰਤਰੀ ਐਲ ਮੁਰੂਗਨ ਨੇ ਰੋਪੜ ਇਲਾਕੇ ਵਿਚ ਹੜ੍ਹਾਂ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲਿਆ। ਇਸ ਦੌਰਾਨ ਇਲਾਕੇ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਮੀਟਿੰਗ ਵਿਚ ਹਲਕੇ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਦਿਨੇਸ਼ ਚੱਢਾ ਨੇ ਕੇਂਦਰੀ ਰਾਜ ਮੰਤਰੀ ਨੂੰ ਇਲਾਕੇ ਦੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ।
ਹਲਕਾ ਵਿਧਾਇਕ ਨੇ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਇਲਾਕੇ ਦੀਆਂ ਸੜਕਾਂ ਅਤੇ ਹੋਰ ਇਨਫਰਾਸਟਰੱਕਚਰ ਦਾ ਪ੍ਰਬੰਧ ਪੂਰੀ ਤਰਾਂ ਨਹੀਂ ਕੀਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਸਾਲ 2023 ਵਿਚ ਹੜ੍ਹ ਆਏ ਸੀ ਅਤੇ ਉਸ ਮੌਕੇ ਟੁੱਟੀਆਂ ਸੜਕਾਂ ਅਜੇ ਤੱਕ ਨਵੀਆਂ ਨਹੀਂ ਬਣਾਈਆਂ ਜਾ ਸਕੀਆਂ। ਉਨ੍ਹਾਂ ਨੇ ਕਿਹਾ ਕਿ ਇਹ ਇਲਾਕਾ ਆਸ ਪਾਸ ਦੇ ਸਾਰੇ ਰਾਜਾਂ ਦੀ ਮਾਰ ਝੱਲਦਾ ਹੈ, ਪਰ ਕੇਂਦਰ ਸਰਕਾਰ ਵਲੋਂ ਇਸ ਇਲਾਕੇ ਨੂੰ ਬਣਦੀਆਂ ਸਹੂਲਤਾਂ ਨਹੀਂ ਦਿੱਤੀਆਂ ਜਾ ਰਹੀਆਂ।
ਵਿਧਾਇਕ ਦਿਨੇਸ਼ ਚੱਢਾ ਨੇ ਮੰਤਰੀ ਤੋਂ ਮੰਗ ਕੀਤੀ ਕਿ ਰਾਜ ਸਰਕਾਰ ਦਾ ਬਕਾਇਆ ਰਹਿੰਦਾ 60 ਹਜਾਰ ਕਰੋੜ ਰੁਪਿਆ ਤੁਰੰਤ ਜਾਰੀ ਕੀਤਾ ਜਾਵੇ। ਇਸ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਹਿਲਾਂ ਹੀ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਚੁੱਕੇ ਹਨ। ਉਨ੍ਹਾਂ ਨੇ ਮੰਗ ਕੀਤੀ ਕਿ ਐਸ ਡੀ ਆਰ ਐਫ ਦੀਆਂ ਦਰਾਂ ਵਿਚ ਤਬਦੀਲੀ ਕਰਕੇ ਹੜ੍ਹ ਪੀੜਤਾਂ ਨੂੰ ਬਣਦਾ ਮੁਆਵਜਾ ਜਾਰੀ ਕੀਤਾ ਜਾਵੇ।