
ਚੰਡੀਗੜ੍ਹ, 22 ਮਾਰਚ – ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ, ਮੱਛੀ ਪਾਲਣ ਅਤੇ ਪਸ਼ੂ ਪਾਲਣ ਮੰਤਰੀ ਸ਼੍ਰੀ ਸ਼ਿਆਮ ਸਿੰਘ ਰਾਣਾ ਨੇ ਅੱਜ ਉਪ-ਮੰਡਲ ਰਾਦੌਰ ਵਿੱਚ ਲਗਭਗ 40 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਮਿੰਨੀ ਸਕੱਤਰੇਤ ਇਮਾਰਤ ਦਾ ਵਿਧੀਵਤ ਪੂਜਾ ਪਾਠ ਅਤੇ ਨਾਰੀਅਲ ਤੋੜ ਕੇ ਨੀਂਹ ਪੱਥਰ ਰੱਖਦੇ ਹੋਏ ਕਿਹਾ ਕਿ ਇਸ ਨਾਲ ਖੇਤਰ ਦੇ ਵਿਕਾਸ ਨੂੰ ਨਵੀਂ ਦਿਸ਼ਾ ਮਿਲੇਗੀ।
ਕੈਬਨਿਟ ਮੰਤਰੀ ਨੇ ਕਿਹਾ ਕਿ ਮਿੰਨੀ ਸਕੱਤਰੇਤ ਦੇ ਬਣਨ ਨਾਲ ਆਮ ਨਾਗਰਿਕਾਂ ਨੂੰ ਵੱਖ-ਵੱਖ ਸਰਕਾਰੀ ਸੇਵਾਵਾਂ ਇੱਕੋ ਥਾਂ ‘ਤੇ ਉਪਲਬਧ ਹੋਣਗੀਆਂ, ਜਿਸ ਨਾਲ ਸਮੇਂ ਅਤੇ ਸਾਧਨਾਂ ਦੀ ਬਚਤ ਹੋਵੇਗੀ। ਉਨ੍ਹਾਂ ਦੱਸਿਆ ਕਿ ਇਹ ਇਮਾਰਤ ਆਧੁਨਿਕ ਸਹੂਲਤਾਂ ਨਾਲ ਲੈਸ ਹੋਵੇਗੀ ਅਤੇ ਇਸ ਵਿੱਚ ਵੱਖ-ਵੱਖ ਵਿਭਾਗਾਂ ਦੇ ਦਫ਼ਤਰ ਇੱਕੋ ਕੰਪਲੈਕਸ ਵਿੱਚ ਚਲਾਏ ਜਾਣਗੇ। ਹਲਕੇ ਦੀ ਜਨਤਾ ਨੂੰ ਪ੍ਰਸ਼ਾਸਨ ਨਾਲ ਸਬੰਧਤ ਆਪਣੇ ਬਹੁਤੇ ਕੰਮ ਕਰਵਾਉਣ ਲਈ ਜ਼ਿਲ੍ਹੇ ਦੇ ਵੱਖ-ਵੱਖ ਸਥਾਨਾਂ ‘ਤੇ ਜਾਣ ਦੀ ਲੋੜ ਨਹੀਂ ਪਵੇਗੀ, ਅਜਿਹਾ ਹੋਣ ਨਾਲ ਪੈਸੇ ਅਤੇ ਸਮੇਂ ਦੋਵਾਂ ਦੀ ਬਚਤ ਹੋਵੇਗੀ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਰਾਦੌਰ ਵਿੱਚ ਬਣਨ ਵਾਲੇ ਮਿੰਨੀ ਸਕੱਤਰੇਤ ਵਿੱਚ ਉਪ-ਮੰਡਲ ਮੈਜਿਸਟ੍ਰੇਟ (SDM) ਦਫ਼ਤਰ , ਤਹਿਸੀਲ ਦਫ਼ਤਰ ਅਤੇ ਅਦਾਲਤ ,ਈ-ਦਿਸ਼ਾ ਕੇਂਦਰ ,ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ (BDPO) ਦਫ਼ਤਰ ,ਉਪ-ਮੰਡਲ ਸਿੱਖਿਆ ਅਫ਼ਸਰ ਦਫ਼ਤਰ , ਖ਼ਜ਼ਾਨਾ (ਟਰੇਜ਼ਰੀ) ਦਫ਼ਤਰ, ਡਾਕਖਾਨਾ, ਸਰਕਾਰੀ ਬੈਂਕ , ਡੀ.ਐੱਸ.ਪੀ. (DSP) ਦਫ਼ਤਰ, ਨਗਰਪਾਲਿਕਾ ਦਫ਼ਤਰ , ਐੱਸ.ਡੀ.ਓ. ਖੇਤੀਬਾੜੀ ਦਫ਼ਤਰ, ਚੋਣ ਦਫ਼ਤਰ, ਪਸ਼ੂ ਪਾਲਣ ਦਫ਼ਤਰ , ਐਕਸਾਈਜ਼ ਐਂਡ ਟੈਕਸੇਸ਼ਨ ਦਫ਼ਤਰ, ਏ.ਆਈ.ਪੀ.ਆਰ.ਓ. ਦਫ਼ਤਰ, ਉਦਯੋਗ ਦਫ਼ਤਰ, ਸੂਚਨਾ ਅਤੇ ਪ੍ਰਸਾਰਣ ਆਦਿ ਦਫ਼ਤਰ ਹੋਣਗੇ।
ਇਸ ਤੋਂ ਬਾਅਦ ਕੈਬਨਿਟ ਮੰਤਰੀ ਸ਼੍ਰੀ ਸ਼ਿਆਮ ਸਿੰਘ ਰਾਣਾ ਨੇ ਅਨਾਜ ਮੰਡੀ ਰਾਦੌਰ ਵਿੱਚ ਮਾਰਕੀਟ ਕਮੇਟੀ ਦੇ ਸਹਿਯੋਗ ਨਾਲ ਸਵੈ-ਸਹਾਇਤਾ ਸਮੂਹ ਦੀਆਂ ਔਰਤਾਂ ਵੱਲੋਂ ਖੋਲ੍ਹੀ ਗਈ ‘ਅਟਲ ਕਿਸਾਨ ਮਜ਼ਦੂਰ ਕੈਂਟੀਨ’ ਦਾ ਰਿਬਨ ਕੱਟ ਕੇ ਵਿਧੀਵਤ ਉਦਘਾਟਨ ਕੀਤਾ। ਇਸ ਕੈਂਟੀਨ ਦਾ ਸੰਚਾਲਨ ਸਵੈ-ਸਹਾਇਤਾ ਸਮੂਹ ਦੀਆਂ ਔਰਤਾਂ ਵੱਲੋਂ ਕੀਤਾ ਜਾਵੇਗਾ।
ਕੈਬਨਿਟ ਮੰਤਰੀ ਨੇ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਦੀ ਸੋਚ ਹੈ ਕਿ ਹਰ ਵਰਗ ਦੇ ਨਾਲ-ਨਾਲ ਕਿਸਾਨ-ਮਜ਼ਦੂਰ ਅਤੇ ਲੋੜਵੰਦਾਂ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਲਾਭ ਮਿਲੇ। ਇਸੇ ਕੜੀ ਤਹਿਤ ਮਾਰਕੀਟ ਕਮੇਟੀ ਦੇ ਸਹਿਯੋਗ ਨਾਲ ਅਨਾਜ ਮੰਡੀ ਵਿੱਚ ਆਉਣ ਵਾਲੇ ਕਿਸਾਨਾਂ, ਮਜ਼ਦੂਰਾਂ ਅਤੇ ਹੋਰ ਗਰੀਬ ਲੋਕਾਂ ਨੂੰ ਬਹੁਤ ਘੱਟ ਪੈਸਿਆਂ ਵਿੱਚ ਭੋਜਨ ਮੁਹੱਈਆ ਕਰਵਾਇਆ ਜਾਵੇਗਾ, ਤਾਂ ਜੋ ਪਿੰਡਾਂ ਤੋਂ ਆਉਣ ਵਾਲੇ ਕਿਸਾਨਾਂ ਅਤੇ ਮੰਡੀ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਆਸਾਨੀ ਨਾਲ ਪੇਟ ਭਰ ਕੇ ਭੋਜਨ ਦਿੱਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਕਿਸਾਨਾਂ, ਮਜ਼ਦੂਰਾਂ ਅਤੇ ਗਰੀਬ ਵਿਅਕਤੀਆਂ ਨੂੰ 10 ਰੁਪਏ ਪ੍ਰਤੀ ਥਾਲੀ ਦੇ ਹਿਸਾਬ ਨਾਲ ਭੋਜਨ ਦਿੱਤਾ ਜਾਵੇਗਾ। ਇਸ ਕੈਂਟੀਨ ਵਿੱਚ ਕੋਈ ਵੀ ਕਿਸਾਨ-ਮਜ਼ਦੂਰ ਜਾਂ ਹੋਰ ਵਿਅਕਤੀ ਆ ਕੇ ਭੋਜਨ ਕਰ ਸਕਦਾ ਹੈ।
ਇਸ ਮੌਕੇ ਸਾਬਕਾ ਵਿਧਾਇਕ ਸ਼੍ਰੀ ਈਸ਼ਵਰ ਸਿੰਘ ਪਲਾਕਾ, ਮਾਰਕੀਟ ਕਮੇਟੀ ਦੇ ਚੇਅਰਮੈਨ ਸ਼੍ਰੀ ਰੁਪਿੰਦਰ ਸਿੰਘ ਮੱਲੀ ਅਤੇ ਹੋਰ ਮਾਣਯੋਗ ਮੌਜ਼ਦ ਸਨ।