
ਲੁਧਿਆਣਾ : 139 ਸਾਲ ਪਹਿਲਾਂ ਬਣੇ ਅਤੇ ਆਪਣੀ ਸੌ ਸਾਲ ਦੀ ਮਿਆਦ ਪੁਗਾ ਚੁੱਕੇ ਮਾਲਵੇ ਨੂੰ ਦੁਆਬੇ ਨਾਲ ਜੋੜਨ ਵਾਲੇ ਅਬੋਹਰ ਬਰਾਂਚ ਅਖਾੜਾ ਨਹਿਰ ਉਪਰ ਬਣ ਰਹੇ ਨਵੇਂ ਪੁੱਲ ਨਾਲ ਜਿੱਥੇ ਲੋਕਾਂ ਦੀ ਵੱਡੀ ਸਮੱਸਿਆ ਹੱਲ ਹੋਣ ਜਾ ਰਹੀ ਹੈ, ਉਥੇ ਹੀ ਇਸ ਨਵੇਂ ਪੁੱਲ ਨੂੰ ਸਖਤ ਮਿਹਨਤ ਅਤੇ ਲਗਨ ਨਾਲ ਬਨਵਾਉਣ ਵਾਲੇ ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਦੇ ਸਿਆਸੀ ਕੱਦ ਨੂੰ ਵੀ ਉਚਾ ਕਰ ਦਿੱਤਾ ਹੈ। ਕਿਉਂਕਿ ਬੀਬੀ ਮਾਣੂੰਕੇ ਤੋਂ ਪਹਿਲਾਂ ਇਸ ਹਲਕੇ ਦੇ ਬਹੁਤ ਸਾਰੇ ਵਿਧਾਇਕਾਂ ਅਤੇ ਬਹੁਤ ਸਾਰੇ ਪੰਜਾਬ ਦੇ ਮੰਤਰੀਆਂ ਨੇ ਲੋਕਾਂ ਤੋਂ ਵੋਟਾਂ ਪ੍ਰਾਪਤ ਕਰਨ ਲਈ ਅਖਾੜਾ ਨਹਿਰ ਉਪਰ ਨਵਾਂ ਪੁੱਲ ਬਨਾਉਣ ਦੇ ਬਹੁਤ ਲਾਰੇ ਲਾਏ, ਪਰੰਤੂ ‘ਊਠ ਦਾ ਬੁੱਲ’ ਉਸੇ ਤਰਾਂ ਹੀ ਲਮਕਦਾ ਰਿਹਾ। ਰਾਏਕੋਟ-ਜਗਰਾਉਂ ਰੋਡ ਉਪਰ ਟ੍ਰੈਫਿਕ ਦੇ ਵੱਧ ਜਾਣ ਕਰਨ ਅਤੇ ਪਹਿਲਾਂ ਬਣੇ ਪੁੱਲ ਦੇ ਭੀੜਾ ਹੋਣ ਕਾਰਨ ਇਸ ਪੁੱਲ ਉਪਰ ਹਰ ਰੋਜ਼ ਬਹੁਤ ਵੱਡਾ ਜ਼ਾਮ ਲੱਗਣ ਕਰਕੇ ਲੋਕ ਭਾਰੀ ਪ੍ਰੇਸ਼ਾਨੀ ਵਿੱਚੋਂ ਗੁਜ਼ਰਦੇ ਹਨ। ਖਾਸ ਕਰਕੇ ਜਦੋਂ ਜਗਰਾਵਾਂ ਦੀ ਰੋਸ਼ਨੀ ਲੱਗਦੀ ਹੈ ਅਤੇ ਹਰ ਹਫ਼ਤੇ ਵੀਰਵਾਰ ਨੂੰ ਜਦੋਂ ਲੋਕ ਮਲੇਰਕੋਟਲਾ ਵਿਖੇ ਮੱਥਾ ਟੇਕਣ ਜਾਂਦੇ ਹਨ, ਤਾਂ ਅਖਾੜਾ ਨਹਿਰ ਦੇ ਮਿਆਦ ਪੁਗਾ ਚੁੱਕੇ ਭੀੜੇ ਪੁੱਲ ਦੇ ਦੋਵੇਂ ਪਾਸੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਜਾਂਦੀਆਂ ਹਨ ਅਤੇ ਵੱਡੇ ਜ਼ਾਮ ਕਾਰਨ ਅਕਸਰ ਹੀ ਗੱਡੀ ਪਹਿਲਾਂ ਲੰਘਾਉਣ ਦੇ ਚੱਕਰ ਵਿੱਚ ਲੋਕ ਆਪਸ ਵਿੱਚ ਲੜਦੇ ਹਨ। ਅਜਿਹੇ ਵਿੱਚ ਕਿਸੇ ਐਮਰਜੈਂਸੀ ਜਾਂ ਅਚਾਨਕ ਜੇਕਰ ਕੋਈ ਐਕਸੀਡੈਂਟ ਵਗੈਰਾ ਹੋ ਜਾਵੇ ਤਾਂ ਮਰੀਜਾਂ ਨੂੰ ਹਸਪਤਾਲ ਤੱਕ ਪਹੁੰਚਾਉਣ ਵਿੱਚ ਲੋਕਾਂ ਨੂੰ ਬਹੁਤ ਸਮੱਸਿਆ ਦਾ ਸਾਹਮਣਾ ਕਰਨਾਂ ਪੈਂਦਾ ਹੈ।
ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਵੱਲੋਂ ਲੋਕਾਂ ਦੀ ਇਸ ਵੱਡੀ ਸਮੱਸਿਆ ਨੂੰ ਪਹਿਲ ਪੱਧਰ ‘ਤੇ ਵਿਚਾਰਦੇ ਹੋਏ ਮਾਮਲਾ ਪੀ.ਡਬਲਿਯੂ.ਡੀ. ਦੇ ਉਚ ਅਧਿਕਾਰੀਆਂ ਤੇ ਪੰਜਾਬ ਸਰਕਾਰ ਕੋਲ ਉਠਾਇਆ ਅਤੇ ਅਖਾੜਾ ਨਹਿਰ ਉਪਰ ਨਵੇਂ ਪੁੱਲ ਦਾ ਲਗਭਗ 55.5 ਮੀਟਰ ਲੰਮਾਂ ਤੇ 40 ਫੁੱਟ ਚੌੜਾ ਪ੍ਰੋਜੈਕਟ ਪਾਸ ਕਰਵਾਕੇ ਪੌਣੇ ਅੱਠ ਕਰੋੜ ਰੁਪਏ ਦੇ ਲਗਭਗ ਰਕਮ ਵੀ ਜਾਰੀ ਕਰਵਾ ਲਈ। ਨਵਾਂ ਪੁੱਲ ਬਨਾਉਣ ਮੌਕੇ ਭਾਵੇਂ ਹੇਠਾਂ ਧਰਤੀ ਵਿੱਚ ਪੁਰਾਣੇ ਘਰਾਟਾਂ ਵਾਲੇ ਪੱਥਰ ਆ ਜਾਣ ਕਾਰਨ ਕੰਮ ਰੁਕ ਗਿਆ ਤੇ ਦੇਰੀ ਵੀ ਹੋਈ, ਪਰੰਤੂ ਬੀਬੀ ਮਾਣੂੰਕੇ ਵੱਲੋਂ ਫਿਰ ਪਹਿਲ-ਕਦਮੀਂ ਕਰਦੇ ਹੋਏ ਵਿਭਾਗ ਕੋਲੋਂ ਨਵਾਂ ਐਸਟੀਮੇਟ ਵੀ ਦੁਬਾਰਾ ਪਾਸ ਕਰਵਾਕੇ ਮੁੜ ਪੀ.ਡਬਲਿਯੂ.ਡੀ. ਦੇ ਅਧਿਕਾਰੀਆਂ ਦੀ ਨਿਗਰਾਨੀ ਹੇਠ ਨਿਰਮਾਣ ਕਾਰਜ ਸ਼ੁਰੂ ਕਰਵਾ ਦਿੱਤੇ ਗਏ। ਇਸ ਸਬੰਧ ਵਿੱਚ ਹੋਰ ਜਾਣਕਾਰੀ ਦਿੰਦੇ ਹੋਏ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਨੇ ਦੱਸਿਆ ਕਿ ਨਵੇਂ ਪੁੱਲ ਦੇ ਧਰਤੀ ਵਿੱਚ ਪਿੱਲਰ ਸਥਾਪਿਤ ਹੋ ਚੁੱਕੇ ਹਨ ਅਤੇ ਬੇਸ ਵੀ ਤਿਆਰ ਹੋ ਚੁੱਕਾ ਹੈ, ਜੋ ਉਪਰ ਪੁੱਲ ਬਣਨਾ ਹੈ, ਉਹ ਠੇਕੇਦਾਰ ਦੀ ਵਰਕਸ਼ਾਪ ਵਿੱਚ ਇੰਜਨੀਅਰਾਂ ਦੀ ਨਿਗਰਾਨੀ ਹੇਠ ਪ੍ਰਗਤੀ ਅਧੀਨ ਹੈ ਅਤੇ ਪੁੱਲ ਦਾ ਉਪਰਲਾ ਹਿੱਸਾ ਤਿਆਰ ਹੋਣ ਉਪਰੰਤ ਵੱਡੀਆਂ ਕਰੇਨਾਂ ਰਾਹੀਂ ਸਥਾਪਿਤ ਕਰਕੇ ਇਸੇ ਸਾਲ ਨਵੰਬਰ ਮਹੀਨੇ ਵਿੱਚ ਨਵਾਂ ਪੁੱਲ ਤਿਆਰ ਹੋ ਜਾਵੇਗਾ। ਉਹਨਾਂ ਦੱਸਿਆ ਕਿ ਇਸ ਨਵੇਂ ਪੁੱਲ ਦੇ ਚਾਲੂ ਹੋਣ ਨਾਲ ਲੋਕਾਂ ਦੀ ਬਹੁਤ ਵੱਡੀ ਸਮੱਸਿਆ ਹੱਲ ਹੋ ਜਾਵੇਗੀ। ਬੀਬੀ ਮਾਣੂੰਕੇ ਨੇ ਹੋਰ ਆਖਿਆ ਕਿ ਉਹ ਹਲਕੇ ਦੇ ਲੋਕਾਂ ਦੀਆਂ ਸਾਰੀਆਂ ਵੱਡੀਆਂ ਸਮੱਸਿਆਵਾਂ ਤਰਤੀਬਵਾਰ ਹੱਲ ਕਰਨ ਲਈ ਯਤਨਸ਼ੀਲ ਹਨ ਅਤੇ ਆਉਂਦੇ ਸਮੇਂ ਵਿੱਚ ਹੋਰ ਵੀ ਵੱਡੇ ਪ੍ਰੋਜੈਕਟ ਸ਼ੁਰੂ ਕੀਤੇ ਜਾਣਗੇ।