Saturday, February 14Malwa News
Shadow

ਪਿੰਡ ਬਾਸ ਦੀ 50 ਸਾਲ ਪੁਰਾਣੀ ਮੰਗ ਨੂੰ ਪਿਆ ਬੂਰ, ਸੜਕ ਦੇ ਨਵੀਨੀਕਰਨ ਅਤੇ ਗੰਦੇ ਪਾਣੀ ਦੇ ਨਿਕਾਸੀ ਦੀ ਸਮੱਸਿਆ ਦਾ ਹੋਇਆ ਹੱਲ

ਨੰਗਲ 14 ਫਰਵਰੀ: 50 ਸਾਲ ਪੁਰਾਣੀ ਪਿੰਡ ਬਾਸ ਦੇ ਵਾਸੀਆਂ ਦੀ ਮੰਗ ਨੂੰ ਬੂਰ ਪੈ ਗਿਆ ਹੈ। ਕੈਬਨਿਟ ਮੰਤਰੀ ਹਰਜੋਤ ਬੈਂਸ ਦੇ ਯਤਨਾ ਨਾਲ ਪਿੰਡ ਬਾਸ ਦੀ ਸੜਕ ਅਤੇ ਗੰਦੇ ਪਾਣੀ ਦੇ ਨਿਕਾਸੀ ਦਾ ਕੰਮ ਸੁਰੂ ਹੋ ਗਿਆ ਹੈ। ਹੁਣ ਪੰਜਾਬ ਸਰਕਾਰ ਦੀ ਪਹਿਲਕਦਮੀ ਨਾਲ ਗੰਦੇ ਪਾਣੀ ਨੂੰ ਅੰਡਰਗ੍ਰਾਊਂਡ ਕਰਨ ਦਾ ਕੰਮ ਪੂਰਾ ਹੋ ਚੁੱਕਾ ਹੈ ਅਤੇ ਮੁੱਖ ਸੜਕ ਨੂੰ ਦੋਨਾਂ ਪਾਸਿਆਂ ਤੋਂ ਚੌੜਾ ਕਰਨ ਦਾ ਕੰਮ ਵੀ ਮੁਕੰਮਲ ਹੋ ਗਿਆ ਹੈ। ਬਾਸ ਤੋਂ ਸਵਾਮੀਪੁਰ ਤੱਕ ਸੜਕ ਨੂੰ ਦੋਨਾਂ ਪਾਸਿਆਂ ਤੋਂ 4 ਤੋਂ 6 ਫੁੱਟ ਤੱਕ ਵਧਾ ਕੇ ਕੁੱਲ 18 ਫੁੱਟ ਚੌੜੀ ਕੀਤਾ ਜਾ ਰਿਹਾ ਹੈ। ਜਿੱਥੇ ਬਰਸਾਤਾਂ ਦੌਰਾਨ ਸੜਕ ਟੁੱਟਦੀ ਸੀ, ਉਥੇ ਮਜ਼ਬੂਤੀ ਲਈ ਪੇਵਰ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਤਹਿਤ ਪਿੰਡ ਬਾਸ ਵਿੱਚ ਗੁੱਗਾ ਜਾਹਰ ਪੀਰ ਜੀ ਦੇ ਮੰਦਰ ਤੋਂ ਭਗਤ ਸ੍ਰੀ ਗੁਲਜਾਰੀ ਲਾਲ ਦੇ ਘਰ ਤੱਕ ਪੈਵਰ ਲਗਾਉਣ ਦਾ ਕੰਮ ਸ਼ੁਰੂ ਹੋ ਚੁੱਕਾ ਹੈ।
     ਸੜਕ ਬਣਨ ਤੋਂ ਬਾਅਦ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਪੂਰੇ ਰਸਤੇ ‘ਤੇ ਗਲੋਇੰਗ ਰਿਫਲੈਕਟਰ, ਥਾਂ-ਥਾਂ ਸਾਈਨ ਬੋਰਡ ਅਤੇ ਤਿੱਖੇ ਮੋੜਾਂ ‘ਤੇ ਕਨਵੈਕਸ ਮਿਰਰ ਲਗਾਏ ਜਾਣਗੇ। ਪਿੰਡ ਵਿੱਚੋਂ ਲੰਘਣ ਵਾਲੇ ਯਾਤਰੀਆਂ ਨੂੰ ਅਪੀਲ ਕੀਤੀ ਗਈ ਹੈ ਕਿ 4-5 ਦਿਨ ਲਈ ਬਦਲਵੇਂ ਰਸਤੇ ਦੀ ਵਰਤੋਂ ਕਰਨ ਤਾਂ ਜੋ ਕੰਮ ਸੁਚਾਰੂ ਤਰੀਕੇ ਨਾਲ ਪੂਰਾ ਹੋ ਸਕੇ। ਸੜਕ ਤਿਆਰ ਹੋਣ ਤੋਂ ਬਾਅਦ ਵਾਹਨਾਂ ਦੀ ਗਤੀ 15-20 ਕਿਮੀ ਪ੍ਰਤੀ ਘੰਟਾ ਤੋਂ ਵੱਧ ਨਾ ਰੱਖਣ ਦੀ ਵੀ ਅਪੀਲ ਕੀਤੀ ਗਈ ਹੈ।
      ਇਸ ਮੌਕੇ ਪਿੰਡ ਵਾਸੀਆਂ ਅਤੇ ਪੰਚਾਇਤ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦਾ ਦਿਲੋਂ ਧੰਨਵਾਦ ਕੀਤਾ ਗਿਆ। ਸ੍ਰੀ ਅਨੰਦਪੁਰ ਸਾਹਿਬ ਵਿਧਾਨ ਸਭਾ ਤੋਂ ਯੁੱਧ ਨਸ਼ਿਆਂ ਵਿਰੁੱਧ ਕੋਆਰਡੀਨੇਟਰ ਹਿਤੇਸ਼ ਦੀਪੂ ਨੇ ਕਿਹਾ ਕਿ ਕੈਬਨਿਟ ਮੰਤਰੀ ਵੱਲੋਂ ਪਿੰਡ ਅਤੇ ਇਲਾਕੇ ਦੇ ਸਰਵਪੱਖੀ ਵਿਕਾਸ ਲਈ ਪੂਰਾ ਆਸ਼ਵਾਸਨ ਦਿੱਤਾ ਗਿਆ ਹੈ।ਪੀ.ਡਬਲਯੂ.ਡੀ. ਦੇ ਅਧਿਕਾਰੀਆਂ, ਠੇਕੇਦਾਰ ਟੀਮ ਅਤੇ ਸਥਾਨਕ ਪ੍ਰਤੀਨਿਧੀਆਂ ਦੀ ਹਾਜ਼ਰੀ ਵਿੱਚ ਪਿੰਡ ਵਾਸੀਆਂ ਨੇ ਕਿਹਾ ਕਿ ਇਹ 50 ਸਾਲ ਪੁਰਾਣੀ ਮੰਗ ਦੇ ਪੂਰੇ ਹੋਣ ਵਰਗਾ ਇਤਿਹਾਸਕ ਕਦਮ ਹੈ।