Friday, November 7Malwa News
Shadow

ਕਿਸਾਨ ਰਾਤ ਸਮੇਂ ਝੋਨੇ ਦੀ ਕਟਾਈ ਨਾ ਕਰਨ : ਮੁੱਖ ਖੇਤੀਬਾੜੀ ਅਫ਼ਸਰ

 ਪਟਿਆਲਾ, 2 ਅਕਤੂਬਰ:-               ਮੁੱਖ ਖੇਤੀਬਾੜੀ ਅਫ਼ਸਰ ਡਾ. ਜਸਵਿੰਦਰ ਸਿੰਘ ਨੇ ਪਟਿਆਲਾ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਕਿਸਾਨ ਆਪਣੇ ਝੋਨੇ ਦੀ ਕਟਾਈ ਰਾਤ ਸਮੇਂ ਨਾ ਕਰਨ। ਉਨ੍ਹਾਂ ਕਿਹਾ ਕਿ ਇਸ ਸਾਲ ਪਟਿਆਲਾ ਜ਼ਿਲ੍ਹੇ ਵਿੱਚ ਝੋਨੇ ਨੂੰ ਹਲਦੀ ਰੋਗ ਦੀ ਬਿਮਾਰੀ ਵੀ ਲੱਗੀ ਹੈ ਜਿਸ ਕਾਰਨ ਰਾਤ ਸਮੇਂ ਝੋਨਾ ਵੱਢਣ ਨਾਲ ਹਲਦੀ ਰੋਗ ਵਾਲਾ ਪਾਊਡਰ ਨਮੀ ਕਾਰਨ ਝੋਨੇ ਦੇ ਦਾਣਿਆਂ ਨਾਲ ਲੱਗ ਜਾਂਦਾ ਹੈ ਜਿਸ ਕਾਰਨ ਦਾਣਾ ਬਦਰੰਗ ਹੋਣ ਕਾਰਨ ਝੋਨੇ ਨੂੰ ਵਿਕਣ ਵਿੱਚ ਮੁਸ਼ਕਲ ਹੁੰਦੀ ਹੈ।

              ਡਾ. ਜਸਵਿੰਦਰ ਸਿੰਘ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਵਿੱਚ ਸ਼ਾਮ 6.00 ਵਜੇ ਤੋਂ ਸਵੇਰ 10.00 ਵਜੇ ਤੱਕ ਕੰਬਾਇਨਾਂ ਨਾਲ ਝੋਨਾ ਕੱਟਣ ਉਤੇ ਪਾਬੰਦੀ ਦੇ ਹੁਕਮ ਪਹਿਲਾ ਹੀ ਜਾਰੀ ਕੀਤੇ ਹਨ, ਇਸ ਲਈ ਕਿਸਾਨ ਰਾਤ ਸਮੇਂ ਝੋਨੇ ਦੀ ਕਟਾਈ ਨਾ ਕਰਨ ਸਗੋਂ ਧੁੱਪ ਵਿੱਚ ਕਟਾਈ ਕਰਨ ਇਸ ਨਾਲ ਝੋਨੇ ਵਿੱਚ ਨਮੀ ਦੀ ਮਾਤਰਾ ਵੀ ਠੀਕ ਰਹਿੰਦੀ ਹੈ।

              ਉਨ੍ਹਾਂ ਦੱਸਿਆ ਕਿ ਇਸ ਸਾਲ ਮੰਡੀਆਂ ‘ਚ 12 ਲੱਖ 35 ਹਜ਼ਾਰ ਮੀਟਰਿਕ ਟਨ ਝੋਨਾ ਆਉਣ ਦਾ ਉਮੀਦ ਹੈ ਅਤੇ ਹਾਲੇ ਤੱਕ ਮੰਡੀਆਂ ਵਿੱਚ 61 ਹਜ਼ਾਰ 771 ਮੀਟਰਿਕ ਟਨ ਆਮਦ ਹੋਈ ਹੈ ਜੋ ਆਉਣ ਵਾਲੇ ਦਿਨ ਵਿੱਚ ਤੇਜ਼ ਹੋਵੇਗੀ। ਉਨ੍ਹਾਂ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਲਈ ਇਨ ਸੀਟੂ ਅਤੇ ਐਕਸ ਸੀਟੂ ਤਕਨੀਕਾਂ ਅਪਣਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਪਰਾਲੀ ਨੂੰ ਖੇਤ ਵਿੱਚ ਹੀ ਮਿਲਾਉਣ ਲਈ ਜ਼ਿਲ੍ਹੇ ਵਿੱਚ ਮਸ਼ੀਨਰੀ ਉਪਲਬੱਧ ਹੈ ਅਤੇ ਇਸ ਦੀ ਵਰਤੋਂ ਕਰਕੇ ਕਿਸਾਨ ਜਿਥੇ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਅ ਸਕਦੇ ਹਨ, ਉਥੇ ਹੀ ਇਸ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਵੀ ਬਣੀ ਰਹਿੰਦੀ ਹੈ। ਉਨ੍ਹਾਂ ਦੱਸਿਆ ਕਿ ਐਕਸ ਸੀਟੂ ਤਕਨੀਕ ਰਾਹੀਂ ਕਿਸਾਨ ਬੇਲਰ ਦੀ ਮਦਦ ਨਾਲ ਪਰਾਲੀ ਦੀਆਂ ਗੰਢਾਂ ਬਣਾਕੇ ਵੀ ਇਸ ਦਾ ਨਿਪਟਾਰਾ ਕਰ ਸਕਦੇ ਹਨ।