Saturday, November 8Malwa News
Shadow

ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਹੇਠ ਵਿਜੀਲੈਂਸ ਬਿਊਰੋ ਵੱਲੋਂ ਨਾਇਬ ਤਹਿਸੀਲਦਾਰ ਗ੍ਰਿਫ਼ਤਾਰ

ਚੰਡੀਗੜ੍ਹ, 17 ਜੂਨ: ਪੰਜਾਬ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਤਹਿਤ ਪੰਜਾਬ ਵਿਜੀਲੈਂਸ ਬਿਊਰੋ ਨੇ ਬਰਖਾਸਤ ਨਾਇਬ ਤਹਿਸੀਲਦਾਰ ਵਰਿੰਦਰਪਾਲ ਸਿੰਘ ਧੂਤ ਵਾਸੀ ਪਿੰਡ ਧੂਤ ਕਲਾਂ, ਹੁਸ਼ਿਆਰਪੁਰ ਨੂੰ ਆਮਦਨ ਤੋਂ ਵੱਧ ਜਾਇਦਾਦ ਰੱਖਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ।
ਅੱਜ ਇੱਥੇ ਇਹ ਖੁਲਾਸਾ ਕਰਦੇ ਹੋਏ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਕਿਹਾ ਕਿ ਇਹ ਗ੍ਰਿਫ਼ਤਾਰੀ ਜਲੰਧਰ ਰੇਂਜ ਵੱਲੋਂ ਕੀਤੀ ਗਈ ਵਿਜੀਲੈਂਸ ਜਾਂਚ ਤੋਂ ਬਾਅਦ ਅਮਲ ਵਿੱਚ ਲਿਆਂਦੀ ਗਈ ਹੈ ਜਿਸ ਵਿੱਚ ਧੂਤ ਵੱਲੋਂ ਆਪਣੇ ਅਤੇ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਂ ’ਤੇ ਆਪਣੀ ਜਾਇਜ਼ ਕਮਾਈ ਤੋਂ ਵੱਧ ਜਾਇਦਾਦ ਇਕੱਠੀ ਕਰਨ ਦੇ ਦੋਸ਼ਾਂ ਦੀ ਜਾਂਚ ਕੀਤੀ ਗਈ ਸੀ । ਬੁਲਾਰੇ ਨੇ ਅੱਗੇ ਕਿਹਾ ਕਿ ਤਫ਼ਤੀਸ਼ ਦੌਰਾਨ 1 ਜਨਵਰੀ, 2009 ਤੋਂ 31 ਦਸੰਬਰ, 2018 ਤੱਕ ਦੀ ਮਿਆਦ ਦੀ ਜਾਂਚ ਕੀਤੀ ਗਈ ਸੀ। ਜਾਂਚ ਤੋਂ ਪਤਾ ਲੱਗਾ ਹੈ ਕਿ ਇਸ ਵਕਫ਼ੇ ਦੌਰਾਨ ਧੂਤ ਦੇ ਸਾਰੇ ਸਰੋਤਾਂ ਅਤੇ ਵਸੀਲਿਆਂ ਤੋਂ ਕੁੱਲ ਆਮਦਨ 3,58,97,111.59 ਰੁਪਏ ਸੀ ਜਦਕਿ ਉਸਦਾ ਕੁੱਲ ਖਰਚ ਅਤੇ ਜਾਇਦਾਦ 11,18,34,544.22 ਰੁਪਏ ਦੀ ਸੀ- ਜੋ ਉਸਦੀ ਕਾਨੂੰਨੀ ਆਮਦਨ ਨਾਲੋਂ 7,59,37,432.63 ਰੁਪਏ (211.54 ਫ਼ੀਸਦ) ਵੱਧ ਹੈ।
ਬੁਲਾਰੇ ਨੇ ਦੱਸਿਆ ਕਿ ਇਸ ਮਹੱਤਵਪੂਰਨ ਅਸਮਾਨਤਾ ਤੋਂ ਪਤਾ ਲਗਦਾ ਹੈ ਕਿ ਧੂਤ ਨੇ ਇੱਕ ਜਨਤਕ ਸੇਵਕ ਵਜੋਂ ਸੇਵਾ ਨਿਭਾਉਂਦੇ ਹੋਏ, ਬੇਹਿਸਾਬੀ ਅਚੱਲ ਅਤੇ ਚੱਲ ਜਾਇਦਾਦ ਪ੍ਰਾਪਤ ਕੀਤੀ ਅਤੇ ਆਪਣੀ ਜਾਇਜ਼ ਕਮਾਈ ਤੋਂ ਕਿਤੇ ਵੱਧ ਫੰਡ ਖਰਚ ਕੀਤੇ, ਜੋ ਭ੍ਰਿਸ਼ਟਾਚਾਰ ਵਿਰੋਧੀ ਕਾਨੂੰਨਾਂ ਦੀ ਸਿੱਧੀ-ਸਿੱਧੀ ਉਲੰਘਣਾ ਹੈ।
ਇਸ ਸਬੰਧ ਵਿੱਚ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਵਿਜੀਲੈਂਸ ਬਿਊਰੋ ਪੁਲਿਸ ਥਾਣਾ, ਜਲੰਧਰ ਰੇਂਜ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ ਅਤੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸਨੂੰ ਕੱਲ੍ਹ ਸਮਰੱਥ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਇਸ ਕੇਸ ਦੀ ਅਗਲੇਰੀ ਜਾਂਚ ਜਾਰੀ ਹੈ।