ਦੁਬਈ, 19 ਨਵੰਬਰ : ਦੁਬਈ ਵਿਖੇ ਕਰਵਾਏ ਗਏ ਦੂਸਰੇ ਇੰਟਰਨੈਸ਼ਨਲ ਬਿਜਨਸ ਐਵਾਰਡ 2024 ਦੌਰਾਨ ਪ੍ਰਸਿੱਧ ਵੈਦ ਸੁਭਾਸ਼ ਗੋਇਲ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਇਹ ਅੰਤਰ ਰਾਸ਼ਟਰੀ ਸਮਾਗਮ ਦੁਬਈ ਦੇ ਹੋਟਲ ਮੈਟਰੋਪੋਲੀਟਨ ਵਿਖੇ ਕਰਵਾਇਆ ਗਿਆ, ਜਿਸ ਵਿਚ ਦੁਨੀਆਂ ਭਰ ਤੋਂ ਵੱਖ ਵੱਖ ਖੇਤਰਾਂ ਵਿਚ ਵੱਡੀਆਂ ਮੱਲਾਂ ਮਾਰਨ ਵਾਲੀਆਂ ਪ੍ਰਮੁੱਖ ਸਖਸ਼ੀਅਤਾਂ ਨੂੰ ਸਨਮਾਨਿਤ ਕੀਤਾ।
ਇਸ ਸਨਮਾਨ ਸਮਾਰੋਹ ਵਿਚ ਹੈਲਥ ਕੇਅਰ ਕੈਟੇਗਰੀ ਦਾ ਐਵਾਰਡ ਪੰਜਾਬ ਦੇ ਮਸ਼ਹੂਰ ਵੈਦ ਸੁਭਾਸ਼ ਗੋਇਲ ਨੂੰ ਦਿੱਤਾ ਗਿਆ। ਸੁਭਾਸ਼ ਗੋਇਲ ਪ੍ਰਸਿੱਧ ਕੰਪਨੀ ਵੈਦ ਬਾਨ ਆਯੁਰਵੈਦਿਕ ਦੇ ਮਾਲਕ ਨੇ ਅਤੇ ਪਿਛਲੇ 30 ਸਾਲ ਤੋਂ ਚੰਡੀਗੜ੍ਹ ਵਿਚ ਰਹਿ ਕੇ ਆਯੁਰਵੈਦਿਕ ਦੇ ਖੇਤਰ ਵਿਚ ਵੱਡੀਆਂ ਪ੍ਰਾਪਤੀਆਂ ਕਰ ਰਹੇ ਨੇ। ਸੁਭਾਸ਼ ਗੋਇਲ ਨੂੰ ਆਮ ਤੌਰ ‘ਤੇ ਦੇਸੀ ਨੁਸਖਿਆਂ ਦੀ ਮਸ਼ੀਨ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਸ ਲਈ ਆਯੁਰਵੇਦ ਦੇ ਖੇਤਰ ਵਿਚ ਵੱਡੀਆਂ ਪ੍ਰਾਪਤੀਆਂ ਕਾਰਨ ਉਸ ਨੂੰ ਦੁਬਈ ਵਿਖੇ ਐਕਸੀਲੈਂਸੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਦੁਬਈ ਵਿਖੇ ਕੱਲ੍ਹ ਕਰਵਾਏ ਗਏ ਸਮਾਗਮ ਵਿਚ ਦੁਨੀਆਂ ਭਰ ਦੀਆਂ ਪ੍ਰਮੁੱਖ ਸਖ਼ਸ਼ੀਅਤਾਂ ਸ਼ਾਮਲ ਹੋਈਆਂ। ਪਿਕਸੀ ਜੌਬਜ਼ ਦੀ ਟੀਮ ਮਨਜਿੰਦਰ ਸਿੰਘ ਅਤੇ ਮੈਡਮ ਨਿਸ਼ਾ ਕੌਲ ਦੇ ਯਤਨਾਂ ਨਾਲ ਕਰਵਾਏ ਗਏ ਇਸ ਸਮਾਗਮ ਵਿਚ ਯੂ.ਏ.ਈ., ਇੰਗਲੈਂਡ, ਕੈਨੇਡਾ, ਅਮਰੀਕਾ ਅਤੇ ਭਾਰਤ ਤੋਂ ਪ੍ਰਮੁੱਖ ਸਖ਼ਸ਼ੀਅਤਾਂ ਸ਼ਾਮਲ ਹੋਈਆਂ। ਸਮਾਗਮ ਵਿਚ ਸ਼ਾਮਲ ਹੋਏ ਵਿਸ਼ੇਸ਼ ਮਹਿਮਾਨਾਂ ਵਿਚ ਦੁਬਈ ਦੇ ਸ਼ੇਖ ਅਬੂ ਅਬਦੁੱਲਾ, ਸ਼ਾਹੀ ਇਮਾਮ ਮੁਲਾਨਾ, ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੋਂ ਇਲਾਵਾ ਦੁਬਈ ਦੀਆਂ ਪ੍ਰਮੁੱਖ ਸਖ਼ਸ਼ੀਅਤਾਂ ਸ਼ਾਮਲ ਸਨ।
ਇਸ ਐਵਾਰਡ ਸਮਾਗਮ ਵਿਚ ਵੱਖ ਵੱਖ ਖੇਤਰਾਂ ਵਿਚ ਵੱਡੀਆਂ ਮੱਲਾਂ ਮਾਰਨ ਵਾਲੀਆਂ ਸਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਦਿੱਤੇ ਗਏ ਸਨਮਾਨਾਂ ਦੀਆਂ ਸ੍ਰੈਣੀਆਂ ਵਿਚ ਹੋਟਲ ਸਨਅਤ, ਹੈਲਥ ਕੇਅਰ, ਪੱਤਰਕਾਰੀ, ਇਮੀਗਰੇਸ਼ਨ ਅਤੇ ਬਿਜਨਸ ਸ਼ਾਮਲ ਸਨ।