Monday, August 17Malwa News
Shadow

Warning 3 Shooting: ‘ਵਾਰਨਿੰਗ 3’ ਦੀ ਸ਼ੂਟਿੰਗ ਲਈ ਮਲੇਰਕੋਟਲਾ ਪੁੱਜੇ ਗਿੱਪੀ ਗਰੇਵਾਲ, ਦੇਖੋ ਮੌਕੇ ਦੀਆਂ ਤਸਵੀਰਾਂ

ਚੰਡੀਗੜ੍ਹ: ਰਿਲੀਜ਼ ਹੋਣ ਜਾ ਰਹੀ ਅਪਣੀ ਨਵੀਂ ਪੰਜਾਬੀ ਫਿਲਮ ‘ਸਿੰਘ ਵਰਸਿਜ਼ ਕੌਰ 2’ ਨੂੰ ਲੈ ਕੇ ਇੰਨੀ ਦਿਨੀਂ ਖਾਸੀ ਸੁਰਖੀਆਂ ਅਤੇ ਚਰਚਾ ਦਾ ਕੇਂਦਰ-ਬਿੰਦੂ ਬਣੇ ਹੋਏ ਹਨ ਅਦਾਕਾਰ ਗਿੱਪੀ ਗਰੇਵਾਲ, ਜਿੰਨਾਂ ਵੱਲੋਂ ਇਸ ਫਿਲਮ ਦੇ ਸਾਹਮਣੇ ਆਉਣ ਤੋਂ ਪਹਿਲਾਂ ਹੀ ਅਪਣੀ ਇੱਕ ਹੋਰ ਬਹੁ-ਚਰਚਿਤ ਫਿਲਮ ‘ਵਾਰਨਿੰਗ 3’ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਲਈ ਉਹ ਪੂਰੀ ਟੀਮ ਸਮੇਤ ਪੰਜਾਬ ਦੇ ਸ਼ਹਿਰ ਮਲੇਰਕੋਟਲਾ ਪਹੁੰਚ ਗਏ ਹਨ, ਜਿੱਥੇ ਉਨਾਂ ਉੱਪਰ ਕਈ ਅਹਿਮ ਦ੍ਰਿਸ਼ਾਂ ਦੇ ਫਿਲਮਾਂਕਣ ਦੀ ਕਵਾਇਦ ਸ਼ੁਰੂ ਹੋ ਗਈ ਹੈ।

ਹੰਬਲ ਮੋਸ਼ਨ ਪਿਕਚਰਸ ਅਤੇ ਪ੍ਰਭ ਸਟੂਡਿਓਜ਼’ ਦੇ ਬੈਨਰ ਅਤੇ ਸੁਯੰਕਤ ਨਿਰਮਾਣ ਅਧੀਨ ਵਜ਼ੂਦ ਵਿੱਚ ਲਿਆਂਦੀ ਜਾ ਰਹੀ ਹੈ ਉਕਤ ਫਿਲਮ, ਜਿਸ ਦਾ ਨਿਰਦੇਸ਼ਨ ਅਮਰ ਹੁੰਦਲ ਕਰ ਰਹੇ ਹਨ, ਜਿੰਨਾਂ ਵੱਲੋਂ ਨਿਰਦੇਸ਼ਿਤ ਕੀਤੀ ਅਤੇ 28 ਜਨਵਰੀ 2021 ਵਿੱਚ ਆਈ ਵੈੱਬ ਸੀਰੀਜ਼ ‘ਵਾਰਨਿੰਗ’ ਪਹਿਲੀਆਂ ਪੰਜਾਬੀ ਓਟੀਟੀ ਐਕਸ਼ਨ ਫਿਲਮਾਂ ਵਿੱਚੋਂ ਇੱਕ ਰਹੀ, ਜਿਸ ਦੇ ਸਿਨੇਮਾ ਸੀਕਵਲ ‘ਵਾਰਨਿੰਗ 2’ ਪੰਜਾਬੀ ਸਿਨੇਮਾ ਵਿੱਚ ਇੱਕ ਨਵੀਂ ਲਹਿਰ ਪੈਦਾ ਕੀਤੀ ਅਤੇ ਇੱਕ ਨਵਾਂ ਰੁਝਾਨ ਸਥਾਪਤ ਕੀਤਾ, ਜਿੰਨਾਂ ਦੀ ਡਾਇਰੈਕਟੋਰੀਅਲ ਯਾਤਰਾ ਹੁਣ ‘ਵਾਰਨਿੰਗ 3’ ਦੇ ਨਾਲ ਇੱਕ ਹੋਰ ਨਵੇਂ ਅਧਿਆਏ ਵੱਲ ਵਧਣ ਜਾ ਰਹੀ ਹੈ।

ਐਕਸ਼ਨ-ਥ੍ਰਿਲਰ ਅਤੇ ਡ੍ਰਾਮੈਟਿਕ ਤਾਣੇ-ਬਾਣੇ ਅਧੀਨ ਬੁਣੀ ਜਾ ਰਹੀ ਹੈ ਉਕਤ ਫਿਲਮ, ਜਿਸ ਦੇ ਉਕਤ ਪਹਿਲੇ ਸ਼ੈਡਿਊਲ ‘ਚ ਗਿੱਪੀ ਗਰੇਵਾਲ ਤੋਂ ਇਲਾਵਾ ਪ੍ਰਿੰਸ ਕੰਵਲਜੀਤ ਸਿੰਘ ਵੀ ਭਾਗ ਲੈ ਰਹੇ ਹਨ, ਜਿੰਨਾਂ ਦੋਹਾਂ ਉੱਪਰ ਮਾਰਧਾੜ ਨਾਲ ਭਰਪੂਰ ਦ੍ਰਿਸ਼ ਫਿਲਮਾਂਏ ਜਾ ਰਹੇ ਹਨ, ਜਿਸ ਲਈ ਭੀੜਭਾੜ ਭਰੇ ਬਾਜ਼ਾਰਾਂ ਅਤੇ ਹਿੱਸਿਆ ਦੀ ਚੋਣ ਕੀਤੀ ਗਈ ਹੈ।

ਇਸੇ ਸਾਲ ਦੇ ਅੰਤਲੇ ਪੜ੍ਹਾਅ ਦੌਰਾਨ ਦੁਨੀਆਂ-ਭਰ ਵਿੱਚ ਦਰਸ਼ਕਾਂ ਦੇ ਸਨਮੁੱਖ ਕੀਤੀ ਜਾਵੇਗੀ ਉਕਤ ਫਿਲਮ, ਜਿਸ ਦੇ ਨਾਲ ਜੁੜੇ ਕੁਝ ਹੋਰ ਅਹਿਮ ਪਹਿਲੂਆਂ ਦੀ ਗੱਲ ਕਰੀਏ ਤਾਂ ਇਸ ਬਿੱਗ ਸੈੱਟਅਪ ਫਿਲਮ ਦੇ ਨਿਰਮਾਤਾ ਗਿੱਪੀ ਗਰੇਵਾਲ ਅਤੇ ਰਵਨੀਤ ਕੌਰ ਗਰੇਵਾਲ, ਪ੍ਰਭਸ਼ਰਨ ਸਿੰਘ, ਜਸਲੀਨ ਕੌਰ, ਪਰਮੀਤ ਕੌਰ ਅਤੇ ਸਿਨੇਮਾਟੋਗ੍ਰਾਫ਼ਰ ਮਨੀਸ਼ ਭੱਟ ਹਨ।