Friday, September 19Malwa News
Shadow

ਆਮ ਆਦਮੀ ਪਾਰਟੀ ਨੇ ਅੰਮ੍ਰਿਤਸਰ ਵਿੱਚ ਅਕਾਲੀ ਦਲ ਨੂੰ ਦਿੱਤਾ ਝਟਕਾ

ਚੰਡੀਗੜ੍ਹ, 8 ਮਈ : ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਅੰਮ੍ਰਿਤਸਰ ਵਿੱਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਇੱਕ ਹੋਰ ਵੱਡਾ ਝਟਕਾ ਦਿੱਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਅਤੇ ਤਲਬੀਰ ਸਿੰਘ ਗਿੱਲ ਦੀ ਮੌਜੂਦਗੀ ਵਿੱਚ ਐਸਜੀਪੀਸੀ ਮੈਂਬਰ ਅਤੇ ਕਈ ਅਕਾਲੀ ਆਗੂ ਅਕਾਲੀ ਦਲ ਛੱਡ ਕੇ ‘ਆਪ’ ਵਿੱਚ ਸ਼ਾਮਲ ਹੋ ਗਏ ਹਨ।

ਮੁੱਖ ਮੰਤਰੀ ਭਗਵੰਤ ਮਾਨ ਨੇ ਬਾਵਾ ਸਿੰਘ ਗੁਮਾਨਪੁਰਾ (ਐਸਜੀਪੀਸੀ ਮੈਂਬਰ ਅੰਮ੍ਰਿਤਸਰ), ਨਰਿੰਦਰ ਸਿੰਘ ਨੋਨੀ (ਸੀਨੀਅਰ ਮੀਤ ਪ੍ਰਧਾਨ ਅੰਮ੍ਰਿਤਸਰ ਸ਼ਹਿਰੀ), ਮਾਲਕ ਸਿੰਘ ਸੰਧੂ (ਸੀਨੀਅਰ ਮੀਤ ਪ੍ਰਧਾਨ ਅੰਮ੍ਰਿਤਸਰ ਸ਼ਹਿਰੀ), ਕਿਸ਼ਨ ਗੋਪਾਲ ਚਾਚੂ (ਮੈਂਬਰ ਵਰਕਿੰਗ ਕਮੇਟੀ ਪੰਜਾਬ), ਨਿਸ਼ਾਨ ਸਿੰਘ ਗੁਮਾਨਪੁਰਾ ਅਤੇ ਗੁਰਜੀਤ ਸਿੰਘ ਗੁਮਾਨਪੁਰਾ (ਕੌਮੀ ਮੀਤ ਪ੍ਰਧਾਨ ਪੰਜਾਬ) ਦਾ ਆਮ ਆਦਮੀ ਪਾਰਟੀ ਵਿੱਚ ਸਵਾਗਤ ਕੀਤਾ।

ਭਗਵੰਤ ਮਾਨ ਨੇ ਕਿਹਾ ਕਿ ਇਨ੍ਹਾਂ ਆਗੂਆਂ ਦਾ ਆਪ ਵਿੱਚ ਸ਼ਾਮਿਲ ਹੋਣਾ ਅੰਮ੍ਰਿਤਸਰ ਲੋਕ ਸਭਾ ਵਿੱਚ ਅਕਾਲੀ ਦਲ ਨੂੰ ਹੋਰ ਵੀ ਕਮਜ਼ੋਰ ਕਰੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਆਗੂਆਂ ਅਤੇ ਲੋਕਾਂ ਦਾ ਅਕਾਲੀ ਦਲ ‘ਤੇ ਬਿਲਕੁਲ ਵੀ ਭਰੋਸਾ ਨਹੀਂ ਰਿਹਾ, ਕਿਉਂਕਿ ਹੁਣ ਇਹ ਬਾਦਲ ਦਲ ਸੁਆਰਥੀ ਅਤੇ ਭ੍ਰਿਸ਼ਟ ਲੋਕਾਂ ਨਾਲ ਭਰਿਆ ਹੋਇਆ ਹੈ। ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਿੱਚ ਹਮੇਸ਼ਾ ਹੀ ਉਨ੍ਹਾਂ ਲੋਕਾਂ ਲਈ ਥਾਂ ਹੈ, ਜੋ ਪੰਜਾਬ ਪੱਖੀ ਹਨ ਅਤੇ ਲੋਕਾਂ ਦੀ ਸੇਵਾ ਕਰਨਾ ਚਾਹੁੰਦੇ ਹਨ।

ਨਵੇਂ ਸ਼ਾਮਲ ਹੋਏ ਸਾਰੇ ਆਗੂਆਂ ਨੇ ਕਿਹਾ ਕਿ ਉਹ ਆਮ ਆਦਮੀ ਪਾਰਟੀ ਦਾ ਹਿੱਸਾ ਬਣ ਕੇ ਖ਼ੁਸ਼ ਹਨ ਕਿਉਂਕਿ ਉਨ੍ਹਾਂ ਕੋਲ ਹੁਣ ਭਗਵੰਤ ਮਾਨ ਵਰਗਾ ਕਾਬਲ ਅਤੇ ਇਮਾਨਦਾਰ ਆਗੂ ਹੈ। ਉਨ੍ਹਾਂ ਕਿਹਾ ਕਿ ਉਹ ਪੰਜਾਬ ਦੀ ‘ਆਪ’ ਸਰਕਾਰ ਦੇ ਲਗਨ ਅਤੇ ਮਿਹਨਤ ਦੀ ਭਰਪੂਰ ਸ਼ਲਾਘਾ ਕਰਦੇ ਹਨ। ਪਹਿਲੀ ਵਾਰ ਸਾਡੇ ਕੋਲ ਅਜਿਹੀ ਸਰਕਾਰ ਹੈ, ਜੋ ਲੋਕਾਂ ਲਈ ਕੰਮ ਕਰ ਰਹੀ ਹੈ।