
ਲੁਧਿਆਣਾ, 15 ਜੂਨ : ਆਮ ਆਦਮੀ ਪਾਰਟੀ (ਆਪ) ਨੂੰ ਲੁਧਿਆਣਾ ਪੱਛਮੀ ਜ਼ਿਮਨੀ ਚੋਣ ਤੋਂ ਪਹਿਲਾਂ ਵੱਡੀ ਕਾਮਯਾਬੀ ਮਿਲੀ ਹੈ। ਐਤਵਾਰ ਨੂੰ ਪੰਜਾਬ ਆੜ੍ਹਤੀ ਐਸੋਸੀਏਸ਼ਨ ਨੇ ਜ਼ਿਮਨੀ ਚੋਣ ਵਿੱਚ ਆਪ ਉਮੀਦਵਾਰ ਸੰਜੀਵ ਅਰੋੜਾ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਐਸੋਸੀਏਸ਼ਨ ਦੇ ਪ੍ਰਧਾਨ ਜਸਵਿੰਦਰ ਸਿੰਘ ਰਾਣਾ, ਚੇਅਰਮੈਨ ਜਗਤਾਰ ਸਿੰਘ (ਖੰਨਾ ਮਾਰਕੀਟ ਕਮੇਟੀ) ਅਤੇ ਸੀਨੀਅਰ ਮੀਤ ਪ੍ਰਧਾਨ ਸਤਵਿੰਦਰ ਸਿੰਘ ਸੈਣੀ ਨੇ ਇਸ ਦੀ ਘੋਸ਼ਣਾ ਕੀਤੀ। ਐਸੋਸੀਏਸ਼ਨ ਨਾਲ ਜੁੜੇ ਸਾਰੇ ਲੋਕ ਪਾਰਟੀ ਉਮੀਦਵਾਰ ਦੇ ਪੱਖ ਵਿੱਚ ਪ੍ਰਚਾਰ ਵੀ ਕਰਨਗੇ। ਜਸਵਿੰਦਰ ਸਿੰਘ ਰਾਣਾ ਨੇ ਐਤਵਾਰ ਨੂੰ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ, ਤਰੁਣਪ੍ਰੀਤ ਸਿੰਘ ਸੌਂਧ ਅਤੇ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਦੇ ਨਾਲ਼ ਲੁਧਿਆਣਾ ਪੱਛਮੀ ਦੇ ਕਈ ਵਾਰਡਾਂ ਵਿੱਚ ਪ੍ਰਚਾਰ ਕੀਤਾ ਅਤੇ ਲੋਕਾਂ ਨੂੰ ਸੰਜੀਵ ਅਰੋੜਾ ਨੂੰ ਜਿਤਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਹਰ ਪਾਸੇ ਸੰਜੀਵ ਅਰੋੜਾ ਪ੍ਰਤੀ ਲੋਕਾਂ ਵਿੱਚ ਜ਼ਬਰਦਸਤ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਜਸਵਿੰਦਰ ਰਾਣਾ ਨੇ ਆੜ੍ਹਤੀ ਸਮੁਦਾਏ ਅਤੇ ਆਪਣੀ ਐਸੋਸੀਏਸ਼ਨ ਨਾਲ ਜੁੜੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਜਾਣ-ਪਛਾਣ ਅਤੇ ਰਿਸ਼ਤੇਦਾਰਾਂ ਨੂੰ ਆਮ ਆਦਮੀ ਪਾਰਟੀ ਦੇ ਸਮਰਥਨ ਵਿੱਚ ਵੋਟ ਪਾਉਣ ਲਈ ਕਹਿਣ। ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਪ ਸਰਕਾਰ ਦੀਆਂ ਨੀਤੀਆਂ ਦੀ ਵੀ ਤਾਰੀਫ਼ ਕੀਤੀ।
ਐਸੋਸੀਏਸ਼ਨ ਦੇ ਐਲਾਨ ਤੋਂ ਬਾਅਦ ਆਪ ਨੇਤਾ ਅਤੇ ਬੁਲਾਰੇ ਨੀਲ ਗਰਗ ਨੇ ਕਿਹਾ ਕਿ ਜਿਵੇਂ-ਜਿਵੇਂ ਲੁਧਿਆਣਾ ਪੱਛਮੀ ਵਿਧਾਨਸਭਾ ਸੀਟ ਦੀ ਜ਼ਿਮਨੀ ਚੋਣ ਫੈਸਲਾਕੁੰਨ ਪੜਾਅ ਵਿੱਚ ਦਾਖ਼ਲ ਹੋ ਰਹੀ ਹੈ, ਨੌਜਵਾਨ, ਔਰਤਾਂ, ਕਿਸਾਨਾਂ ਸਮੇਤ ਹਰ ਵਰਗ ਦੇ ਲੋਕ ਆਮ ਆਦਮੀ ਪਾਰਟੀ ਦੇ ਪੱਖ ਵਿੱਚ ਇੱਕਜੁੱਟ ਹੋ ਕੇ ਖੜ੍ਹੇ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪਿਛਲੇ ਸਾੜ੍ਹੇ ਤਿੰਨ ਸਾਲਾਂ ਦੌਰਾਨ ਸਰਕਾਰ ਦੁਆਰਾ ਕੀਤੇ ਗਏ ਲੋਕ-ਪੱਖੀ ਕੰਮਾਂ ਦੀ ਹਰ ਪਾਸੇ ਜਨਤਾ ਵੱਲੋਂ ਤਾਰੀਫ਼ ਹੋ ਰਹੀ ਹੈ। ਹਰ ਰੋਜ਼ ਵੱਖ-ਵੱਖ ਪਾਰਟੀਆਂ ਦੇ ਸੈਂਕੜੇ ਆਗੂ ਅਤੇ ਵਰਕਰ ਆਮ ਆਦਮੀ ਪਾਰਟੀ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਵਿੱਚ ਸ਼ਾਮਿਲ ਹੋ ਰਹੇ ਹਨ। ਗਰਗ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਆੜ੍ਹਤੀ ਵਰਗ ਨੂੰ ਹਮੇਸ਼ਾ ਤਰਜੀਹ ਦਿੱਤੀ ਹੈ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਗੰਭੀਰ ਯਤਨ ਕੀਤੇ ਹਨ। ਆਪ ਸਰਕਾਰ ਨੇ ਆੜ੍ਹਤੀ ਵਰਗ ਦਾ ਸਤਿਕਾਰ ਅਤੇ ਸਹਿਯੋਗ ਦੋਵੇਂ ਯਕੀਨੀ ਬਣਾਏ ਗਏ ਹਨ।