Wednesday, July 29Malwa News
Shadow

ਸੀਈਟੀ ਪਾਸ ਨੌਜਵਾਨਾਂ ਨੂੰ 1 ਨਵੰਬਰ ਤੋਂ ਸਮਰੱਥ ਯੁਵਾ ਯੋਜਨਾ ਤਹਿਤ ਮਿਲੇਗਾ ਮਾਣ ਭੱਤਾ – ਨਾਇਬ ਸਿੰਘ ਸੈਣੀ

ਚੰਡੀਗੜ੍ਹ, 29 ਜੁਲਾਈ –ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਪ੍ਰਧਾਨ ਮੰਤਰੀ ਵਿਕਸਿਤ ਭਾਰਤ ਯੋਜਨਾ ਤਹਿਤ ਹਰਿਆਣਾ ਨੇ ਪਹਿਲੇ 10 ਵਿਚ ਸਥਾਨ ਹਾਸਲ ਕੀਤਾ ਹੈ। ਇਸ ਤਹਿਤ 51 ਹਜ਼ਾਰ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਉਪਲਬਧ ਕਰਵਾਏ ਗਏ ਹਨ।

ਮੁੱਖ ਮੰਤਰੀ ‘ਵਿਕਸਿਤ ਭਾਰਤ ਵਿਜ਼ਨ 2047’ ਤਹਿਤ ਰੁਜ਼ਗਾਰ, ਹੁਨਰ ਵਿਕਾਸ (ਸਕਿੱਲ ਡਿਵੈਲਪਮੈਂਟ) ਅਤੇ ਉਦਯੋਗਿਕ ਸਿਖਲਾਈ ਵਿਭਾਗ ਅਤੇ ਹਰਿਆਣਾ ਸਕਿੱਲ ਡਿਵੈਲਪਮੈਂਟ ਮਿਸ਼ਨ ਦੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ।

ਮੁੱਖ ਮੰਤਰੀ ਨੇ ਕਿਹਾ ਕਿ ਵਿਸ਼ਵ ਪੱਧਰੀ ਹੁਨਰ ਮੁਕਾਬਲੇ ਵਿੱਚ ਰਾਜ ਦੇ 5 ਨੌਜਵਾਨਾਂ ਦੀ ਚੋਣ ਕੀਤੀ ਗਈ ਹੈ। ਸਤੰਬਰ ਮਹੀਨੇ ਦੌਰਾਨ ਚੀਨ ਵਿੱਚ ਆਯੋਜਿਤ ਇਸ ਮੁਕਾਬਲੇ ਵਿੱਚ ਮੈਡਲ ਲਿਆਉਣ ਵਾਲੇ ਨੌਜਵਾਨਾਂ ਨੂੰ 10 ਲੱਖ ਰੁਪਏ ਦੀ ਆਰਥਿਕ ਸਹਾਇਤਾ ਅਤੇ ਨੌਕਰੀ ਯਕੀਨੀ ਬਣਾਈ ਜਾਵੇਗੀ। ਉਨ੍ਹਾਂ ਕਿਹਾ ਕਿ ਕੁਰੂਕਸ਼ੇਤਰ ਦੇ ਉਮਰੀ ਪਿੰਡ ਵਿੱਚ ਹੁਨਰ ਫੈਕਲਟੀ ਸਿਖਲਾਈ ਲਈ ਰਾਜ ਪੱਧਰੀ ਆਰਟ ਕਲਚਰ ਸੈਂਟਰ ਬਣਾਇਆ ਜਾਵੇਗਾ। ਇਸ ਤੋਂ ਇਲਾਵਾ ਫਤਿਹਾਬਾਦ, ਸੁਲਤਾਨਪੁਰ ਅਤੇ ਅੰਤੇੜੀ ਵਿੱਚ ਉੱਦਮਤਾ ਵਿਕਾਸ ਕੇਂਦਰ ਬਣਾਏ ਜਾਣਗੇ।

ਮੁੱਖ ਮੰਤਰੀ ਨੇ ਕਿਹਾ ਕਿ ਇੱਕ ਏ.ਆਈ. (AI) ਪੋਰਟਲ ਵਿਕਸਿਤ ਕੀਤਾ ਜਾਵੇ ਜਿਸ ‘ਤੇ ਆਈ.ਟੀ.ਆਈ. ਅਤੇ ਹੁਨਰ ਵਿਕਾਸ ਦਾ ਪੂਰਾ ਡਾਟਾ ਅੱਪਲੋਡ ਕੀਤਾ ਜਾਵੇ ਤਾਂ ਜੋ ਲੋੜ ਪੈਣ ‘ਤੇ ਇਸ ਦੀ ਤੁਰੰਤ ਵਰਤੋਂ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਹਰ ਤੀਜੇ ਮਹੀਨੇ ਮੀਟਿੰਗ ਆਯੋਜਿਤ ਕਰਕੇ ਆਈ.ਟੀ.ਆਈ. ਅਤੇ ਹੁਨਰ ਵਿਕਾਸ ਦੇ ਕਾਰਜਾਂ ਦੀ ਸਮੀਖਿਆ ਕੀਤੀ ਜਾਵੇਗੀ ਤਾਂ ਜੋ ਇਨ੍ਹਾਂ ਯੋਜਨਾਵਾਂ ਨੂੰ ਛੇਤੀ ਅਮਲੀ ਜਾਮਾ ਪਹਿਨਾ ਕੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਯੋਗ ਬਣਾਇਆ ਜਾ ਸਕੇ।

ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਨੂੰ ਵਿਸ਼ਵ ਸਿੱਖਿਆ ਕੇਂਦਰ ਵਜੋਂ ਵਿਕਸਿਤ ਕੀਤਾ ਜਾਵੇਗਾ। ਪੰਚਕੂਲਾ ਅਤੇ ਗੁਰੂਗ੍ਰਾਮ ਵਿੱਚ ਏ.ਆਈ. ਹੱਬ ਬਣਾਇਆ ਜਾ ਰਿਹਾ ਹੈ। ਨੌਜਵਾਨਾਂ ਨੂੰ ਏ.ਆਈ. ਬਾਰੇ ਪੂਰੀ ਤਰ੍ਹਾਂ ਜਾਗਰੂਕ ਕੀਤਾ ਜਾਵੇਗਾ ਅਤੇ 2 ਲੱਖ ਨੌਜਵਾਨਾਂ ਨੂੰ ਹਾਰਡ ਸਕਿੱਲ ਦੀ ਸਿਖਲਾਈ ਵੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪ੍ਰਦੇਸ਼ ਦੀਆਂ ਮੌਜੂਦਾ ਸਾਰੀਆਂ ਆਈ.ਟੀ.ਆਈਜ਼ ਦਾ ਨਵੀਨੀਕਰਨ ਕੀਤਾ ਜਾਵੇਗਾ ਅਤੇ ਫਤਿਹਾਬਾਦ ਵਿੱਚ ਸ੍ਰੀ ਵਿਸ਼ਵਕਰਮਾ ਕੌਸ਼ਲ ਯੂਨੀਵਰਸਿਟੀ ਦਾ ਰੀਜਨਲ ਸੈਂਟਰ ਬਣਾਇਆ ਜਾਵੇਗਾ ਜੋ ਸੈਂਟਰ ਆਫ਼ ਐਕਸੀਲੈਸ ਵਜੋਂ ਕੰਮ ਕਰੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਨੌਜਵਾਨਾਂ ਦਾ ਸਰਵੇਖਣ ਕਰਵਾਇਆ ਜਾਵੇ ਜਿਸ ਵਿੱਚ ਖ਼ਾਸ ਕਰ ਤਕਨੀਕੀ ਤੌਰ ‘ਤੇ ਯੁਕਤ ਨੌਜਵਾਨਾਂ ਦੀ ਵੱਖਰੀ ਪਛਾਣ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਤਕਨੀਕੀ ਤੌਰ ‘ਤੇ ਨਿਪੁੰਨ ਬਣਾਉਣ ਲਈ ਆਈ.ਟੀ.ਆਈ. ਵਿੱਚ ਨਵੇਂ ਕੋਰਸ ਸ਼ੁਰੂ ਕੀਤੇ ਜਾਣ ਜਿਸ ਨਾਲ ਵੱਧ ਤੋਂ ਵੱਧ ਨੌਜਵਾਨਾਂ ਨੂੰ ਰੁਜ਼ਗਾਰ ਦੇ ਯੋਗ ਬਣਾਇਆ ਜਾ ਸਕੇ ਅਤੇ ਉਦਯੋਗਾਂ ਦੇ ਅਨੁਕੂਲ ਨਿਪੁੰਨ ਨੌਜਵਾਨ ਉਪਲਬਧ ਹੋ ਸਕਣ। ਪੀ.ਐੱਮ. ਸਵਨਿਧੀ ਯੋਜਨਾ ਤਹਿਤ ਨੌਜਵਾਨਾਂ ਨੂੰ ਸਵੈ-ਰੁਜ਼ਗਾਰ ਲਈ ਆਰਥਿਕ ਸਹਾਇਤਾ ਮੁਹੱਈਆ ਕਰਵਾਈ ਜਾ ਰਹੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਸੀ.ਈ.ਟੀ. ਪਾਸ ਨੌਜਵਾਨਾਂ ਨੂੰ 100 ਘੰਟੇ ਦਾ ਕੰਮ ਦਿੱਤਾ ਜਾਵੇਗਾ। ਦੋ ਸਾਲ ਤੱਕ ਰੁਜ਼ਗਾਰ ਨਾ ਮਿਲਣ ‘ਤੇ ਸਮਰੱਥ ਯੁਵਾ ਯੋਜਨਾ ਤਹਿਤ ਮਾਣ ਭੱਤਾ ਦਿੱਤਾ ਜਾਵੇਗਾ। ਸਰਵੇਖਣ ਦੌਰਾਨ 5 ਲੱਖ 40 ਹਜ਼ਾਰ 428 ਸੀ.ਈ.ਟੀ. ਨੌਜਵਾਨ ਪਾਸ ਹੋਏ ਹਨ। ਇਨ੍ਹਾਂ ਨੌਜਵਾਨਾਂ ਨੂੰ 1 ਨਵੰਬਰ ਤੋਂ ਯੋਜਨਾ ਦਾ ਲਾਭ ਦੇਣਾ ਯਕੀਨੀ ਬਣਾਇਆ ਜਾਵੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਨੌਜਵਾਨਾਂ ਲਈ ਨਵੀਂ ਸਿਖਲਾਈ ਸ਼ੁਰੂ ਕਰਨ ਲਈ ਹਰ ਜ਼ਿਲ੍ਹੇ ਵਿੱਚ ਮਾਡਲ ਆਈ.ਟੀ.ਆਈ. ਖੋਲ੍ਹਣ ਦੀ ਯੋਜਨਾ ਹੈ। ਇਸ ਤੋਂ ਇਲਾਵਾ ਹਰ ਬਲਾਕ ਪੱਧਰ ‘ਤੇ ਵੀ ਆਈ.ਟੀ.ਆਈ. ਖੋਲ੍ਹੀ ਜਾਵੇਗੀ। ਸੂਬੇ ਦੇ 143 ਬਲਾਕਾਂ ਵਿੱਚੋਂ 117 ਬਲਾਕਾਂ ਵਿੱਚ ਆਈ.ਟੀ.ਆਈ. ਚਲਾਈਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਚਰਖੀ ਦਾਦਰੀ ਦੇ ਝੋਝੂ ਕਲਾਂ, ਕਾਰੀਰੂਪਾ ਅਤੇ ਰਣਕੌਲੀ ਅਤੇ ਪਿੱਲੂ ਖੇੜਾ ਵਿੱਚ ਨਵੀਆਂ ਆਈ.ਟੀ.ਆਈ. ਖੋਲ੍ਹੀਆਂ ਜਾਣਗੀਆਂ। ਇਸ ਤੋਂ ਇਲਾਵਾ ਨਾਰਨੌਲ ਵਿੱਚ ਮਹਿਲਾ ਆਈ.ਟੀ.ਆਈ. ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ। ਪੰਚਕੂਲਾ ਦੇ ਬਰਵਾਲਾ, ਕੁਰੂਕਸ਼ੇਤਰ ਦੇ ਬਸੰਤਪੁਰ ਅਤੇ ਨਲਵੀ ਖੁਰਦ ਵਿੱਚ ਵੀ ਆਈ.ਟੀ.ਆਈ. ਦਾ ਨਿਰਮਾਣ ਕੀਤਾ ਜਾ ਰਿਹਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਨੌਜਵਾਨਾਂ ਨੂੰ ਏ.ਆਈ., ਰੋਬੋਟਿਕਸ, ਡਰੋਨ ਆਦਿ ਦੀ ਸਿਖਲਾਈ ਦੇਣ ਲਈ ਕਰਨਾਲ, ਪੰਚਕੂਲਾ, ਪਾਣੀਪਤ ਵਿੱਚ ਕੇਂਦਰ ਬਣਾਏ ਜਾ ਰਹੇ ਹਨ। ਇਨ੍ਹਾਂ ਕੇਂਦਰਾਂ ਵਿੱਚ ਸਿਖਿਆਰਥੀਆਂ ਲਈ ਆਧੁਨਿਕ ਪੱਧਰ ਦੀਆਂ ਮਸ਼ੀਨਾਂ ਉਪਲਬਧ ਕਰਵਾਈਆਂ ਜਾਣਗੀਆਂ। ਇਨ੍ਹਾਂ ਲਈ 20 ਕਰੋੜ ਰੁਪਏ ਦੀ ਰਾਸ਼ੀ ਖ਼ਰਚ ਕੀਤੀ ਜਾ ਰਹੀ ਹੈ।

ਮੀਟਿੰਗ ਵਿੱਚ ਪ੍ਰਧਾਨ ਸਕੱਤਰ ਵਿਜੇ ਦਹੀਆ, ਅਮਨੀਤ ਪੀ. ਕੁमार, ਮੁੱਖ ਮੰਤਰੀ ਦੇ ਉਪ ਪ੍ਰਮੁੱਖ ਸਕੱਤਰ ਯਸ਼ਪਾਲ ਯਾਦਵ, ਰਾਜਨੇਹਰੂ ਸਮੇਤ ਹੋਰ ਅਧਿਕਾਰੀ ਮੌਜੂਦ ਸਨ।