ਵਸ਼ਿੰਗਟਨ : ਅੱਜਕੱਲ੍ਹ ਪੂਰੀ ਦੁਨੀਆਂ ਵਿਚ ਆਰਥਿਕ ਮੰਦੀ ਦਾ ਰੁਝਾਨ ਵਧਦਾ ਜਾ ਰਿਹਾ ਹੈ, ਉਥੇ ਹੀ ਅਮਰੀਕਾ ਵਿਚ ਵੀ ਇਸਦਾ ਅਸਰ ਸਾਫ ਦਿਖਣ ਲੱਗਾ ਹੈ। ਸਾਲ 2024 ਦੇ ਪਹਿਲੇ ਅੱਠ ਮਹੀਨਿਆਂ ਵਿਚ ਹੀ ਅਮਰੀਕਾ ਦੀਆਂ 452 ਵੱਡੀਆਂ ਕੰਪਨੀਆਂ ਦੀਵਾਲੀਆ ਹੋ ਚੁੱਕੀਆਂ ਹਨ। ਪਿਛਲੇ 14 ਸਾਲਾਂ ਦੌਰਾਨ ਅਜਿਹਾ ਦੂਜੀ ਵਾਰ ਹੋਇਆ ਹੈ, ਜਦੋਂ ਇੰਨੀਆਂ ਕੰਪਨੀਆਂ ਦਾ ਦੀਵਾਲਾ ਨਿਕਲ ਗਿਆ ਹੈ। ਇਸ ਤੋਂ ਪਹਿਲਾਂ ਲੌਕਡਾਊਨ ਦੌਰਾਨ ਸਾਲ 2020 ਵਿਚ ਵੀ 466 ਕੰਪਨੀਆਂ ਦੀਵਾਲੀਆ ਹੋ ਗਈਆਂ ਸਨ।
ਅਮਰੀਕੀ ਅਰਥ ਵਿਵਸਥਾ ਬਾਰੇ ਪ੍ਰਾਪਤ ਅੰਕੜਿਆਂ ਅਨੁਸਾਰ ਇਸ ਸਾਲ ਅਗਸਤ ਮਹੀਨੇ ਵਿਚ 63 ਕੰਪਨੀਆਂ ਅਤੇ ਜੁਲਾਈ ਮਹੀਨੇ ਵਿਚ 49 ਕੰਪਨੀਆਂ ਦੀਵਾਲੀਆ ਹੋ ਗਈਆਂ ਹਨ। ਇਹ ਦੋ ਮਹੀਨੇ ਪਿਛਲੇ ਚਾਰ ਸਾਲਾਂ ਦੌਰਾਨ ਅਮਰੀਕੀ ਉਦਯੋਗ ਦੇ ਖੇਤਰ ਵਿਚ ਸਭ ਤੋਂ ਮਾੜੇ ਮੰਨੇ ਗਏ ਹਨ। ਪ੍ਰਾਪਤ ਅੰਕੜਿਆਂ ਅਨੁਸਾਰ ਖਪਤਕਾਰ ਅਖਤਿਆਰੀ ਖੇਤਰ ਦੀਆਂ 49 ਕੰਪਨੀਆਂ ਲਗਾਤਾਰ ਘਾਟੇ ਵਿਚ ਜਾਣ ਕਾਰਨ ਦੀਵਾਲੀਆ ਹੋ ਗਈਆਂ ਹਨ। ਇਸੇ ਤਰਾਂ ਉਦਯੋਗਿਕ ਖੇਤਰ ਦੀਆਂ 53 ਕੰਪਨੀਆਂ ਅਤੇ ਹੈਲਥ ਕੇਅਰ ਨਾਲ ਸਬੰਧਿਤ 45 ਕੰਪਨੀਆਂ ਦੀਵਾਲੀਆ ਹੋ ਗਈਆਂ ਹਨ। ਇਸ ਤਰਾਂ ਅਮਰੀਕਾ ਦੀ ਅਰਥ ਵਿਵਸਥਾ ਵਿਚ ਸਾਲ 2024 ਬੇਹੱਦ ਚਣੌਤੀਪੂਰਨ ਮੰਨਿਆ ਗਿਆ ਹੈ। ਅਜਿਹੀ ਸਥਿੱਤੀ ਵਿਚ ਅਮਰੀਕਾ ਦੀ ਸਰਕਾਰ ਵੀ ਕਾਫੀ ਚਿੰਤਾ ਵਿਚ ਨਜ਼ਰ ਆ ਰਹੀ ਹੈ ਅਤੇ ਆਰਥਿਕਤਾ ਨੂੰ ਬਚਾਉਣ ਲਈ ਨਵੀਆਂ ਨੀਤੀਆਂ ਦੀ ਯੋਜਨਾ ਬਣਾ ਰਹੀ ਹੈ।