Friday, September 19Malwa News
Shadow

ਆਸਟਰੇਲੀਆ ਨੇ ਸਟੱਡੀ ਵੀਜ਼ੇ ਦਾ ਸਿਕੰਜਾ ਕਸਿਆ

ਸਿਡਨੀ : ਕੈਨੇਡਾ ਤੋਂ ਬਾਅਦ ਹੁਣ ਆਸਟਰੇਲੀਆ ਨੇ ਵੀ ਸਟੱਡੀ ਵੀਜ਼ੇ ਲਈ ਨਿਯਮ ਸਖਤ ਕਰਨੇ ਸ਼ੁਰੂ ਕਰ ਦਿੱਤੇ ਨੇ। ਪਹਿਲਾਂ ਕੈਨੇਡਾ ਨੇ ਸਟੂਡੈਂਟਸ ਲਈ ਜੀ ਆਈ ਸੀ ਦੀ ਰਕਮ 10 ਹਜਾਰ ਡਾਲਰ ਤੋਂ ਵਧਾ ਕੇ 20 ਹਜਾਰ ਡਾਲਰ ਕਰ ਦਿੱਤੀ ਸੀ। ਹੁਣ ਆਸਟਰੇਲੀਆ ਨੇ ਵੀ ਨਿਯਮ ਬਦਲ ਦਿੱਤੇ ਨੇ। ਆਸਟਰੇਲੀਆ ਸਟੂਡੈਂਟ ਵੀਜ਼ੇ ਲਈ ਹੁਣ ਤੁਹਾਨੂੰ ਪਹਿਲਾਂ ਨਾਲੋਂ ਜਿਆਦਾ ਫੰਡ ਸ਼ੋਅ ਕਰਨੇ ਪੈਣਗੇ। ਪਿਛਲੇ ਸਾਲ ਆਸਟਰੇਲੀਆ ਨੇ ਫੰਡ ਸ਼ੋਅ ਕਰਨ ਦੀ ਰਕਮ 21 ਹਜਾਰ 41 ਆਸਟਰੇਲੀਅਨ ਡਾਲਰਾਂ ਤੋਂ ਵਧਾ ਕੇ 24 ਹਜਾਰ 505 ਆਸਟਰੇਲੀਅਨ ਡਾਲਰ ਕਰ ਦਿੱਤੀ ਸੀ। ਇਹ ਵਾਧਾ ਪਿਛਲੇ ਸਾਲ ਅਕਤੂਬਰ ਮਹੀਨੇ ਵਿਚ ਕੀਤਾ ਗਿਆ ਸੀ। ਕੇਵਲ ਸੱਤ ਮਹੀਨਿਆਂ ਪਿਛੋਂ ਹੀ ਹੁਣ ਇਹ ਰਕਮ ਵਧਾ ਕੇ 29 ਹਜਾਰ 710 ਡਾਲਰ ਕਰ ਦਿੱਤੀ ਗਈ ਹੈ। ਆਸਟਰੇਲੀਆ ਦੇ ਇਹ ਨਿਯਮ ਕੱਲ੍ਹ ਤੋਂ ਲਾਗੂ ਹੋ ਜਾਣਗੇ।
ਆਸਟਰੇਲੀਆ ਸਰਕਾਰ ਦੇ ਸੂਤਰਾਂ ਅਨੁਸਾਰ ਪਿਛਲੇ ਦੋ ਸਾਲਾਂ ਵਿਚ ਮਹਿੰਗਾਈ ਲਗਾਤਾਰ ਵਧਣ ਲੱਗੀ ਹੈ। ਇਸਦੇ ਨਾਲ ਹੀ ਕੈਨੇਡਾ ਵਲੋਂ ਸਟੱਡੀ ਵੀਜ਼ੇ ਦੇ ਰੂਲ ਸਖਤ ਕਰਨ ਪਿਛੋਂ ਵਿਦਿਆਰਥੀਆਂ ਦਾ ਰੁਝਾਨ ਆਸਟਰੇਲੀਆ ਵੱਲ ਹੋ ਗਿਆ ਸੀ। ਪਰ ਹੁਣ ਆਸਟਰੇਲੀਆ ਨੇ ਵੀ ਰੂਲ ਸਖਤ ਕਰ ਦਿੱਤੇ ਨੇ। ਇਸਦੇ ਨਾਲ ਹੀ ਆਸਟਰੇਲੀਆ ਸਰਕਾਰ ਨੇ ਕਈ ਸਿੱਖਿਆ ਸੰਸਥਾਵਾਂ ਉੱਪਰ ਵੀ ਸਿਕੰਜਾ ਕਸ ਦਿੱਤਾ ਹੈ। ਕਈ ਵਿਦਿਅਕ ਅਦਾਰਿਆਂ ਨੂੰ ਨੋਟਿਸ ਜਾਰੀ ਕੀਤੇ ਗਏ ਨੇ। ਜਿਨ੍ਹਾਂ ਕਾਲਜਾਂ ਅਤੇ ਯੂਨੀਵਰਸਿਟੀਆਂ ਵਲੋਂ ਵਿਦਿਆਰਥੀਆਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਸੀ ਅਤੇ ਵਿਦਿਆਰਥੀਆਂ ਨਾਲ ਧੋਖਾਧੜੀ ਕੀਤੀ ਜਾ ਰਹੀ ਸੀ, ਉਨ੍ਹਾਂ ਖਿਲਾਫ ਵੀ ਆਸਟਰੇਲੀਆ ਸਰਕਾਰ ਵਲੋਂ ਸਖਤ ਕਦਮ ਚੁੱਕੇ ਜਾ ਰਹੇ ਨੇ।
ਆਸਟਰੇਲੀਆ ਸਰਕਾਰ ਵਲੋਂ ਸਟੱਡੀ ਵੀਜ਼ੇ ਦੇ ਨਿਯਮਾਂ ਵਿਚ ਕੀਤੀਆਂ ਗਈਆਂ ਤਬਦੀਲੀਆਂ ਦਾ ਸਭ ਤੋਂ ਵੱਧ ਅਸਰ ਭਾਰਤੀ ਵਿਦਿਆਰਥੀਆਂ ਉੱਪਰ ਹੋਵੇਗਾ। ਭਾਰਤ ਵਿਚੋਂ ਵੀ ਸਭ ਤੋਂ ਵੱਧ ਵਿਦਿਆਰਥੀ ਪੰਜਾਬ ਵਿਚੋਂ ਹੀ ਵਿਦੇਸ਼ਾਂ ਵਿਚ ਪੜ੍ਹਾਈ ਕਰਨ ਜਾਂਦੇ ਨੇ। ਇਸ ਲਈ ਆਸਟਰੇਲੀਆ ਦੇ ਨਵੇਂ ਨਿਯਮਾਂ ਦਾ ਅਸਰ ਪੰਜਾਬ ਉੱਪਰ ਸਭ ਤੋਂ ਵੱਧ ਹੋਣ ਦੀ ਸੰਭਾਵਨਾ ਹੈ।