Monday, September 22Malwa News
Shadow

ਤਰਨਤਾਰਨ ਦੀ ਜ਼ਿਮਨੀ ਚੋਣ ਦੇ ਮੱਦੇਨਜ਼ਰ ਭਾਰਤੀ ਚੋਣ ਕਮਿਸ਼ਨ ਨੇ ਵੋਟਰ ਸੂਚੀ ਦੀ ਵਿਸ਼ੇਸ਼ ਸੰਖੇਪ ਸੋਧ ਦਾ ਸ਼ਡਿਊਲ ਕੀਤਾ ਜਾਰੀ : ਸਿਬਿਨ ਸੀ

ਚੰਡੀਗੜ੍ਹ, 20 ਅਗਸਤ:

ਭਾਰਤੀ ਚੋਣ ਕਮਿਸ਼ਨ ਨੇ 21-ਤਰਨਤਾਰਨ ਵਿਧਾਨ ਸਭਾ ਹਲਕੇ ਲਈ ਹੋਣ ਵਾਲੀ ਜ਼ਿਮਨੀ ਚੋਣ ਦੇ ਮੱਦੇਨਜ਼ਰ ਵੋਟਰ ਸੂਚੀ ਦੀ ਵਿਸ਼ੇਸ਼ ਸੰਖੇਪ ਸੋਧ ਲਈ ਸ਼ਡਿਊਲ ਜਾਰੀ ਕੀਤਾ ਹੈ।

ਇਸ ਸਬੰਧੀ ਵੇਰਵੇ ਸਾਂਝੇ ਕਰਦਿਆਂ ਪੰਜਾਬ ਦੇ ਮੁੱਖ ਚੋਣ ਅਧਿਕਾਰੀ  ਸਿਬਿਨ ਸੀ ਨੇ ਦੱਸਿਆ ਕਿ ਸੰਖੇਪ ਸੋਧ 1 ਜੁਲਾਈ 2025 (ਯੋਗਤਾ ਮਿਤੀ ਮੰਨਦਿਆਂ) ਤੋਂ ਕੀਤੀ ਜਾਵੇਗੀ ਅਤੇ ਇਹ ਪ੍ਰਕਿਰਿਆ ਹੇਠਾਂ ਦਿੱਤੀ ਸਮਾਂ-ਸੀਮਾ ਅਨੁਸਾਰ ਹੋਵੇਗੀ:

1. 28 ਅਗਸਤ 2025 (ਵੀਰਵਾਰ) ਤੱਕ ਪੋਲਿੰਗ ਸਟੇਸ਼ਨਾਂ ਦੀ ਰੈਸ਼ਨਲਾਈਜ਼ੇਸ਼ਨ
2. 2 ਸਤੰਬਰ 2025 (ਮੰਗਲਵਾਰ) ਨੂੰ ਏਕੀਕ੍ਰਿਤ ਡਰਾਫਟ ਵੋਟਰ ਸੂਚੀ ਦਾ ਪ੍ਰਕਾਸ਼ਨ
3. ਦਾਅਵੇ ਅਤੇ ਇਤਰਾਜ਼ ਦਾਇਰ ਕਰਨ ਦੀ ਮਿਆਦ 2 ਸਤੰਬਰ 2025 (ਮੰਗਲਵਾਰ) ਤੋਂ 17 ਸਤੰਬਰ 2025 (ਬੁੱਧਵਾਰ) ਤੱਕ
4. ਦਾਅਵਿਆਂ ਅਤੇ ਇਤਰਾਜ਼ਾਂ ਦਾ ਨਿਪਟਾਰਾ 25 ਸਤੰਬਰ 2025 (ਵੀਰਵਾਰ) ਤੱਕ
5. ਵੋਟਰ ਸੂਚੀ ਦਾ ਅੰਤਿਮ ਪ੍ਰਕਾਸ਼ਨ 30 ਸਤੰਬਰ 2025 (ਮੰਗਲਵਾਰ) ਨੂੰ

  ਪੰਜਾਬ ਦੇ ਮੁੱਖ ਚੋਣ ਅਧਿਕਾਰੀ  ਸਿਬਿਨ ਸੀ ਨੇ ਅੱਗੇ ਦੱਸਿਆ ਕਿ ਤਰਨ ਤਾਰਨ ਵਿਧਾਨ ਸਭਾ ਹਲਕੇ ਲਈ ਵਿਸ਼ੇਸ਼ ਸੰਖੇਪ ਸੋਧ ਸਬੰਧੀ ਪੰਜਾਬ ਦੀਆਂ ਸਾਰੀਆਂ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਨੂੰ ਪਹਿਲਾਂ ਹੀ ਵਿਸਤ੍ਰਿਤ ਜਾਣਕਾਰੀ ਜਾਰੀ ਕੀਤੀ ਜਾ ਚੁੱਕੀ ਹੈ।

ਵੱਧ ਤੋਂ ਵੱਧ ਚੋਣ ਭਾਗੀਦਾਰੀ ਨੂੰ ਯਕੀਨੀ ਬਣਾਉਣ ਲਈ ਕਮਿਸ਼ਨ ਦੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ, ਸਿਬਿਨ ਸੀ ਨੇ ਕਿਹਾ ਕਿ ਚੋਣ ਕਮਿਸ਼ਨ ਹਰੇਕ ਯੋਗ ਵੋਟਰ ਦਾ ਨਾਂ ਦਰਜ ਕਰਨ ਅਤੇ ਉਸ ਦੇ ਜਮਹੂਰੀ ਅਧਿਕਾਰ ਦੀ ਵਰਤੋਂ ਕਰਨ ਦਾ ਮੌਕਾ ਪ੍ਰਦਾਨ ਕਰਨ ਲਈ ਸਮਰਪਿਤ ਹੈ। ਵਿਸ਼ੇਸ਼ ਸੰਖੇਪ ਸੋਧ ਇਹ ਯਕੀਨੀ ਬਣਾਉਣ ਦੀ ਦਿਸ਼ਾ ਵੱਲ ਇੱਕ ਮਹੱਤਵਪੂਰਨ ਕਦਮ ਹੈ ਕਿ ਤਰਨ ਤਾਰਨ ਵਿੱਚ ਜ਼ਿਮਨੀ ਚੋਣ ਤੋਂ ਪਹਿਲਾਂ ਸਾਰੀਆਂ ਵੋਟਰ ਸੂਚੀਆਂ ਦਰੁਸਤ ਅਤੇ ਪਾਰਦਰਸ਼ੀ ਹੋਣ। ਉਨ੍ਹਾਂ ਕਿਹਾ ਕਿ ਤਰਨ ਤਾਰਨ ਦੇ ਵੋਟਰਾਂ ਨੂੰ ਅਪੀਲ ਹੈ ਕਿ ਉਹ ਆਪਣੀਆਂ ਐਂਟਰੀਆਂ ਦੀ ਸਰਗਰਮੀ ਨਾਲ ਪੁਸ਼ਟੀ ਕਰਨ, ਲੋੜ ਪੈਣ ’ਤੇ ਦਾਅਵੇ ਜਾਂ ਇਤਰਾਜ਼ ਦਾਇਰ ਕਰਨ, ਅਤੇ ਸੁਧਾਰ ਅਤੇ ਨਾਮਾਂਕਣ ਲਈ ਇਸ ਸਮਾਂ ਸਾਰਣੀ ਦੀ ਵਰਤੋਂ ਕਰਨ।