ਚੰਡੀਗੜ੍ਹ: ਸਾਲ 2026 ਦਾ ਆਖ਼ਰੀ ਪੜ੍ਹਾਅ ਕਈ ਨਵੇਂ ਨਿਰਦੇਸ਼ਕਾਂ ਦੇ ਸੁਫ਼ਨਿਆਂ ਨੂੰ ਨਵੀਂ ਪਰਵਾਜ਼ ਦੇਣ ਜਾ ਰਿਹਾ ਹੈ, ਜਿੰਨਾਂ ਦੇ ਨਾਵਾਂ ਅਤੇ ਇੰਨਾਂ ਦੁਆਰਾ ਦਰਸ਼ਕਾਂ ਦੇ ਸਨਮੁੱਖ ਕੀਤੇ ਜਾ ਰਹੇ ਪੰਜਾਬੀ ਫਿਲਮ ਪ੍ਰੋਜੈਕਟਸ ਵੱਲ ਆਓ ਕਰਦੇ ਹਾਂ ਵਿਸ਼ੇਸ਼ ਨਜ਼ਰਸਾਨੀ:
ਅਨੀਤ ਸੇਖੋਂ
ਪੰਜਾਬੀ ਸਿਨੇਮਾ ਅਤੇ ਸਾਹਿਤ ਦੀ ਦੁਨੀਆ ਵਿੱਚ ਸਤਿਕਾਰਤ ਸਖਸ਼ੀਅਤ ਵਜੋਂ ਜਾਣੇ ਜਾਂਦੇ ਰਹੇ ਹਨ ਮਰਹੂਮ ਦਰਸ਼ਨ ਦਰਵੇਸ਼, ਜਿੰਨਾਂ ਦੇ ਹੋਣਹਾਰ ਪੁੱਤਰ ਬਤੌਰ ਅਜ਼ਾਦ ਨਿਰਦੇਸ਼ਕ ਅਪਣੇ ਕਰੀਅਰ ਦਾ ਸ਼ਾਨਦਾਰ ਅਗਾਜ਼ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ, ਜੋ ਅਪਣੀ ਪਲੇਠੀ ਫਿਲਮ ‘ਇਹ ਦਿਨ ਰੋਜ਼ ਨੀਂ ਆਉਂਣੇ’ ਆਉਂਦੀ 09 ਅਕਤੂਬਰ ਨੂੰ ਦਰਸ਼ਕਾਂ ਦੇ ਸਨਮੁੱਖ ਕਰਨ ਜਾ ਰਹੇ ਹਨ, ਜਿਸ ਵਿੱਚ ਪੁਰਾਤਨ ਵੰਨਗੀਆਂ ਦੇ ਮੱਧਮ ਪਏ ਰੰਗਾਂ ਨੂੰ ਮੁੜ ਸੁਰਜੀਤੀ ਦੇਣ ਦਾ ਤਰੱਦਦ ਬਹੁਤ ਹੀ ਖੂਬਸੂਰਤੀ ਨਾਲ ਅੰਜ਼ਾਮ ਦਿੱਤਾ ਗਿਆ ਹੈ।
ਮੂਲ ਰੂਪ ਵਿੱਚ ਮਾਲਵੇ ਦੇ ਜ਼ਿਲ੍ਹੇ ਮਾਨਸਾ ਨਾਲ ਸੰਬੰਧ ਰੱਖਦੇ ਹਨ ਇਹ ਪ੍ਰਤਿਭਾਵਾਨ ਨਿਰਦੇਸ਼ਕ, ਜੋ ਇਸ ਤੋਂ ਪਹਿਲਾਂ ਕਈ ਵੱਡੀਆਂ ਅਤੇ ਸਫ਼ਲਤਮ ਫਿਲਮਾਂ ਨੂੰ ਐਸੋਸੀਏਟ ਨਿਰਦੇਸ਼ਕ ਦੇ ਤੌਰ ‘ਤੇ ਵੀ ਚਾਰ ਚੰਨ ਲਾਉਣ ਵਿੱਚ ਅਹਿਮ ਭੂਮਿਕਾ ਨਿਭਾ ਚੁੱਕੇ ਹਨ, ਜਿਸ ਤੋਂ ਇਲਾਵਾ ਉਨਾਂ ਦੁਆਰਾ ਬਣਾਈਆਂ ਕੁਝ ਅਰਥ-ਭਰਪੂਰ ਲਘੂ ਫਿਲਮਾਂ ਵੀ ਚੌਖੀ ਸਲਾਹੁਤਾ ਹਾਸਿਲ ਕਰ ਲੈਣ ਵਿੱਚ ਸਫ਼ਲ ਰਹੀਆਂ ਹਨ, ਜਿੰਨਾਂ ਵਿੱਚ ਭਾਵਪੂਰਨ ਫਿਲਮ ‘ਤੋਹਫ਼ਾ’ ਵੀ ਸ਼ੁਮਾਰ ਰਹੀ ਹੈ।
ਰਣਜੀਤ ਸਿੰਘ
ਪਾਲੀਵੁੱਡ ਸਫਾਂ ਵਿੱਚ ਨਵੇਂ ਨਿਰਦੇਸ਼ਕਾਂ ਦੀ ਪ੍ਰਭਾਵੀ ਆਮਦ ਦੇ ਜਾਰੀ ਸਿਲਸਿਲੇ ਮੱਦੇਨਜ਼ਰ ਹੀ ਦਰਸ਼ਕਾਂ ਦੇ ਸਨਮੁੱਖ ਹੋਣ ਜਾ ਰਹੇ ਹਨ ਨੌਜਵਾਨ ਫਿਲਮਕਾਰ ਰਣਜੀਤ ਸਿੰਘ, ਜੋ ਅਪਣੀ ਪਹਿਲੀ ਫੀਚਰ ਫਿਲਮ ‘ਸਾਹਾਂ ਦੀ ਪੂੰਜੀ’ ਲੈ ਕੇ ਸਾਹਮਣੇ ਆਉਣ ਜਾ ਰਹੇ ਹਨ, ਜਿਸ ਵਿੱਚ ਮਹਾਂਬੀਰ ਭੁੱਲਰ, ਲੱਕੀ ਧਾਲੀਵਾਲ, ਰਣਜੀਤ ਸਿੰਘ, ਕੁਲਦੀਪ ਨਿਯਾਮੀ, ਪਰਮਿੰਦਰ ਗਿੱਲ ਅਤੇ ਭਾਰਤੀ ਦੱਤ ਵੱਲੋਂ ਲੀਡਿੰਗ ਕਿਰਦਾਰ ਪਲੇਅ ਕੀਤੇ ਗਏ ਹਨ।
ਮੂਲ ਰੂਪ ਵਿੱਚ ਗੁਰਦਾਸਪੁਰ ਪਰ ਅੱਜਕਲ੍ਹ ਅਸਟ੍ਰੇਲੀਆ ਵੱਸਦੇ ਹਨ ਇਹ ਸ਼ਾਨਦਾਰ ਨਿਰਦੇਸ਼ਕ, ਜੋ ਅਪਣੀ ਉਕਤ ਪਰਿਵਾਰਿਕ ਅਤੇ ਇਮੋਸ਼ਨਲ ਫਿਲਮ ਨੂੰ ਲੈ ਕੇ ਪਾਲੀਵੁੱਡ ਗਲਿਆਰਿਆਂ ਵਿੱਚ ਚੋਖੀ ਚਰਚਾ ਦਾ ਕੇਂਦਰ ਬਿੰਦੂ ਬਣੇ ਹੋਏ ਹਨ।