Thursday, November 6Malwa News
Shadow

ਪਰਾਲੀ ਸਾੜਨ ਪ੍ਰਤੀ ਜ਼ੀਰੋ ਟੋਲਰੈਂਸ ਨੀਤੀ ਦਾ ਰੂਪ ਅਖਤਿਆਰ , ਡਿਪਟੀ ਕਮਿਸ਼ਨਰ ਨੇ ਸਿਵਲ ਅਤੇ ਪੁਲਿਸ ਅਧਿਕਾਰੀਆਂ ਨੂੰ ਦਿੱਤੇ ਸਖ਼ਤ ਆਦੇਸ਼

ਮਾਲੇਰਕੋਟਲਾ, 27 ਅਕਤੂਬਰ –                 ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ੀਰੋ ਟੋਲਰੈਂਸ ਨੀਤੀ ਅਪਣਾਉਂਦੇ ਹੋਏ ਕੜੀ ਕਾਰਵਾਈ ਸ਼ੁਰੂ ਕੀਤੀ ਗਈ ਹੈ। ਡਿਪਟੀ ਕਮਿਸ਼ਨਰ ਵਿਰਾਜ ਐਸ. ਤਿੜਕੇ ਅਤੇ ਐਸ.ਐਸ.ਪੀ ਗਗਨ ਅਜੀਤ ਸਿੰਘ ਵੱਲੋਂ ਸਿਵਲ ਅਤੇ ਪੁਲਿਸ ਅਧਿਕਾਰੀਆਂ ਨਾਲ ਕੀਤੀ ਗਈ ਵਿਸ਼ੇਸ਼ ਮੀਟਿੰਗ ਦੌਰਾਨ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਕਿ ਸਾਰੇ ਅਧਿਕਾਰੀ ਮੈਦਾਨੀ ਪੱਧਰ ’ਤੇ ਵੱਧ ਸਮਾਂ ਬਿਤਾਉਣ ਅਤੇ ਨਾਜ਼ੁਕ ਖੇਤਰਾਂ ਵਿੱਚ ਸਾਂਝੇ ਤੌਰ ’ਤੇ ਗਸ਼ਤ ਕਰਦੇ ਰਹਿਣ।

              ਉਨ੍ਹਾਂ ਕਿਹਾ ਕਿ ਸਿਵਲ ਅਤੇ ਪੁਲਿਸ ਵਿਭਾਗਾਂ ਵੱਲੋਂ ਕੀਤੀ ਜਾਣ ਵਾਲੀ ਸਾਂਝੀ ਗਸ਼ਤ ਨਾਲ ਲੋਕਾਂ ਵਿੱਚ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਹੋਵੇਗੀ ਅਤੇ ਕਿਸਾਨਾਂ ਵੱਲੋਂ ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਵਿੱਚ ਕਮੀ ਆਵੇਗੀ। ਡਿਪਟੀ ਕਮਿਸ਼ਨਰ ਨੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਪਰਾਲੀ ਸਾੜਨ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਿਸੇ ਵੀ ਕਿਸਮ ਦੀ ਰਿਆਇਤ ਨਹੀਂ ਕੀਤੀ ਜਾਵੇਗੀ ਅਤੇ ਕਾਨੂੰਨੀ ਕਾਰਵਾਈ ਸਖ਼ਤੀ ਨਾਲ ਅਮਲ ਵਿੱਚ ਲਿਆਂਦੀ ਜਾਵੇਗੀ। 

                 ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਹਰ ਪਿੰਡ ਵਿੱਚ ਸਰਪੰਚਾਂ, ਕਿਸਾਨ ਯੂਨੀਅਨਾਂ ਅਤੇ ਪ੍ਰਭਾਵਸ਼ਾਲੀ ਵਿਅਕਤੀਆਂ ਨਾਲ ਮੀਟਿੰਗਾਂ ਕਰਕੇ ਲੋਕਾਂ ਨੂੰ ਪਰਾਲੀ ਸਾੜਨ ਦੇ ਨੁਕਸਾਨਾਂ ਅਤੇ ਇਸ ਨਾਲ ਵਾਤਾਵਰਣ ’ਤੇ ਪੈਣ ਵਾਲੇ ਪ੍ਰਭਾਵਾਂ ਬਾਰੇ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪਰਾਲੀ ਸਾੜਨ ਨਾਲ ਨਾ ਸਿਰਫ ਹਵਾ ਪ੍ਰਦੂਸ਼ਿਤ ਹੁੰਦੀ ਹੈ, ਸਗੋਂ ਮਿੱਟੀ ਦੀ ਉਪਜਾਊ ਸ਼ਕਤੀ ਵੀ ਘਟਦੀ ਹੈ, ਜਿਸ ਨਾਲ ਕਿਸਾਨਾਂ ਦੀ ਅਗਲੀ ਫਸਲ ’ਤੇ ਸਿੱਧਾ ਅਸਰ ਪੈਂਦਾ ਹੈ।

            ਡਿਪਟੀ ਕਮਿਸ਼ਨਰ ਨੇ ਕਿਹਾ ਕਿ “ਕਾਨੂੰਨ ਅਤੇ ਕੁਦਰਤ ਤੋਂ ਉੱਪਰ ਕੋਈ ਨਹੀਂ,” ਅਤੇ ਜਿਸ ਕਿਸਾਨ ਵੱਲੋਂ ਆਪਣੇ ਖੇਤ ਵਿੱਚ ਅੱਗ ਲਗਾਈ ਗਈ, ਉਸਨੂੰ ਸਜ਼ਾ ਭੁਗਤਣੀ ਹੀ ਪਵੇਗੀ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਨਾ ਸਾੜਨ ਅਤੇ ਸਰਕਾਰੀ ਮੁਹਿੰਮ ਵਿੱਚ ਪੂਰਾ ਸਹਿਯੋਗ ਦੇਣ, ਤਾਂ ਜੋ ਸਾਫ਼ ਹਵਾ ਅਤੇ ਸਿਹਤਮੰਦ ਵਾਤਾਵਰਣ ਦੀ ਰੱਖਿਆ ਹੋ ਸਕੇ।

          ਐਸ.ਐਸ.ਪੀ ਗਗਨ ਅਜੀਤ ਸਿੰਘ ਨੇ ਵੀ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਕਿ ਜ਼ਿਲ੍ਹੇ ਦੇ ਹਰ ਖੇਤਰ ’ਚ ਪੁਲਿਸ ਟੀਮਾਂ ਸਰਗਰਮ ਰਹਿਣ ਅਤੇ ਪਰਾਲੀ ਸਾੜਨ ਨਾਲ ਸਬੰਧਤ ਹਰ ਸ਼ਿਕਾਇਤ ’ਤੇ ਤੁਰੰਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਲੋਕਾਂ ਦੀ ਭਾਗੀਦਾਰੀ ਨਾਲ ਹੀ ਇਹ ਮੁਹਿੰਮ ਸਫਲ ਹੋ ਸਕਦੀ ਹੈ।

           ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸੁਖਪ੍ਰੀਤ ਸਿੰਘ ਸਿੱਧੂ, ਐਸ.ਡੀ.ਐਮ ਮਾਲੇਰਕੋਟਲਾ/ਅਹਿਮਦਗੜ੍ਹ ਗੁਰਮੀਤ ਕੁਮਾਰ ਬਾਂਸਲ, ਐਸ.ਡੀ.ਐਮ ਅਮਰਗੜ੍ਹ ਸੁਰਿੰਦਰ ਕੌਰ, ਜ਼ਿਲਾ ਮਾਲ ਅਫਸਰ ਮਨਦੀਪ ਕੌਰ, ਡੀ.ਐਸ.ਪੀ ਮਾਲੇਰਕੋਟਲਾ ਮਾਨਵਜੀਤ ਸਿੰਘ ਸਿੱਧੂ, ਡੀ.ਐਸ.ਪੀ ਅਮਰਗੜ੍ਹ ਸੰਜੀਵ ਕਪੂਰ, ਡੀ.ਐਸ.ਪੀ ਅਹਿਮਦਗੜ੍ਹ ਸੁਖਦੇਵ ਸਿੰਘ, ਮੁੱਖ ਖੇਤੀਬਾੜੀ ਅਫ਼ਸਰ ਧਰਮਿੰਦਰਜੀਤ ਸਿੰਘ, ਬੀ.ਡੀ.ਪੀ.ਓ ਜਸਮਿੰਦਰ ਸਿੰਘ, ਬੀ.ਡੀ.ਪੀ.ਓ ਬਬਲਜੀਤ ਕੌਰ, ਐਸ.ਡੀ.ਓ ਪ੍ਰਦੂਸ਼ਣ ਬੋਰਡ ਗੁਰਮੇਹਰ ਸਿੰਘ, ਡਿਪਟੀ ਰਜਿਸਟਰਾਰ ਕੋਆਪਰੇਟਿਵ ਸਭਾਵਾਂ ਕਰਨਵੀਰ ਰੰਧਾਵਾ, ਸਹਾਇਕ ਰਜਿਸਟਰਾਰ ਸਿਮਰਨਪ੍ਰੀਤ ਕੌਰ, ਏ.ਐਫ.ਐਸ.ਓ ਰਾਜਨ ਗੁਪਤਾ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।