Saturday, June 20Malwa News
Shadow

ਹਰਿਆਣਾ ਲੋਕ ਭਵਨ ਵਿੱਚ ਸ਼ਾਨਦਾਰ ਢੰਗ ਨਾਲ ਮਨਾਇਆ ਗਿਆ ਪੱਛਮੀ ਬੰਗਾਲ ਸਥਾਪਨਾ ਦਿਵਸ

ਚੰਡੀਗੜ੍ਹ, 20 ਜੂਨ – ਹਰਿਆਣਾ ਲੋਕ ਭਵਨ ਵਿੱਚ ਅੱਜ ਪੱਛਮੀ ਬੰਗਾਲ ਸਥਾਪਨਾ ਦਿਵਸ ਬੜੇ ਉਤਸ਼ਾਹ, ਮਾਣ ਅਤੇ ਸੱਭਿਆਚਾਰਕ ਉੱਲਾਸ ਨਾਲ ਮਨਾਇਆ ਗਿਆ। ਇਸ ਮੌਕੇ ਹਰਿਆਣਾ ਦੇ ਰਾਜਪਾਲ ਪ੍ਰੋ. ਅਸੀਮ ਕੁਮਾਰ ਘੋਸ਼, ਫ਼ਸਟ ਲੇਡੀ ਸ੍ਰੀਮਤੀ ਮਿਤਰਾ ਘੋਸ਼, ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਸ੍ਰੀ ਗੁਲਾਬ ਚੰਦ ਕਟਾਰੀਆ, ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ, ਉਨ੍ਹਾਂ ਦੀ ਧਰਮ ਪਤਨੀ ਸ੍ਰੀਮਤੀ ਸੁਮਨ ਸੈਣੀ ਅਤੇ ਹਰਿਆਣਾ ਵਿਧਾਨਸਭਾ ਦੇ ਸਪੀਕਰ ਸ੍ਰੀ ਹਰਵਿੰਦਰ ਸਿੰਘ ਕਲਿਆਣ ਅਤੇ ਉਨ੍ਹਾਂ ਦੀ ਧਰਮ ਪਤਨੀ ਸ੍ਰੀਮਤੀ ਰੇਸ਼ਮਾ ਕਲਿਆਣ, ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ ਸਮੇਤ ਕਈ ਮਾਣਯੋਗ ਵਿਅਕਤੀ ਮੌਜੂਦ ਸਨ।

ਸਮਾਰੋਹ ਨੂੰ ਸੰਬੋਧਿਤ ਕਰਦਿਆਂ ਹਰਿਆਣਾ ਦੇ ਰਾਜਪਾਲ ਪ੍ਰੋ. ਅਸੀਮ ਕੁਮਾਰ ਘੋਸ਼ ਨੇ ਸਮੂਹ ਹਾਜ਼ਰੀਨ ਨੂੰ ਪੱਛਮੀ ਬੰਗਾਲ ਸਥਾਪਨਾ ਦਿਵਸ ਦੀਆਂ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਪੱਛਮੀ ਬੰਗਾਲ ਸਿਰਫ਼ ਇੱਕ ਰਾਜ ਨਹੀਂ, ਸਗੋਂ ਭਾਰਤ ਦੀ ਸੱਭਿਆਚਾਰਕ, ਬੌਧਿਕ ਅਤੇ ਅਧਿਆਤਮਿਕ ਚੇਤਨਾ ਦਾ ਇੱਕ ਮਜ਼ਬੂਤ ਕੇਂਦਰ ਰਿਹਾ ਹੈ। ਪੱਛਮੀ ਬੰਗਾਲ ਦੇ ਲੋਕ ਆਪਣੀ ਅਮੀਰ ਵਿਰਾਸਤ, ਪਰੰਪਰਾਵਾਂ ਅਤੇ ਸੱਭਿਆਚਾਰਕ ਮੁੱਲਾਂ ਨੂੰ ਆਪਣੇ ਦਿਲ ਵਿੱਚ ਸੰਭਾਲ ਕੇ ਰੱਖਦੇ ਹਨ।

ਰਾਜਪਾਲ ਨੇ ਕਿਹਾ ਕਿ ਬੰਗਾਲ ਨੇ ਭਾਰਤ ਦੇ ਨਵਜਾਗਰਣ ਵਿੱਚ ਨਾ ਸਿਰਫ਼ ਹਿੱਸਾ ਲਿਆ, ਸਗੋਂ ਉਸ ਦੀ ਅਗਵਾਈ ਵੀ ਕੀਤੀ। ਸਮਾਜ ਸੁਧਾਰ, ਸਿੱਖਿਆ, ਸਾਹਿਤ, ਕਲਾ, ਵਿਗਿਆਨ ਅਤੇ ਸੁਤੰਤਰਤਾ ਸੰਗਰਾਮ ਦੇ ਖੇਤਰ ਵਿੱਚ ਪੱਛਮੀ ਬੰਗਾਲ ਦਾ ਯੋਗਦਾਨ ਅਦੁੱਤੀ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਧਰਤੀ ਨੇ ਅਜਿਹੇ ਮਹਾਨ ਵਿਅਕਤੀ ਦਿੱਤੇ, ਜਿਨ੍ਹਾਂ ਨੇ ਨਾ ਸਿਰਫ਼ ਭਾਰਤ ਸਗੋਂ ਪੂਰੀ ਦੁਨੀਆ ਨੂੰ ਨਵੀਂ ਦਿਸ਼ਾ ਪ੍ਰਦਾਨ ਕੀਤੀ।

ਰਾਜਪਾਲ ਪ੍ਰੋ. ਅਸੀਮ ਕੁਮਾਰ ਘੋਸ਼ ਨੇ ਕਿਹਾ ਕਿ ਪੱਛਮੀ ਬੰਗਾਲ ਆਪਣੀ ਅਮੀਰ ਸੱਭਿਆਚਾਰਕ ਵਿਰਾਸਤ, ਸਾਹਿਤ, ਸੰਗੀਤ, ਕਲਾ, ਦਸਤਕਾਰੀ ਅਤੇ ਲੋਕ ਪਰੰਪਰਾਵਾਂ ਲਈ ਦੁਨੀਆ ਭਰ ਵਿੱਚ ਮਸ਼ਹੂਰ ਹੈ। ਉਨ੍ਹਾਂ ਕਿਹਾ ਕਿ ਵਿਭਿੰਨਤਾਵਾਂ ਨਾਲ ਭਰੇ ਭਾਰਤ ਦੀ ਸ਼ਕਤੀ ਉਸ ਦੀ ਸੱਭਿਆਚਾਰਕ ਏਕਤਾ ਵਿੱਚ ਨਿਹਿਤ ਹੈ ਅਤੇ ਅਜਿਹੇ ਆਯੋਜਨ “ਏਕ ਭਾਰਤ-ਸ੍ਰੇਸ਼ਠ ਭਾਰਤ” ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਦੇ ਹਨ।

ਇਸ ਤੋਂ ਪਹਿਲਾਂ ਸਮਾਰੋਹ ਨੂੰ ਸੰਬੋਧਿਤ ਕਰਦਿਆਂ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਪੱਛਮੀ ਬੰਗਾਲ ਸਥਾਪਨਾ ਦਿਵਸ ਦੇ ਮੌਕੇ ‘ਤੇ ਸਾਰਿਆਂ ਨੂੰ ਵਧਾਈਆਂ ਦਿੱਤੀਆਂ। ਉਨ੍ਹਾਂ ਕਿਹਾ ਕਿ ਵੱਖ-ਵੱਖ ਰਾਜਾਂ ਦੇ ਸਥਾਪਨਾ ਦਿਵਸ ਮਨਾਉਣ ਦੀ ਪਰਿਕਲਪਨਾ ਦਾ ਸਿਹਰਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਜਾਂਦਾ ਹੈ, ਜਿਨ੍ਹਾਂ ਨੇ ‘ਏਕ ਭਾਰਤ, ਸ੍ਰੇਸ਼ਠ ਭਾਰਤ’ ਦੀ ਭਾਵਨਾ ਨੂੰ ਮਜ਼ਬੂਤ ਕਰਨ ਲਈ ਇਸ ਨਵੀਨਤਾਕਾਰੀ ਪਹਿਲਕਦਮੀ ਦੀ ਸ਼ੁਰੂਆਤ ਕੀਤੀ। ਇਸ ਪਹਿਲਕਦਮੀ ਰਾਹੀਂ ਦੇਸ਼ ਦੇ ਵੱਖ-ਵੱਖ ਰਾਜਾਂ ਦੇ ਸੱਭਿਆਚਾਰ, ਪਰੰਪਰਾਵਾਂ, ਭਾਸ਼ਾ, ਕਲਾ ਅਤੇ ਵਿਰਾਸਤ ਨੂੰ ਜਾਣਨ ਅਤੇ ਸਮਝਣ ਦਾ ਮੌਕਾ ਮਿਲਦਾ ਹੈ। ਉਨ੍ਹਾਂ ਦੇਸ਼ ਦੇ ਸਮਾਜਿਕ, ਸੱਭਿਆਚਾਰਕ, ਸਾਹਿਤਕ ਅਤੇ ਰਾਸ਼ਟਰੀ ਜੀਵਨ ਨੂੰ ਅਮੀਰ ਬਣਾਉਣ ਵਿੱਚ ਪੱਛਮੀ ਬੰਗਾਲ ਦੇ ਮਹੱਤਵਪੂਰਨ ਯੋਗਦਾਨ ‘ਤੇ ਵੀ ਚਾਨਣਾ ਪਾਇਆ।

ਪੱਛਮੀ ਬੰਗਾਲ ਨੇ ਭਾਰਤ ਦੇ ਨਵਜਾਗਰਣ ਦੀ ਅਗਵਾਈ ਕੀਤੀ – ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਪੱਛਮੀ ਬੰਗਾਲ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਇਹ ਸਿਰਫ਼ ਇੱਕ ਉਤਸਵ ਦਾ ਮੌਕਾ ਨਹੀਂ ਹੈ, ਸਗੋਂ ਉਸ ਮਹਾਨ ਧਰਤੀ ਨੂੰ ਨਮਨ ਕਰਨ ਦਾ ਦਿਨ ਹੈ ਜਿਸ ਨੇ ਭਾਰਤ ਨੂੰ ਸੋਚਣਾ ਸਿਖਾਇਆ, ਜਾਗਣਾ ਸਿਖਾਇਆ ਅਤੇ ਬੇਇਨਸਾਫ਼ੀ ਵਿਰੁੱਧ ਸੰਘਰਸ਼ ਕਰਨਾ ਸਿਖਾਇਆ। ਉਨ੍ਹਾਂ ਕਿਹਾ ਕਿ ਇਹ ਉਹੀ ਧਰਤੀ ਹੈ ਜਿਸ ਨੇ ਗੁਰੂਦੇਵ ਰਵਿੰਦਰ ਨਾਥ ਟੈਗੋਰ ਦਿੱਤੇ ਜਿਨ੍ਹਾਂ ਦੇ ਸ਼ਬਦਾਂ ਨੇ ਰਾਸ਼ਟਰ ਦੀ ਆਤਮਾ ਨੂੰ ਜਗਾਇਆ। ਜਿਸ ਨੇ ਸਵਾਮੀ ਵਿਵੇਕਾਨੰਦ ਵਰਗੇ ਮਹਾਨ ਸੰਤ ਨੂੰ ਜਨਮ ਦਿੱਤਾ, ਜਿਨ੍ਹਾਂ ਦੇ ਓਜਸਵੀ ਵਿਚਾਰਾਂ ਅਤੇ ਇਤਿਹਾਸਕ ਸੰਬੋਧਨ ਨੇ ਪੂਰੀ ਦੁਨੀਆ ਵਿੱਚ ਭਾਰਤ ਦੀ ਅਧਿਆਤਮਿਕ ਅਤੇ ਸੱਭਿਆਚਾਰਕ ਪਛਾਣ ਨੂੰ ਨਵੀਆਂ ਉਚਾਈਆਂ ਤੱਕ ਪਹੁੰਚਾਇਆ। ਇਹ ਉਹੀ ਧਰਤੀ ਹੈ ਜਿਸ ਨੇ ਨੇਤਾਜੀ ਸੁਭਾਸ਼ ਚੰਦਰ ਬੋਸ ਵਰਗੇ ਅਦੁੱਤੀ ਸੁਤੰਤਰਤਾ ਸੈਨਾਨੀ ਦਿੱਤੇ, ਜਿਨ੍ਹਾਂ ਦੀ ਅਪੀਲ – “ਤੁਸੀਂ ਮੈਨੂੰ ਖੂਨ ਦਿਓ, ਮੈਂ ਤੁਹਾਨੂੰ ਆਜ਼ਾਦੀ ਦਿਆਂਗਾ”—ਅੱਜ ਵੀ ਦੇਸ਼ ਵਾਸੀਆਂ ਦੇ ਦਿਲਾਂ ਵਿੱਚ ਰਾਸ਼ਟਰ ਭਗਤੀ ਦੀ ਭਾਵਨਾ ਦਾ ਸੰਚਾਰ ਕਰਦਾ ਹੈ। ਉਨ੍ਹਾਂ ਕਿਹਾ ਕਿ ਸ਼੍ਰੀ ਰਾਮਕ੍ਰਿਸ਼ਨ ਪਰਮਹੰਸ ਦਿੱਤੇ ਜਿਨ੍ਹਾਂ ਦੀ ਕਿਰਪਾ ਨਾਲ ਬੰਗਾਲ ਅਧਿਆਤਮਿਕਤਾ ਦੀ ਰਾਜਧਾਨੀ ਬਣਿਆ।

ਮੁੱਖ ਮੰਤਰੀ ਨੇ ਕਿਹਾ ਕਿ ਬੰਗਾਲ ਨੇ ਭਾਰਤ ਦੇ ਨਵਜਾਗਰਣ ਵਿੱਚ ਨਾ ਸਿਰਫ਼ ਭਾਗੀਦਾਰੀ ਕੀਤੀ, ਸਗੋਂ ਉਸ ਦੀ ਅਗਵਾਈ ਵੀ ਕੀਤੀ। ਸਾਹਿਤ, ਕਲਾ, ਸਿੱਖਿਆ, ਸਮਾਜ ਸੁਧਾਰ ਅਤੇ ਸੁਤੰਤਰਤਾ ਅੰਦੋਲਨ ਦੇ ਖੇਤਰ ਵਿੱਚ ਪੱਛਮੀ ਬੰਗਾਲ ਦਾ ਯੋਗਦਾਨ ਅਦੁੱਤੀ ਰਿਹਾ ਹੈ।

ਉਨ੍ਹਾਂ ਕਿਹਾ ਕਿ ਅੱਜ ਭਾਰਤ ਆਰਥਿਕ, ਸਮਾਜਿਕ ਅਤੇ ਤਕਨੀਕੀ ਦ੍ਰਿਸ਼ਟੀਕੋਣ ਤੋਂ ਨਵੀਆਂ ਉਚਾਈਆਂ ਨੂੰ ਛੂਹ ਰਿਹਾ ਹੈ। ਮੁੱਖ ਮੰਤਰੀ ਨੇ ਵਿਸ਼ਵਾਸ ਪ੍ਰਗਟਾਇਆ ਕਿ ਪੱਛਮੀ ਬੰਗਾਲ, ਜਿਸ ਦੀ ਪਛਾਣ ਅਮੀਰ ਬੌਧਿਕ ਵਿਰਾਸਤ, ਊਰਜਾਵਾਨ ਯੁਵਾ ਸ਼ਕਤੀ, ਰਣਨੀਤਕ ਭੂਗੋਲਿਕ ਸਥਿਤੀ ਅਤੇ ਸੱਭਿਆਚਾਰਕ ਅਮੀਰੀ ਨਾਲ ਹੈ, ‘ਆਤਮਨਿਰਭਰ ਭਾਰਤ’ ਅਤੇ ‘ਵਿਕਸਿਤ ਭਾਰਤ-2047’ ਦੇ ਸੰਕਲਪ ਨੂੰ ਸਾਕਾਰ ਕਰਨ ਵਿੱਚ ਮੋਹਰੀ ਭੂਮਿਕਾ ਨਿਭਾਏਗਾ।

ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦਾ ਸੁਪਨਾ ਹੈ ਕਿ ਬੰਗਾਲ ‘ਪੂਰਵੋਦਯ’ ਦਾ ਕੇਂਦਰ ਬਣੇ ਅਤੇ ਪੂਰਬੀ ਭਾਰਤ ਦੇ ਵਿਕਾਸ ਦਾ ਇੰਜਣ ਬਣੇ। ਇਹ ਸੁਪਨਾ ਉਦੋਂ ਹੀ ਸਾਕਾਰ ਹੋਵੇਗਾ ਜਦੋਂ ਅਸੀਂ ਆਪਣੀਆਂ ਰਵਾਇਤੀ ਸ਼ਕਤੀਆਂ ਨੂੰ ਨਵੀਨਤਾ, ਉੱਦਮਸ਼ੀਲਤਾ ਅਤੇ ਨਵੀਂ ਸੋਚ ਨਾਲ ਜੋੜਦੇ ਹੋਏ ਵਿਕਾਸ ਦੀਆਂ ਨਵੀਆਂ ਸੰਭਾਵਨਾਵਾਂ ਨੂੰ ਸਾਕਾਰ ਕਰਾਂਗੇ।

ਸਮਾਰੋਹ ਦੌਰਾਨ ਪੱਛਮੀ ਬੰਗਾਲ ਦੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਪ੍ਰਦਰਸ਼ਿਤ ਕਰਦੇ ਹੋਏ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ। ਮਿਸ਼ਟੀ ਅੱਡਾ ਦੇ ਕਲਾਕਾਰਾਂ ਅਤੇ ਪੰਡਿਤ ਸੁਭਾਸ਼ ਘੋਸ਼ ਦੀ ਟੀਮ ਨੇ ਰਵਾਇਤੀ ਲੋਕ ਨਾਚ, ਸੰਗੀਤ ਅਤੇ ਸੱਭਿਆਚਾਰਕ ਪੇਸ਼ਕਾਰੀਆਂ ਰਾਹੀਂ ਪੱਛਮੀ ਬੰਗਾਲ ਦੇ ਗੌਰਵਸ਼ਾਲੀ ਸੱਭਿਆਚਾਰ ਦੀ ਝਲਕ ਪੇਸ਼ ਕੀਤੀ, ਜਿਸ ਦੀ ਮੌਜੂਦ ਮਹਿਮਾਨਾਂ ਨੇ ਸ਼ਲਾਘਾ ਕੀਤੀ।

ਇਸ ਮੌਕੇ ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਸ੍ਰੀ ਰਾਜੇਸ਼ ਖੁੱਲਰ, ਪੁਲਿਸ ਡਾਇਰੈਕਟਰ ਜਨਰਲ ਸ੍ਰੀ ਅਜੇ ਸਿੰਘਲ, ਵਧੀਕ ਪੁਲਿਸ ਡਾਇਰੈਕਟਰ ਜਨਰਲ ਸ੍ਰੀ ਸੌਰਭ ਸਿੰਘ, ਰਾਜਪਾਲ ਦੇ ਸਕੱਤਰ ਸ੍ਰੀ ਵਿਜੇ ਕੁਮਾਰ ਭਾਵਿਕੱਟੀ, ਰਾਜਪਾਲ ਦੇ ਏ.ਡੀ.ਸੀ. ਸ੍ਰੀ ਧੀਰਜ ਸੇਤੀਆ ਸਮੇਤ ਕਈ ਮਾਣਯੋਗ ਵਿਅਕਤੀ ਮੌਜੂਦ ਸਨ।