
ਚੰਡੀਗੜ੍ਹ 24 ਸਤੰਬਰ :-ਪੰਜਾਬ ਦੀ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਅਤੇ ਮਲੋਟ ਹਲਕੇ ਤੋਂ ਐਮ.ਐਲ.ਏ. ਡਾ. ਬਲਜੀਤ ਕੌਰ ਵੱਲੋ ਆਪਣੇ ਹਲਕੇ ਦੇ ਲੋੜਵੰਦ ਵਿਅਕਤੀਆਂ ਨੂੰ ਸਵੈ-ਰੁਜ਼ਗਾਰ ਯੋਜਨਾ ਤਹਿਤ 15 ਆਟੋ ਈ-ਰਿਕਸ਼ਾ ਵੰਡੇ ਗਏ।
ਡਾ. ਬਲਜੀਤ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਗਰੀਬ ਅਤੇ ਦਿਵਿਆਂਗ ਵਿਅਕਤੀਆਂ ਨੂੰ ਆਰਥਿਕ ਤੌਰ ‘ਤੇ ਮਜ਼ਬੂਤ ਕਰਨ ਲਈ ਵਚਨਬੱਧ ਹੈ। ਇਹ ਆਟੋ ਈ-ਰਿਕਸ਼ਾ ਉਨ੍ਹਾਂ ਨੂੰ ਰੋਜ਼ਗਾਰ ਕਮਾਉਣ ਅਤੇ ਆਤਮ-ਨਿਰਭਰ ਜੀਵਨ ਜੀਊਣ ਦਾ ਮੌਕਾ ਦੇਣਗੇ।
ਡਾ. ਬਲਜੀਤ ਕੌਰ ਨੇ ਕਿਹਾ ਕਿ ਇਹ ਕੇਵਲ ਵਾਹਨ ਨਹੀਂ ਸਗੋਂ ਲੋੜਵੰਦਾਂ ਲਈ ਇੱਕ ਨਵੀਂ ਸ਼ੁਰੂਆਤ ਹੈ। ਇਹ ਆਟੋ ਈ-ਰਿਕਸ਼ਾ ਉਨ੍ਹਾਂ ਦੇ ਚਿਹਰਿਆਂ ‘ਤੇ ਖੁਸ਼ੀਆਂ ਲਿਆਉਣਗੇ, ਉਨ੍ਹਾਂ ਨੂੰ ਆਪਣੇ ਪੈਰਾਂ ‘ਤੇ ਖੜ੍ਹਾ ਹੋਣ ਦਾ ਹੌਸਲਾ ਦੇਣਗੇ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਸੁਪਨਾ ਹੈ ਕਿ ਕੋਈ ਵੀ ਪਰਿਵਾਰ ਬੇਸਹਾਰਾ ਨਾ ਰਹੇ ਅਤੇ ਹਰੇਕ ਵਿਅਕਤੀ ਆਪਣੇ ਜੀਵਨ ਵਿੱਚ ਆਤਮ-ਨਿਰਭਰਤਾ ਦਾ ਰਾਹ ਚੁਣੇ। ਇਹ ਯਤਨ “ਆਤਮ ਨਿਰਭਰ ਪੰਜਾਬ” ਦੇ ਸੁਪਨੇ ਨੂੰ ਸਾਕਾਰ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੈ।
ਇਸ ਮੌਕੇ ਆਟੋ ਈ-ਰਿਕਸ਼ਾ ਪ੍ਰਾਪਤ ਕਰਨ ਵਾਲੇ ਵਿਅਕਤੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਮੰਤਰੀ ਡਾ. ਬਲਜੀਤ ਕੌਰ ਦਾ ਵਿਸ਼ੇਸ਼ ਧੰਨਵਾਦ ਕੀਤਾ ਅਤੇ ਭਰੋਸਾ ਦਿਵਾਇਆ ਕਿ ਉਹ ਇਸ ਮੌਕੇ ਦਾ ਪੂਰਾ ਲਾਭ ਚੁੱਕਣਗੇ।