Saturday, November 8Malwa News
Shadow

ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਵਲੋਂ ਬਲਾਕ ਮਲੋਟ ਦੇ ਪਿੰਡਾਂ ਰੱਥੜੀਆਂ, ਭਲੇਰੀਆਂ, ਚੱਕ ਤਾਮਕੋਟ ਅਤੇ ਦਬੜਾ ਵਿਖੇ ਵੱਖ-ਵੱਖ ਕੰਮਾਂ ਦੇ ਕੀਤੇ ਉਦਘਾਟਨ

 ਮਲੋਟ/ ਸ੍ਰੀ ਮੁਕਤਸਰ ਸਾਹਿਬ, 03 ਸਤੰਬਰ– ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਦੇ ਦਿਸ਼ਾ ਨਿਰਦੇਸ਼ ਹੇਠ ਅੱਜ ਮਲੋਟ ਹਲਕੇ ਦੇ ਪਿੰਡ ਦਾਨੇਵਾਲਾ ਵਿਖੇ ਲੋਕਾਂ ਦੀ ਸੁਵਿਧਾ ਲਈ ਲੋਕ ਭਲਾਈ ਕੈਂਪ ਲਗਾਇਆ ਗਿਆ। ਇਸ ਤੋਂ ਇਲਾਵਾ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਬਲਾਕ ਮਲੋਟ ਦੇ ਪਿੰਡਾਂ ਰੱਥੜੀਆਂ, ਭਲੇਰੀਆਂ, ਚੱਕ ਤਾਮਕੋਟ ਅਤੇ ਦਬੜਾ ਵਿਖੇ ਵੱਖ-ਵੱਖ ਕੰਮਾਂ ਦਾ ਉਦਘਾਟਨ ਕੀਤਾ।

ਪਿੰਡ ਦਾਨੇਵਾਲਾ ਵਿਖੇ ਲਗਾਏ ਕੈਂਪ ਸਬੰਧੀ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਇਸ ਕੈਂਪ ਵਿੱਚ ਸ਼ਗਨ ਸਕੀਮ, ਬੁਢਾਪਾ ਪੈਨਸ਼ਨ, ਜਾਤੀ ਕਾਰਡ, ਉਡਾਨ ਸਕੀਮ, ਔਰਤਾਂ ਦਾ ਮੁਫ਼ਤ ਚੈਕਅੱਪ ਆਦਿ ਹੋਰ ਵੀ ਕਈ ਸਕੀਮਾਂ ਸਬੰਧੀ ਲੋਕ ਆਪਣੇ ਪਿੰਡ ਵਿੱਚ ਹੀ ਫ਼ਾਇਦਾ ਲੈ ਸਕਦੇ ਹਨ, ਉਨ੍ਹਾਂ ਨੂੰ ਦਫ਼ਤਰਾਂ ਵਿੱਚ ਜਾਣ ਦੀ ਲੋੜ ਨਹੀਂ ਹੈ।

ਬਾਲ ਵਿਆਹ ਬਾਰੇ ਬੋਲਦਿਆਂ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਇਹ ਇੱਕ ਸ਼ਰਾਪ ਹੈ ਜਿਸ ਵਿੱਚ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦਾ ਵਿਆਹ ਕਰ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਇਹ ਨਹੀਂ ਹੋਣ ਦੇਵਾਂਗੇ, ਇਸ ਨਾਲ ਬੱਚਿਆਂ ਤੇ ਪਰਿਵਾਰਕ ਅਤੇ ਸਰੀਰਕ ਬੋਝ ਪੈਂਦਾ ਹੈ। ਉਨ੍ਹਾਂ ਪਿੰਡ ਦਾਨੇਵਾਲਾ ਬਾਰੇ ਹੋਰ ਗੱਲ ਕਰਦਿਆਂ ਕਿਹਾ ਕਿ ਪਿੰਡ ਵਿੱਚ ਭੈਣਾਂ ਲਈ ਸਿਲਾਈ ਸੈਂਟਰ ਵੀ ਖੋਲੇ ਜਾਣਗੇ ਅਤੇ ਪਿੰਡ ‘ਚ 5-5 ਮਰਲਿਆਂ ਦੇ ਤਕਰੀਬਨ 100 ਪਲਾਟ ਵੀ ਕੱਟੇ ਜਾਣਗੇ।

ਡਾ. ਬਲਜੀਤ ਕੌਰ ਨੇ ਪਿੰਡ ਰੱਥੜੀਆਂ ਵਿਖੇ ਗੁਰਦੁਆਰਾ ਸਾਹਿਬ ਵਾਲੀ ਗਲੀ ਵਿੱਚ ਇੰਟਰਲੌਕ ਟਾਇਲਾਂ ਲਗਾਉਣ, ਆਂਗਣਵਾੜੀ ਸੈਂਟਰ ਦੀ ਬਿਲਡਿੰਗ ਪੂਰੀ ਕਰਨ, 35 ਲੱਖ ਰੁਪਏ ਦੀ ਲਾਗਤ ਨਾਲ ਹੈਲਥ ਐਂਡ ਵੈਲਨੈੱਸ ਸੈਂਟਰ ਦੀ ਉਸਾਰੀ ਦੇ ਕੰਮ ਅਤੇ 5 ਲੱਖ ਰੁਪਏ ਦੀ ਲਾਗਤ ਨਾਲ ਹੋਣ ਵਾਲੀ ਨਵੇਂ ਬੱਸ ਅੱਡੇ ਦੀ ਇਮਾਰਤ ਦੀ ਉਸਾਰੀ ਦਾ ਨੀਂਹ ਪੱਥਰ ਰੱਖਿਆ।

ਇਸ ਤੋਂ ਇਲਾਵਾ ਕੈਬਨਿਟ ਮੰਤਰੀ ਨੇ ਪਿੰਡ ਭਲੇਰੀਆਂ ਅਤੇ ਚੱਕ ਤਾਮਕੋਟ ਵਿਖੇ ਇੰਟਰਲੌਕ ਟਾਇਲਾਂ ਲਗਾਉਣ, ਪਿੰਡ ਦਬੜਾ ਵਿਖੇ ਇੰਟਰਲੌਕ ਟਾਇਲਾਂ, ਐਸ.ਸੀ. ਧਰਮਸ਼ਾਲਾ ਦੀ ਮੁਰੰਮਤ ਅਤੇ ਰੂਮ ਦੀ ਉਸਾਰੀ ਕਰਨ ਦਾ ਨੀਂਹ ਪੱਥਰ ਰੱਖਿਆ। ਇਸੇ ਦੌਰਾਨ ਉਨ੍ਹਾਂ ਪਿੰਡਾਂ ਦੇ ਲੋਕਾਂ ਦੀਆਂ ਮੁਸ਼ਕਿਲਾਂ ਵੀ ਸੁਣੀਆਂ ਅਤੇ ਜਲਦ ਹੱਲ ਕਰਵਾਉਣ ਦਾ ਭਰੋਸਾ ਦਿੱਤਾ।

ਇਸ ਮੌਕੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਰਤਨਦੀਪ ਸੰਧੂ, ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਡਾ. ਸ਼ਿਵਾਨੀ ਨਾਗਪਾਲ , ਜ਼ਿਲ੍ਹਾ ਭਲਾਈ ਅਫ਼ਸਰ ਜਗਮੋਹਨ ਸਿੰਘ ਮਾਨ, ਬੀ.ਡੀ.ਪੀ.ਓ. ਭੁਪਿੰਦਰ ਸਿੰਘ, ਨਿੱਜੀ ਸਕੱਤਰ ਅਰਸ਼ਦੀਪ ਸਿੰਘ ਸਿੱਧੂ, ਸਰਪੰਚ ਦਾਨੇਵਾਲਾ ਸੁੱਖਪਾਲ ਸਿੰਘ, ਸਰਪੰਚ ਰੱਥੜੀਆਂ ਕਰਮਜੀਤ ਕੌਰ, ਸਰਪੰਚ ਭਲੇਰੀਆਂ ਜਗਰਾਜ ਸਿੰਘ, ਸਰਪੰਚ ਚੱਕ ਤਾਮਕੋਟ ਵੀਰਪਾਲ ਕੌਰ, ਸਰਪੰਚ ਦਬੜਾ ਗੁਰਜੰਟ ਸਿੰਘ ਅਤੇ ਪੰਚਾਇਤ ਮੈਂਬਰ ਹਾਜ਼ਰ ਸਨ।