Friday, November 7Malwa News
Shadow

ਹਰਭਜਨ ਸਿੰਘ ਈ.ਟੀ.ਓ. ਵੱਲੋਂ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਸਟੱਡੀ ਟੂਰ ਤੇ ਵਿਦੇਸ਼ ਭੇਜਣ ਲਈ ਪ੍ਰਸਤਾਵ ਤਿਆਰ ਕਰਨ ਦੇ ਹੁਕਮ

ਚੰਡੀਗੜ੍ਹ : 20 ਜੂਨ

ਪੰਜਾਬ ਦੇ ਲੋਕ ਨਿਰਮਾਣ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ. ਨੇ ਵਿਭਾਗ ਦੇ ਅਧਿਕਾਰੀਆਂ ਨੂੰ ਸਟੱਡੀ ਟੂਰ ਤੇ ਭੇਜਣ ਲਈ ਪ੍ਰਸਤਾਵ ਤਿਆਰ ਕਰਨ ਦਾ ਹੁਕਮ ਦਿੱਤਾ ਹੈ। ਉਹ ਅੱਜ ਇੱਥੇ ਪੰਜਾਬ ਰਾਜ ਰੋਡ ਐਂਡ ਬ੍ਰਿਜਸ ਡਿਵੈਲਪਮੈਂਟ ਬੋਰਡ (ਪੀ.ਆਰ.ਬੀ.ਡੀ.ਬੀ.) ਦੇ ਅਧਿਕਾਰੀਆਂ ਦੀ ਇਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ।

ਉਹਨਾਂ ਕਿਹਾ ਕਿ ਇਹਨਾਂ ਅਧਿਕਾਰੀਆਂ ਨੂੰ ਟਿਕਾਊ ਕਿਸਮ ਦੀਆਂ ਸੜਕਾਂ ਦੇ ਨਿਰਮਾਣ ਅਤੇ ਰੱਖ ਰਖਾਵ ਸਬੰਧੀ ਵਿੱਦਿਅਕ ਟੂਰ ਤੇ ਭੇਜਣ ਲਈ ਪ੍ਰਸਤਾਵ ਤਿਆਰ ਕੀਤਾ ਜਾਵੇ ਅਤੇ ਅਧਿਕਾਰੀਆਂ ਨੂੰ ਉਨ੍ਹਾਂ ਵਿਦੇਸ਼ੀ ਮੁਲਕਾਂ ਵਿੱਚ ਭੇਜਿਆ ਜਾਵੇ ਜੋ ਕਿ ਸੜਕ ਨਿਰਮਾਣ, ਰੱਖ-ਰਖਾਵ ਅਤੇ ਸੜਕ ਸੁਰੱਖਿਆ ਦੇ ਮਾਮਲੇ ਵਿੱਚ ਮੋਹਰੀ ਹਨ।

ਮੀਟਿੰਗ ਦੌਰਾਨ ਉਨ੍ਹਾਂ ਬੋਰਡ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ 30.06.2025 ਤੱਕ ਰਾਜ ਮਾਰਗਾਂ ਤੋਂ ਪਟਰੋਲ ਪੰਪਾਂ ਅਤੇ ਹੋਰ ਵਪਾਰਿਕ  ਅਦਾਰਿਆਂ ਨੂੰ  ਪਹੁੰਚ ਮਾਰਗ ਦੀ ਸੇਵਾ ਲਈ ਬਣਦੀ ਸਰਕਾਰੀ ਫੀਸਾਂ  ਦੀ ਪ੍ਰਾਪਤੀ ਬਾਰੇ  ਰਿਪੋਰਟ ਪੇਸ਼ ਕਰਨ ਦੇ ਵੀ ਹੁਕਮ ਦਿੱਤੇ।

ਇਸ ਦੌਰਾਨ ਉਨ੍ਹਾਂ ਇਹ ਵੀ ਹਦਾਇਤ ਕੀਤੀ ਕਿ ਸੂਬੇ ਦੀਆਂ ਸੜਕਾਂ ਤੇ ਪਛਾਣੇ ਗਏ ਬਲੈਕ ਸਪੋਟਸ  ਨੂੰ ਦਰੁੱਸਤ ਕਰਨ ਲਈ ਕਾਰਜ ਵਿੱਚ ਤੇਜੀ ਲਿਆਂਦੀ ਜਾਵੇ ਤੇ ਇਸ ਸਬੰਧੀ ਆ ਰਹੀਆਂ ਦਰਪੇਸ਼ ਸਮੱਸਿਆਵਾਂ ਨੂੰ ਹੱਲ ਕਰਨ ਲਈ ਪੰਜਾਬ ਰਾਜ ਸੜਕ ਸੁਰੱਖਿਆ ਕੌਂਸਲ ਨਾਲ ਵੀ ਤਾਲਮੇਲ ਕੀਤਾ ਜਾਵੇ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿਚ ਬਿਹਤਰੀਨ ਸੜਕੀ ਨੈਟਵਰਕ ਸਥਾਪਤ ਕਰਨ ਲਈ ਲਗਾਤਾਰ ਯਤਨਸ਼ੀਲ ਹੈ ।