Tuesday, September 23Malwa News
Shadow

ਸ੍ਰੀ ਮੁਕਤਸਰ ਸਾਹਿਬ ਜਿਲ਼੍ਹੇ ਵਿਚ ਨਾਟਕਾਂ ਰਾਹੀਂ ਵਿਦਿਆਰਥੀਆਂ ਅਤੇ ਨੌਜਵਾਨਾਂ ਵਿੱਚ ਨਸ਼ਿਆਂ ਖਿਲਾਫ ਅਲਖ ਜਗਾਈ ਜਾਵੇਗੀ

ਸ੍ਰੀ ਮੁਕਤਸਰ ਸਾਹਿਬ 10 ਜੁਲਾਈ
                               ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ ਸੂਦਨ ਆਈਏਐਸ ਦੀ ਅਗਵਾਈ ਵਿੱਚ ਨਸ਼ਿਆਂ ਖਿਲਾਫ਼ ਜਾਗਰੂਕਤਾ ਲਈ ਇੱਕ ਵੱਡਾ ਅਭਿਆਨ ਆਰੰਭਿਆ ਗਿਆ ਹੈ ਅਤੇ ਇਸ ਅਭਿਆਨ ਦੇ ਸੂਤਰਧਾਰ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀ ਹੋਣਗੇ ਜੋ ਨਾਟਕਾਂ ਦੇ ਰਾਹੀਂ ਆਪਣੇ ਸਾਹਿ- ਪਾਠੀਆਂ ਅਤੇ ਸਮਾਜ ਨੂੰ ਨਸ਼ਿਆਂ ਦੇ ਕੋਹੜ ਤੋਂ ਜਾਗਰੂਕ ਕਰਨ ਲਈ ਅਲਖ ਜਗਾਉਣਗੇ।
                               ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ ਸੂਦਨ ਨੇ ਦੱਸਿਆ ਕਿ ਇਸ ਪ੍ਰੋਜੈਕਟ ਲਈ ਮਲੋਟ ਦੇ ਐਸਡੀਐਮ ਡਾ ਸੰਜੀਵ ਕੁਮਾਰ ਨੂੰ ਨੋਡਲ ਅਫਸਰ ਅਤੇ ਜ਼ਿਲ੍ਹਾ ਸਿੱਖਿਆ ਅਫਸਰ ਨੂੰ ਸਹਾਇਕ ਨੋਡਲ ਅਫਸਰ ਨਾਮਜਦ ਕੀਤਾ ਗਿਆ ਹੈ। ਇਸ ਪ੍ਰੋਜੈਕਟ ਤਹਿਤ ਨਸ਼ਿਆਂ ਖਿਲਾਫ ਜਾਗਰੂਕਤਾ ਲਈ ਨਾਟਕ ਦੀ ਸਕ੍ਰਿਪਟ ਸਾਰੇ ਸਕੂਲਾਂ ਅਤੇ ਕਾਲਜਾਂ ਨੂੰ ਦਿੱਤੀ ਜਾਵੇਗੀ ਅਤੇ ਹਰੇਕ ਸਕੂਲ  ਕਾਲਜ ਜਿਸ ਵਿੱਚ ਪ੍ਰਾਈਵੇਟ ਅਤੇ ਸਰਕਾਰੀ ਸਕੂਲ ਕਾਲਜ ਸ਼ਾਮਿਲ ਹੋਣਗੇ ਦੀ ਟੀਮ ਵੱਲੋਂ ਇਹਨਾਂ ਨਾਟਕਾਂ ਦੀ ਤਿਆਰੀ ਕੀਤੀ ਜਾਵੇਗੀ ਅਤੇ ਇਹਨਾਂ ਨਾਟਕਾਂ ਦਾ ਮੰਚਨ ਕੀਤਾ ਜਾਵੇਗਾ। ਇਹ ਨਾਟਕ ਸਾਰੇ ਕਾਲਜਾਂ ਅਤੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ 23 ਜੁਲਾਈ ਨੂੰ ਖੇਡੇ ਜਾਣਗੇ। ਇਸ ਸਬੰਧੀ ਇੱਕ ਜਜਮੈਂਟ ਲਈ ਪੈਨਲ ਤਿਆਰ ਕੀਤਾ ਜਾਵੇਗਾ ਜਿਸ ਵੱਲੋਂ ਪਾਤਰਾਂ ਦੀ ਭੇਸ਼ਭੂਸ਼ਾ, ਸੰਵਾਦ, ਮਾਹੌਲ ਚਿਤਰਨ ਆਦਿ ਨੂੰ ਆਧਾਰ ਬਣਾ ਕੇ ਹਰੇਕ ਬਲਾਕ ਵਿੱਚੋਂ ਪੰਜ ਪੰਜ ਟੀਮਾਂ ਦੀ ਚੋਣ ਕੀਤੀ ਜਾਵੇਗੀ।
                              ਬਲਾਕ ਪੱਧਰ ਤੇ ਚੁਣੀਆਂ ਗਈਆਂ ਟੀਮਾਂ ਸਬ ਡਿਵੀਜ਼ਨ ਪੱਧਰ ਤੇ 1 ਅਗਸਤ ਨੂੰ ਨਾਟਕਾਂ ਦੀ ਪੇਸ਼ਕਾਰੀ ਕਰਨਗੀਆਂ ਜਿੱਥੇ ਐਸਡੀਐਮ ਦੀ ਨਿਗਰਾਨੀ ਹੇਠ ਬਣੀ ਜਜਮੈਂਟ ਕਮੇਟੀ ਵੱਲੋਂ ਤਿੰਨ ਤਿੰਨ ਟੀਮਾਂ ਦੀ ਚੋਣ ਕੀਤੀ ਜਾਵੇਗੀ । ਇਹਨਾਂ ਟੀਮਾਂ ਵਿਚਕਾਰ ਜ਼ਿਲ੍ਹਾ ਪੱਧਰ ਤੇ ਨਾਟਕ ਮੁਕਾਬਲੇ 8 ਅਗਸਤ ਨੂੰ ਹੋਣਗੇ ਜਿਨਾਂ ਦੀ ਨਜ਼ਰਸਾਨੀ ਵਧੀਕ ਡਿਪਟੀ ਕਮਿਸ਼ਨਰ ਜਨਰਲ ਵੱਲੋਂ ਕੀਤੀ ਜਾਵੇਗੀ।
                            ਜ਼ਿਲ੍ਹਾ ਪੱਧਰ ਤੇ ਇਹਨਾਂ ਨਾਟਕ ਮੁਕਾਬਲਿਆਂ ਵਿੱਚੋਂ ਤਿੰਨ ਸ੍ਰੇਸ਼ਠ ਟੀਮਾਂ ਦੀ ਚੋਣ ਕੀਤੀ ਜਾਵੇਗੀ ਜੋ ਕਿ 15 ਅਗਸਤ ਵਾਲੇ ਦਿਨ ਜ਼ਿਲ੍ਹਾ ਪੱਧਰ ਅਤੇ ਸਬ ਡਿਵੀਜ਼ਨ ਪੱਧਰ ਤੇ ਹੋਣ ਵਾਲੇ ਸੁਤੰਤਰਤਾ ਦਿਵਸ ਸਮਾਗਮਾਂ ਮੌਕੇ ਆਪਣੀ ਪੇਸ਼ਕਾਰੀ ਦੇਣਗੀਆਂ ।
                           ਮਲੋਟ ਦੇ ਐਸਡੀਐਮ ਡਾ: ਸੰਜੀਵ ਕੁਮਾਰ ਨੇ ਦੱਸਿਆ ਕਿ ਇਸ ਨਾਲ ਜਿੱਥੇ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੂੰ ਸਹਿ- ਵਿਦਿਅਕ ਗਤੀਵਿਧੀ ਵਜੋਂ ਨਾਟਕ ਪੇਸ਼ਕਾਰੀ ਨਾਲ ਜੋੜਿਆ ਜਾਵੇਗਾ ਉਥੇ ਹੀ ਉਹਨਾਂ ਵਿੱਚ ਨਸ਼ਿਆਂ ਖਿਲਾਫ ਜਾਗਰੂਕਤਾ ਪੈਦਾ ਹੋਵੇਗੀ ਅਤੇ ਇਹ ਨਾਟਕ ਵੇਖਣ ਨਾਲ ਹੋਰ ਹਜ਼ਾਰਾਂ ਸਹਿਪਾਠੀ ਅਤੇ ਸਮਾਜ ਦੇ ਲੋਕਾਂ ਵਿੱਚ ਵੀ ਜਾਗਰੂਕਤਾ ਆਵੇਗੀ।