Friday, September 19Malwa News
Shadow

ਯੁੱਧ ਨਸ਼ਿਆਂ ਵਿਰੁੱਧ: ਬਾਜ਼ੀਗਰ ਬਸਤੀ ਧੂਰੀ ਵਿਖੇ ਨਸ਼ਾ ਤਸਕਰਾਂ ਵੱਲੋਂ ਕੀਤੀਆਂ ਨਾਜਾਇਜ਼ ਉਸਾਰੀਆਂ ਢਾਹੀਆਂ

ਧੂਰੀ, 15 ਸਤੰਬਰ (000) – ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ, ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਸੂਬੇ ਨੂੰ ਨਸ਼ਾ ਮੁਕਤ ਕਰਨ ਲਈ ਚਲਾਈ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਾ ਤਸਕਰਾਂ ਵਿਰੁੱਧ ਕਾਰਵਾਈ ਜੰਗੀ ਪੱਧਰ ‘ਤੇ ਕੀਤੀ ਜਾ ਰਹੀ ਹੈ, ਜਿਸ ਤਹਿਤ ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀ ਸਰਤਾਜ ਸਿੰਘ ਚਾਹਲ ਦੇ ਨਿਰਦੇਸ਼ਾਂ ਮੁਤਾਬਕ ਐੱਸ.ਪੀ. (ਸਥਾਨਕ) ਸ੍ਰ ਦਿਲਪ੍ਰੀਤ ਸਿੰਘ ਦੀ ਅਗਵਾਈ ਵਿੱਚ ਪੁਲੀਸ ਤੇ ਸਿਵਲ ਪ੍ਰਸ਼ਾਸਨ ਵੱਲੋਂ ਬਾਜ਼ੀਗਰ ਬਸਤੀ ਧੂਰੀ ਵਿਖੇ ਨਸ਼ਾ ਤਸਕਰਾਂ ਵੱਲੋਂ ਉਸਾਰੀਆਂ ਨਾਜਾਇਜ਼ ਉਸਾਰੀਆਂ ਨੂੰ ਢਾਹਿਆ ਗਿਆ।

ਇਸ ਮੌਕੇ ਸ੍ਰ ਦਿਲਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਇਲਾਕੇ ਵਿੱਚ ਰਹਿੰਦੇ 11 ਵਿਅਕਤੀਆਂ ਖਿਲਾਫ ਐਨ.ਡੀ.ਪੀ.ਐੱਸ. ਐਕਟ ਦੇ ਕਈ ਕੇਸ ਦਰਜ ਹਨ। ਇਹਨਾਂ ਵੱਲੋਂ ਸਰਕਾਰੀ ਜਗ੍ਹਾ/ਰਸਤਿਆਂ ਉਪਰ ਨਜ਼ਾਇਜ਼ ਕਬਜ਼ੇ ਵੀ ਕੀਤੇ ਹੋਏ ਹਨ। ਅੱਜ ਢੁਕਵੀਂ ਪ੍ਰਕਿਰਿਆ ਰਾਹੀਂ ਇਹਨਾਂ ਦੀਆਂ ਨਜ਼ਾਇਜ਼/ਗੈਰ ਕਾਨੂੰਨੀ ਉਸਾਰੀਆਂ ਨੂੰ ਢਾਹਿਆ ਗਿਆ ਹੈ।

ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਜ਼ੀਰੋ ਟਾਲਰੈਂਸ ਨੀਤੀ ਅਪਣਾਈ ਜਾ ਰਹੀ ਹੈ ਅਤੇ ਨਸ਼ਿਆਂ ਦੇ ਤਸਕਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਜਿਹੜੇ ਨੌਜਵਾਨ ਨਸ਼ਾ ਛੱਡ ਕੇ ਚੰਗੀ ਜ਼ਿੰਦਗੀ ਜਿਉਣਾ ਚਾਹੁੰਦੇ ਹਨ, ਉਹ ਅੱਗੇ ਆਉਣ ਪੰਜਾਬ ਸਰਕਾਰ ਉਹਨਾਂ ਦੀ ਹਰ ਹਾਲ ਮਦਦ ਕਰ ਰਹੀ ਹੈ। ਇਸ ਸਬੰਧੀ ਜ਼ਿਲ੍ਹੇ ਦੇ ਵਿੱਚ ਸਰਕਾਰੀ ਨਸ਼ਾ ਛੁੜਾਊ ਤੇ ਮੁੜ ਵਸੇਵਾ ਕੇਂਦਰ ਕਾਰਜਸ਼ੀਲ ਹਨ।

ਐੱਸ.ਪੀ. (ਸਥਾਨਕ) ਨੇ ਨਸ਼ਾ ਤਸਕਰਾਂ ਨੂੰ ਸਖਤ ਚੇਤਾਵਨੀ ਦਿੰਦਿਆਂ ਕਿਹਾ ਕਿ ਉਹ ਨਸ਼ੇ ਵੇਚਣ ਦਾ ਕੰਮ ਛੱਡ ਦੇਣ ਨਹੀਂ ਤਾਂ ਉਨ੍ਹਾਂ ਵਿਰੁੱਧ ਵੀ ਇਹੋ ਜਿਹੀ ਕਾਰਵਾਈ ਕੀਤੀ ਜਾਵੇਗੀ। ਨਸ਼ਾ ਤਸਕਰਾਂ ਨੇ ਸੂਬੇ ਦੀ ਜਵਾਨੀ ਨੂੰ ਕੁਰਾਹੇ ਪਾਇਆ ਹੈ ਅਤੇ ਪੰਜਾਬ ਸਰਕਾਰ ਜਵਾਨੀ ਨੂੰ ਬਚਾਉਣ ਲਈ ਪੂਰੀ ਤਰ੍ਹਾਂ ਦ੍ਰਿੜ੍ਹ ਹੈ। ਉਨ੍ਹਾਂ ਕਿਹਾ ਕਿ “ਯੁੱਧ ਨਸ਼ਿਆਂ ਵਿਰੁੱਧ ਮੁਹਿੰਮ” ਨਿਰੰਤਰ ਜਾਰੀ ਰਹੇਗੀ ਅਤੇ ਨਸ਼ਿਆਂ ਨਾਲ ਸਬੰਧਤ ਕਿਸੇ ਵੀ ਗਤੀਵਿਧੀ ਵਿੱਚ ਸ਼ਾਮਿਲ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ।

ਇਸ ਮੌਕੇ ਧੂਰੀ ਦੇ ਡੀ.ਐੱਸ.ਪੀ. ਦਮਨਬੀਰ ਸਿੰਘ, ਡੀ.ਐੱਸ.ਪੀ. ਕਰਨੈਲ ਸਿੰਘ ਸਮੇਤ ਵੱਖੋ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਹਾਜ਼ਰ ਸਨ।