Wednesday, September 24Malwa News
Shadow

ਮੁੱਖ ਮੰਤਰੀ ਭਗਵੰਤ ਮਾਨ ਵਲੋਂ ਜਸਵਿੰਦਰ ਭੱਲਾ ਦੇ ਅਕਾਲ ਚਲਾਣੇ ‘ਤੇ ਦੁੱਖ ਪ੍ਰਗਟ

ਚੰਡੀਗੜ੍ਹ, 22 ਅਗਸਤ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪ੍ਰਸਿੱਧ ਕਮੇਡੀਅਨ ਜਸਵਿੰਦਰ ਭੱਲਾ ਦੇ ਅਚਾਨਕ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਭਗਵੰਤ ਸਿੰਘ ਮਾਨ ਨੇ ਆਪਣੇ ਸੋਸ਼ਲ ਮੀਡੀਆ ਹੈਡਲ ਐਕਸ ‘ਤੇ ਪੋਸਟ ਪਾ ਕੇ ਲਿਖਿਆ ਹੈ ‘ਜਸਵਿੰਦਰ ਭੱਲਾ ਜੀ ਦੇ ਅਚਾਨਕ ਇਸ ਦੁਨੀਆਂ ਤੋਂ ਚਲੇ ਜਾਣਾ ਬੇਹੱਦ ਅਫਸੋਸਜਨਕ ਹੈ.. ਛਣਕਾਟਿਆਂ ਦੀ ਛਣਕਾਰ ਬੰਦ ਹੋਣ ‘ਤੇ ਮਨ ਉਦਾਸ ਹੈ.. ਵਾਹਿਗੁਰੂ ਚਰਨਾਂ ਚ ਨਿਵਾਸ ਬਖਸ਼ਣ.. ਚਾਚਾ ਚਤਰਾ ਹਮੇਸ਼ਾਂ ਸਾਡੇ ਦਿਲਾਂ ‘ਚ ਵਸਦੇ ਰਹਿਣਗੇ..’। ਭਗਵੰਤ ਸਿੰਘ ਮਾਨ ਦੇ ਇਹ ਭਾਵੁਕ ਸ਼ਬਦ ਪੰਜਾਬੀ ਦੇ ਪ੍ਰਸਿੱਧ ਕਮੇਡੀਅਨ ਜਸਵਿੰਦਰ ਭੱਲਾ ਨੂੰ ਸ਼ਰਧਾਂਜਲੀ ਹੈ।

ਤੁਹਾਨੂੰ ਦੱਸ ਦੇਈਏ ਪੰਜਾਬੀ ਦੇ ਪ੍ਰਸਿੱਧ ਕਮੇਡੀ ਕਲਾਕਾਰ ਜਸਵਿੰਦਰ ਭੱਲਾ ਪਿਛਲੇ ਕੁੱਝ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ ਅਤੇ ਅੱਜ ਚੰਡੀਗੜ੍ਹ ਦੇ ਫੋਰਟਿਸ ਹਸਪਤਾਲ ਵਿਚ ਉਨ੍ਹਾਂ ਨੇ ਆਖਰੀ ਸਾਹ ਲਏ। ਜਸਵਿੰਦਰ ਭੱਲਾ ਪਹਿਲਾਂ ਸਕੂਲ ਅਧਿਆਪਕ ਸਨ ਅਤੇ ਸਾਲ 1988 ਵਿਚ ਉਨ੍ਹਾਂ ਨੇ ਕਮੇਡੀਅਨ ਵਜੋਂ ਪਛਾਣ ਬਣਾਈ। ਸਾਲ 1988 ਵਿਚ ਉਨ੍ਹਾਂ ਦੀ ਪਹਿਲੀ ਕਮੇਡੀ ਕੈਸੇਟ ‘ਛਣਕਾਟਾ 88’ ਮਾਰਕੀਟ ਵਿਚ ਆਈ ਸੀ, ਜਿਸ ਨੇ ਚਾਰੇ ਪਾਸੇ ਧੁੰਮਾਂ ਪਾ ਦਿੱਤੀਆਂ। ਇਸ ਆਡੀਓ ਕੈਸੇਟ ਨਾਲ ਮਾਰਕੀਟ ਵਿਚ ਆਏ ਜਸਵਿੰਦਰ ਭੱਲਾ ਦੇ ਕੈਰੀਅਰ ਦੌਰਾਨ ਹੀ ਵੀਡੀਓ ਦਾ ਯੁੱਗ ਸ਼ੁਰੂ ਹੋਇਆ ਅਤੇ ਉਹ ਉਦੋਂ ਤੋਂ ਹੁਣ ਤੱਕ ਪੰਜਾਬ ਕਮੇਡੀ ਦੇ ਸੁਪਰ ਸਟਾਰ ਰਹੇ।