Wednesday, July 1Malwa News
Shadow

ਕੀ ਹੈ ਪੱਗ ਦੀ ਅਹਿਮੀਅਤ, ਨੌਜਵਾਨਾਂ ਨੂੰ ਜ਼ਰੂਰ ਦੇਖਣੀ ਚਾਹੀਦੀ ਹੈ ਫਿਲਮ ‘ਦਸਤਾਰ’, ਟ੍ਰੇਲਰ ਹੋਇਆ ਰਿਲੀਜ਼

Dastaar Trailer Out: ਕਾਫੀ ਸਮੇਂ ਤੋਂ ਉਡੀਕੀ ਜਾ ਰਹੀ ਪੰਜਾਬੀ ਫਿਲਮ ‘ਦਸਤਾਰ’ ਦਾ ਟ੍ਰੇਲਰ ਆਖਿਰਕਾਰ ਰਿਲੀਜ਼ ਹੋ ਗਿਆ ਹੈ। ਟ੍ਰੇਲਰ ਨੂੰ ਰਿਲੀਜ਼ ਹੁੰਦੇ ਹੀ ਕਾਫੀ ਪਿਆਰ ਨਾਲ ਨਿਵਾਜ਼ਿਆ ਜਾ ਰਿਹਾ ਹੈ। ਦਸਤਾਰ ਯਾਨੀ ਪੱਗ ਦੀ ਅਹਿਮੀਅਤ ਸਮਝਾਉਂਦੀ ਇਸ ਫਿਲਮ ਦਾ ਨਿਰਦੇਸ਼ਨ ਅਮਰ ਹੁੰਦਲ ਦੁਆਰਾ ਕੀਤਾ ਗਿਆ ਹੈ, ਜੋ ਇਸ ਤੋਂ ਪਹਿਲਾਂ ਧਾਰਮਿਕ ਫਿਲਮ ‘ਬੀਬੀ ਰਜਨੀ’ ਤੋਂ ਇਲਾਵਾ ਵੈੱਬ ਸੀਰੀਜ਼ ‘ਵਾਰਨਿੰਗ’ ਅਤੇ ‘ਬੱਬਰ’ ਦਾ ਨਿਰਦੇਸ਼ਨ ਵੀ ਕਰ ਚੁੱਕੇ ਹਨ।

ਕਿਵੇਂ ਦਾ ਹੈ ਫਿਲਮ ਦਾ ਟ੍ਰੇਲਰ

ਇਸ ਦੌਰਾਨ ਜੇਕਰ ਫਿਲਮ ਦੇ ਟ੍ਰੇਲਰ ਦੀ ਗੱਲ ਕਰੀਏ ਤਾਂ ਫਿਲਮ ਵਿੱਚ ਸਿੱਖਾਂ ਨਾਲ ਵਿਦੇਸ਼ਾਂ ਵਿੱਚ ਹੁੰਦੇ ਪੱਖ-ਪਾਤ ਨੂੰ ਦਿਖਾਇਆ ਗਿਆ ਹੈ, ਟ੍ਰੇਲਰ ਵਿੱਚ ਇੱਕ ਸਮਾਂ ਅਜਿਹਾ ਵੀ ਆਉਂਦਾ ਹੈ, ਜਦੋਂ ਮਜ਼ਬੂਰੀ ਕਾਰਨ ਪੰਜਾਬੀਆਂ ਨੂੰ ਵਿਦੇਸ਼ ਵਿੱਚ ਹਥਿਆਰ ਉਠਾਉਣੇ ਪੈਂਦੇ ਹਨ, ਜਿਸ ਦਾ ਇੱਕੋ-ਇੱਕ ਕਾਰਨ ਭਾਰਤੀਆਂ ਨਾਲ ਵਿਦੇਸ਼ਾਂ ਵਿੱਚ ਹੁੰਦੀ ਦੁਰਦਸ਼ਾ ਹੈ। ਟ੍ਰੇਲਰ ਦੇ ਡਾਇਲਾਗ ਕਾਫੀ ਜੋਸ਼ ਨਾਲ ਭਰੇ ਹੋਏ ਹਨ। ਫਿਲਮ ਯਕੀਨਨ ਨੌਜਵਾਨਾਂ ਨੂੰ ਪੱਗ ਦੀ ਅਹਿਮੀਅਤ ਅਤੇ ਪੱਗ ਲਈ ਕੀਤੀਆਂ ਕੁਰਬਾਨੀਆਂ ਦੀ ਯਾਦ ਦਿਵਾਏਗੀ।

‘ਵਾਈਟ ਹਿੱਲ ਸਟੂਡਿਓਜ਼’ ਦੁਆਰਾ ਵੱਡੇ ਸੈੱਟਅੱਪ ਅਤੇ ਵਿਸ਼ਾਲ ਕੈਨਵਸ ਅਧੀਨ ਵਜ਼ੂਦ ਵਿੱਚ ਲਿਆਂਦੀ ਜਾ ਰਹੀ ਹੈ ਉਕਤ ਫਿਲਮ, ਜਿਸ ਦਾ ਲੇਖਣ ਧੀਰਜ ਕੇਦਾਰਨਾਥ ਰਤਨ ਨੇ ਕੀਤਾ ਹੈ। ਲੰਦਨ ਦੇ ਵੱਖ-ਵੱਖ ਹਿੱਸਿਆ ਵਿੱਚ ਫਿਲਮਾਈ ਗਈ ਹੈ ਉਕਤ ਫਿਲਮ, ਜਿਸ ਵਿੱਚ ਸਿੱਖਾਂ ਦੇ ਮੁੱਢਲੇ ਵਿਦੇਸ਼ ਪ੍ਰਵਾਸ ਪੜਾਵਾਂ ਨੂੰ ਬਹੁਤ ਹੀ ਭਾਵੁਕ ਅਤੇ ਪ੍ਰਭਾਵੀ ਢੰਗ ਦੁਆਰਾ ਦਰਸਾਇਆ ਗਿਆ, ਜਿਸ ਵਿੱਚ ਬਹੁ-ਆਯਾਮੀ ਅਦਾਕਾਰ ਤਰਸੇਮ ਜੱਸੜ੍ਹ ਦਾ ਇੱਕ ਹੋਰ ਸ਼ਾਨਦਾਰ ਅੰਦਾਜ਼ ਅਤੇ ਅਵਤਾਰ ਦਰਸ਼ਕਾਂ ਨੂੰ ਵੇਖਣ ਨੂੰ ਮਿਲੇਗਾ।

ਟ੍ਰੇਲਰ ਦੇਖ ਕੇ ਕੀ ਬੋਲੇ ਪ੍ਰਸ਼ੰਸਕ

ਟ੍ਰੇਲਰ ਨੂੰ ਪ੍ਰਸ਼ੰਸਕ ਕਾਫੀ ਪਿਆਰ ਦੇ ਰਹੇ ਹਨ, ਇੱਕ ਨੇ ਲਿਖਿਆ, “ਦਸਤਾਰ ਸਾਡੀ ਸ਼ਾਨ ਹੈ, ਇਹ ਮੂਵੀ ਵੀ ਸਾਡੇ ਲਈ ਬਹੁਤ ਹੀ ਜਿਆਦਾ ਵਧੀਆ ਕਹਾਣੀ ਲੈ ਕੇ ਆ ਰਹੀ ਹੈ, ਮੁਲਖਾਂ ਦੇ ਵਿੱਚ ਜਦੋਂ ਪੰਜਾਬੀ ਨਾਲ ਇੰਨਾ ਧੱਕਾ ਹੁੰਦਾ ਸੀ, ਮੈਂ ਪੂਰੀ ਟੀਮ ਨੂੰ ਵਧਾਈਆਂ ਦਿੰਦਾ।” ਇੱਕ ਹੋਰ ਨੇ ਲਿਖਿਆ, “ਸਾਨੂੰ ਹਮੇਸ਼ਾ ਮਾਣ ਰਹੂਗਾ ਕਿ ਇਹ ਦਸਤਾਰ ਸਾਡੇ ਸਿੱਖਾਂ ਦੇ ਹਿੱਸੇ ਆਈ, ਜ਼ੁਲਮ, ਜੰਗ, ਬੇਇਨਸਾਫ਼ੀ ਤੇ ਬੇਵੱਸ ਲੋਕਾਂ ਨਾਲ ਖੜਨ ਦੀ ਮੁੱਢ ਤੋਂ ਰੀਤ ਸਿੱਖਾਂ ਦੀ ਹਮੇਸ਼ਾ ਕਾਇਮ ਰਹੇਗੀ ਚੜਦੀਕਲਾ।” ਹੋਰ ਵੀ ਬਹੁਤ ਸਾਰੇ ਪ੍ਰਸ਼ੰਸਕ ਤਰਸੇਮ ਜੱਸੜ ਦੀ ਇਸ ਫਿਲਮ ਕਾਰਨ ਤਾਰੀਫ਼ ਕਰ ਰਹੇ ਹਨ।

ਸਟਾਰ ਕਾਸਟ ਅਤੇ ਫਿਲਮ ਕਦੋਂ ਹੋਏਗੀ ਰਿਲੀਜ਼

ਫਿਲਮ ਵਿੱਚ ਤਰਸੇਮ ਜੱਸੜ੍ਹ ਤੋਂ ਇਲਾਵਾ ਗੀਤ ਗੋਰਾਇਆ, ਯੋਗਰਾਜ ਸਿੰਘ, ਸਰਬਜੀਤ ਚੀਮਾ, ਅਮਨ ਧਾਲੀਵਾਲ, ਨੀਟਾ ਮਹਿੰਦਰਾ, ਅਸ਼ੀਸ਼ ਦੁੱਗਲ, ਕਾਇਲ ਰੋਅ, ਜੇਸਨ ਲੈਂਬਰਟ, ਅਮਨ ਸੁਤਧਰ, ਜਪਤੇਜ ਸਿੰਘ, ਦੀਪਕ ਕੰਬੋਜ, ਮਨਜੋਤ ਸਿੰਘ, ਵਿਕਰਮਜੀਤ ਸਿੰਘ ਖਹਿਰਾ, ਟੈਡੀ ਜੇਅ ਵਰਗੇ ਮੰਝੇ ਹੋਏ ਕਲਾਕਾਰ ਸ਼ਾਮਿਲ ਹਨ। ਫਿਲਮ 17 ਜੁਲਾਈ 2026 ਨੂੰ ਰਿਲੀਜ਼ ਹੋਣ ਜਾ ਰਹੀ ਹੈ।