
ਚੰਡੀਗੜ੍ਹ/ਸ੍ਰੀ ਆਨੰਦਪੁਰ ਸਾਹਿਬ, 22 ਨਵੰਬਰ:– ਸੀਨੀਅਰ ਸੁਪਰਡੈਂਟ ਆਫ਼ ਪੁਲਿਸ (ਐਸਐਸਪੀ) ਰੂਪਨਗਰ ਗੁਲਨੀਤ ਸਿੰਘ ਖੁਰਾਨਾ ਨੇ ਅੱਜ ਇੱਥੇ ਦੱਸਿਆ ਕਿ ਪਵਿੱਤਰ ਨਗਰੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਸਬੰਧੀ ਸਮਾਗਮਾਂ ਵਿੱਚ ਪਹੁੰਚਣ ਵਾਲੇ ਲੱਖਾਂ ਸ਼ਰਧਾਲੂਆਂ ਦੀ ਨਿਰਵਿਘਨ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ 300 ਹਾਈ-ਰੈਜ਼ੋਲਿਊਸ਼ਨ, ਏਆਈ-ਅਧਾਰਤ ਚਿਹਰੇ ਦੀ ਪਛਾਣ ਵਾਲੇ ਸੀਸੀਟੀਵੀ ਕੈਮਰਿਆਂ ਦਾ ਇੱਕ ਮਜ਼ਬੂਤ ਨੈੱਟਵਰਕ ਲਗਾਤਾਰ ਨਿਗਰਾਨੀ ਨੂੰ ਯਕੀਨੀ ਬਣਾਏਗਾ।
ਐਤਵਾਰ ਤੋਂ ਮੰਗਲਵਾਰ ਤੱਕ ਹੋਣ ਵਾਲੇ ਮੁੱਖ ਸਮਾਗਮਾਂ ਲਈ ਮਜ਼ਬੂਤ, ਤਕਨਾਲੋਜੀ-ਅਧਾਰਤ ਸਕਿਉਰਿਟੀ ਬਲੂਪ੍ਰਿੰਟ ਬਾਰੇ ਜਾਣਕਾਰੀ ਦਿੰਦਿਆਂ ਐਸਐਸਪੀ ਗੁਲਨੀਤ ਖੁਰਾਨਾ ਨੇ ਕਿਹਾ ਕਿ ਸਾਰੇ ਸੁਰੱਖਿਆ ਕਾਰਜਾਂ ਲਈ ਇੱਕ ਅਤਿ-ਆਧੁਨਿਕ ਕਮਾਂਡ ਸੈਂਟਰ ਸਥਾਪਤ ਕੀਤਾ ਗਿਆ ਹੈ, ਜੋ ਇਸ ਸਬੰਧੀ ਇੱਕ ਹੱਬ ਵਜੋਂ ਕੰਮ ਕਰੇਗਾ।
ਇਹ ਉੱਚ-ਤਕਨੀਕੀ ਕੰਟਰੋਲ ਰੂਮ ਇੱਕ ਵਿਆਪਕ ਨਿਗਰਾਨ ਪ੍ਰਣਾਲੀ ਨਾਲ ਜੁੜਿਆ ਹੋਇਆ ਹੈ, ਜਿਸ ਵਿੱਚ ਚਿਹਰੇ ਦੀ ਪਛਾਣ 300 ਏਆਈ-ਅਧਾਰਤ ਸੀਸੀਟੀਵੀ ਕੈਮਰੇ, ਨਿਰੰਤਰ ਟਰੈਕਿੰਗ ਲਈ 10 ਪੈਨ-ਟਿਲਟ-ਜ਼ੂਮ (ਪੀਟੀਜ਼ੈਡ) ਕੈਮਰੇ ਅਤੇ ਸਾਰੇ ਐਂਟਰੀ ਤੇ ਐਗਜ਼ਿਟ ਪੁਆਇੰਟਾਂ ‘ਤੇ 25 ਆਟੋਮੈਟਿਕ ਨੰਬਰ ਪਲੇਟ ਪਛਾਣ (ਏਐਨਪੀਆਰ) ਕੈਮਰੇ ਲਾਏਗਏ ਹਨ। ਉਨ੍ਹਾਂ ਦੱਸਿਆ ਕਿ ਸਮੁੱਚੇ ਸ਼ਹਿਰ ਦੀ ਵਿਆਪਕ ਹਵਾਈ ਨਿਗਰਾਨੀ ਲਈ 7 ਸਮਰਪਿਤ ਡਰੋਨ ਟੀਮਾਂ ਵੀ ਸੇਵਾ ਵਿੱਚ ਲਾਈਆਂ ਗਈਆਂ ਹਨ।
ਐਸਐਸਪੀ ਨੇ ਅੱਗੇ ਦੱਸਿਆ ਕਿ ਸਖ਼ਤ ਪ੍ਰਬੰਧਨ ਅਤੇ ਫੌਰੀ ਤਾਲਮੇਲ ਨੂੰ ਯਕੀਨੀ ਬਣਾਉਣ ਲਈ ਪਵਿੱਤਰ ਨਗਰੀ ਅਨੰਦਪੁਰ ਸਾਹਿਬ ਨੂੰ ਯੋਜਨਾਬੱਧ ਢੰਗ ਨਾਲ 25 ਸੈਕਟਰਾਂ ਵਿੱਚ ਵੰਡਿਆ ਗਿਆ ਹੈ ਅਤੇ ਹਰੇਕ ਸੈਕਟਰ ਆਪਣੇ ਸਬ-ਕੰਟਰੋਲ ਰੂਮ ਅਤੇ ਹੈਲਪ ਡੈਸਕ ਨਾਲ ਸਵੈ-ਨਿਰਭਰ ਸੁਰੱਖਿਆ ਯੂਨਿਟ ਵਜੋਂ ਕੰਮ ਕਰੇਗਾ, ਜਿਸ ਨਾਲ ਮੁੱਖ ਕਮਾਂਡ ਸੈਂਟਰ ਨੂੰ ਲਗਾਤਾਰ ਅਸਲ-ਸਮੇਂ ਦੀ ਜਾਣਕਾਰੀ ਅਤੇ ਵੀਡੀਓ ਫੀਡ ਮਿਲਦੀ ਰਹੇਗੀ।
ਉਨ੍ਹਾਂ ਅੱਗੇ ਦੱਸਿਆ ਕਿ ਸੁਚਾਰੂ ਟ੍ਰੈਫਿਕ ਪ੍ਰਬੰਧਨ ਅਤੇ ਸੰਗਤ ਦੇ ਆਉਣ-ਜਾਣ ਦੀ ਸੁਵਿਧਾ ਲਈ ਜ਼ਿਲ੍ਹਾ ਪੁਲਿਸ ਨੇ ਆਈਆਈਟੀ ਰੋਪੜ ਨਾਲ ਸਾਂਝੇਦਾਰੀ ਤਹਿਤ ਸਾਰੇ ਪਾਰਕਿੰਗ ਜ਼ੋਨਾਂ ਦੀ ਅਸਲ-ਸਮੇਂ ਦੀ ਡਿਜੀਟਲ ਮੈਪਿੰਗ ਦਾ ਪ੍ਰਬੰਧ ਕੀਤਾ ਹੈ। ਉਨ੍ਹਾਂ ਕਿਹਾ ਕਿ ਭੀੜ ਹੋਣ ਤੋਂ ਬਚਾਅ ਲਈ ਇਹ ਸਿਸਟਮ ਪਾਰਕਿੰਗ ਦੀ ਥਾਂ ਬਾਰੇ ਲਾਈਵ ਅਪਡੇਟਸ ਪ੍ਰਦਾਨ ਕਰਦਿਆਂ ਸੰਗਤ ਦੀ ਸੁਵਿਧਾ ਅਤੇ ਸੁਚਾਰੂ ਟ੍ਰੈਫਿਕ ਪ੍ਰਬੰਧਨ ਵਿੱਚ ਮਦਦ ਕਰੇਗਾ। ਇਸਦੇ ਨਾਲ ਹੀ ਪਾਰਕਿੰਗ ਤੇ ਸਮਾਗਮ ਵਾਲੀਆਂ ਥਾਵਾਂ ਅਤੇ ਟੈਂਟ ਸਿਟੀਜ਼ ਦਰਮਿਆਨ ਸੰਗਤ ਦੇ ਆਉਣ-ਜਾਣ ਦੀ ਸੁਵਿਧਾ ਲਈ 24 ਘੰਟੇ ਸ਼ਟਲ ਬੱਸ ਸੇਵਾ ਸਰਗਰਮ ਰਹੇਗੀ।
ਐਸਐਸਪੀ ਨੇ ਦੁਹਰਾਇਆ ਕਿ ਸ਼ਹੀਦੀ ਸ਼ਤਾਬਦੀ ਸਮਾਗਮਾਂ ਦੇ ਸੁਚਾਰੂ ਅਮਲ ਲਈ ਵੱਡੀ ਗਿਣਤੀ ‘ਚ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ ਅਤੇ ਸੀਨੀਅਰ ਅਧਿਕਾਰੀ ਜ਼ਮੀਨੀ ਪੱਧਰ ‘ਤੇ ਲਗਾਤਾਰ ਨਿਗਰਾਨੀ ਬਣਾਏ ਹੋਏ ਹਨ। ਉਨ੍ਹਾਂ ਕਿਹਾ ਕਿ ਸਾਰੇ ਪੁਲਿਸ ਮੁਲਾਜ਼ਮਾਂ ਨੂੰ ਸੰਵੇਦਨਸ਼ੀਲਤਾ, ਨਿਮਰਤਾ ਅਤੇ ਸ਼ਰਧਾ ਦੇ ਉੱਚਤਮ ਮਿਆਰਾਂ ਨਾਲ ਆਪਣੇ ਫਰਜ਼ ਨੂੰ ਨਿਭਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।