Monday, January 13Malwa News
Shadow

ਡਾ. ਬਲਜੀਤ ਕੌਰ ਦੇ ਹੁਕਮਾਂ ਤੇ ਪਟਿਆਲਾ ‘ਚ ਬਾਲ ਭੀਖ ਵਿਰੁੱਧ ਕਾਰਵਾਈ, ਚਾਰ ਬੱਚੇ ਰੈਸਕਿਊ ਕਰਵਾਏ

Scs Punjabi

ਚੰਡੀਗੜ੍ਹ, 5 ਜੁਲਾਈ:

ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਦੇ ਹੁਕਮਾਂ ਤੇ ਪਟਿਆਲਾ ‘ਚ ਬਾਲ ਭੀਖ ਵਿਰੁੱਧ ਕਾਰਵਾਈ ਕਰਕੇ ਚਾਰ ਬੱਚੇ ਰੈਸਕਿਊ ਕਰਵਾਏ ਗਏ ਹਨ।

Scs English

ਇਸ ਬਾਰੇ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਅੱਜ ਕਿਸੇ ਆਮ ਨਾਗਰਿਕ ਵੱਲੋਂ ਇਹ ਸੂਚਨਾ ਦਿੱਤੀ ਗਈ ਕਿ ਪਟਿਆਲਾ ਦੇ ਪੁਰਾਣੇ ਬੱਸ ਅੱਡੇ ਨੇੜੇ ਕੁਝ ਬੱਚੇ ਭੀਖ ਮੰਗ ਰਹੇ ਹਨ ਅਤੇ ਕੁਝ ਬੱਚੇ ਸੜਕ ਕਿਨਾਰੇ ਸੁੱਤੇ ਹੋਏ ਹਨ। ਇਸ ਸੂਚਨਾ ਉੱਪਰ ਤੁਰੰਤ ਕਾਰਵਾਈ ਕਰਨ ਲਈ ਉਨ੍ਹਾਂ ਵੱਲੋਂ ਪਟਿਆਲਾ ਜ਼ਿਲ੍ਹਾ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਗਏ, ਜਿਸ ‘ਤੇ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਦੇ ਦਫਤਰ ਵਲੋਂ ਟੀਮਾਂ ਬਣਾ ਕੇ ਰੇਡ ਕੀਤੀ ਗਈ।  
ਮੰਤਰੀ ਨੇ ਅੱਗੇ ਦੱਸਿਆ ਕਿ ਅਧਿਕਾਰੀਆਂ ਵੱਲੋਂ ਤੁਰੰਤ ਕਾਰਵਾਈ ਕੀਤੀ ਗਈ ਅਤੇ ਸ਼ਹਿਰ ਵਿੱਚ ਛਾਪੇਮਾਰੀ ਕੀਤੀ ਗਈ, ਜਿਸ ਵਿੱਚ ਚਾਰ ਬੱਚਿਆਂ ਨੂੰ ਰੈਸਕਿਊ ਕੀਤਾ ਗਿਆ। ਇਨ੍ਹਾਂ ਵਿਚੋਂ ਤਿੰਨ ਭੀਖ ਮੰਗਦੇ ਪਾਏ ਗਏ ਅਤੇ ਇਕ ਸੜਕ ‘ਤੇ ਸੌਂ ਰਿਹਾ ਪਾਇਆ ਗਿਆ। ਬਚਾਏ ਗਏ ਬੱਚਿਆਂ ਨੂੰ ਸੁਰੱਖਿਆ ਟੀਮ ਵਲੋੰ ਆਪਣੇ ਨਾਲ ਲੈ ਲਿਆ ਗਿਆ ਹੈ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਚਾਈਲਡ ਵੈਲਫੇਅਰ ਕਮੇਟੀ (ਸੀਡਬਲਯੂਸੀ) ਨੂੰ ਸੂਚਿਤ ਕਰ ਦਿੱਤਾ ਗਿਆ ਹੈ, ਅਤੇ ਭੀਖ ਮੰਗਣ ਲਈ ਬੱਚਿਆਂ ਦਾ ਸ਼ੋਸ਼ਣ ਕਰਨ ਵਾਲੇ ਵਿਅਕਤੀਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਰੈਸਕਿਊ ਕੀਤੇ ਗਏ ਬੱਚੇ ਜੋ ਕਿ ਸੜਕ ‘ਤੇ ਸੁੱਤੇ ਪਏ ਸਨ, ਨੂੰ ਉਨ੍ਹਾਂ ਦੇ ਮਾਪਿਆਂ ਨਾਲ ਮਿਲਾਇਆ ਗਿਆ ਹੈ, ਅਤੇ ਡੀਸੀਪੀਓ ਦਫ਼ਤਰ ਵੱਲੋਂ ਬੱਚੇ ਦੀ ਪੜ੍ਹਾਈ ਲਈ ਸਪਾਂਸਰਸ਼ਿਪ ਦੇਣ ਦੇ ਯਤਨ ਸ਼ੁਰੂ ਕਰ ਦਿੱਤੇ ਗਏ ਹਨ।

ਇਸੇ ਦੌਰਾਨ ਡਾ. ਬਲਜੀਤ ਕੌਰ ਨੇ ਬੱਚਿਆਂ ਨੂੰ ਸ਼ੋਸ਼ਣ ਤੋਂ ਬਚਾਉਣ ਅਤੇ ਉਨ੍ਹਾਂ ਦੀ ਤੰਦਰੁਸਤੀ ਨੂੰ ਯਕੀਨੀ ਬਣਾਉਣ ਲਈ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੀ ਵਚਨਬੱਧਤਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਮਿਊਨਿਟੀ ਚੌਕਸੀ ਦੀ ਮਹੱਤਤਾ ਨੂੰ ਦੁਹਰਾਇਆ ਅਤੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਬੱਚਿਆਂ ਦੀ ਭੀਖ ਮੰਗਣ ਜਾਂ ਬੇਘਰ ਹੋਣ ਦੀ ਕਿਸੇ ਵੀ ਘਟਨਾ ਦੀ ਰਿਪੋਰਟ ਜ਼ਿਲ੍ਹਾ ਅਧਿਕਾਰੀਆਂ ਨੂੰ ਤੁਰੰਤ ਕਰਨ।

ਮੰਤਰੀ ਨੇ ਦੱਸਿਆ ਕਿ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਬਾਲ ਭੀਖ ਵਿਰੁੱਧ ਮੁਹਿੰਮ ਸ਼ੁਰੂ ਕੀਤੀ ਜਾਵੇਗੀ ਤਾਂ ਜੋ ਅਜਿਹੇ ਬੱਚਿਆਂ ਦਾ ਰੈਸਕਿਊ ਕਰਵਾਇਆ ਜਾ ਸਕੇ।

Scs Hindi