
ਤਰਨ ਤਾਰਨ, 22 ਅਗਸਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ,ਪੱਟੀ ਦੁਆਰਾ ਕੀਤੀ ਜਾ ਰਹੀ ਮਸ਼ੀਨਰੀ ਵੈਰੀਫਿਕੇਸ਼ਨ ਦੌਰਾਨ ਵਿਸ਼ੇਸ਼ ਤੌਰ ਤੇ ਪਹੁੰਚੇ ਕੈਬਨਿਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨੇ ਲਾਭਪਾਤਰੀ ਕਿਸਾਨਾਂ ਨੂੰ ਸ਼ੁੱਭ ਇਛਾਵਾਂ ਦਿੰਦਿਆਂ ਕਿਹਾ ਕਿ ਉਹ ਮਿੱਟੀ ਦੀ ਉਪਜਾਊ ਸ਼ਕਤੀ ਬਣਾਈ ਰੱਖਣ ਲਈ ਆਪਣੇ ਖੇਤਾਂ ਦੇ ਨਾਲ-ਨਾਲ ਇਲਾਕੇ ਦੇ ਕਿਸਾਨਾਂ ਦੀ ਵੀ ਮੱਦਦ ਕਰਨ। ਉਹਨਾਂ ਕਿਹਾ ਕਿ ਜ਼ਮੀਨ ਦੇ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਠੱਲ ਪਾਉਣ ਲਈ ਭਗਵੰਤ ਮਾਨ ਸਰਕਾਰ ਹਰ ਖੇਤ ਤੱਕ ਨਹਿਰੀ ਪਾਣੀ ਪਹੁੰਚਾਉਣ ਲਈ ਹਰ ਸੰਭਵ ਯਤਨ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਨਾਲ ਨਾਲ ਪਾਣੀ ਦੀ ਬੱਚਤ ਅਤੇ ਰਿਚਾਰਜਿੰਗ ਲਈ ਝੋਨੇ, ਬਾਸਮਤੀ ਦੀ ਸਿੱਧੀ ਬਿਜਾਈ ਕਰਨ ਵਾਲੇ ਉੱਦਮੀ ਕਿਸਾਨਾਂ ਨੂੰ ਪ੍ਰੋਤਸਾਹਨ ਰਾਸ਼ੀ 1500 ਰੁਪਏ ਪ੍ਰਤੀ ਏਕੜ ਦਿੱਤੀ ਜਾ ਰਹੀ। ਜਿਸ ਤਹਿਤ ਜ਼ਿਲ੍ਹਾ ਤਰਨ ਤਾਰਨ ਵਿੱਚ ਸਾਲ 2023-24 ਦੌਰਾਨ ਜਿੱਥੇ 45 ਲੱਖ ਤੋਂ ਵੱਧ ਦੀ ਰਕਮ ਸਿੱਧੀ ਖਾਤਿਆਂ ਵਿੱਚ ਟਰਾਂਸਫਰ ਕੀਤੀ ਗਈ, ਉੱਥੇ ਇਸ ਵਾਰ ਸਿੱਧੀ ਬਿਜਾਈ ਅਪਣਾਉਣ ਵਾਲੇ ਕਿਸਾਨਾਂ ਲਈ 51 ਲੱਖ ਤੋਂ ਵੱਧ ਰਕਮ ਦਾ ਪ੍ਰਬੰਧ ਕੀਤਾ ਗਿਆ ਹੈ।
ਉਨਾਂ ਸਮੂਹ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾ ਦੇਣ ਨਾਲ ਜਿੱਥੇ ਜਮੀਨ ਦੀ ਉਪਜਾਊ ਸ਼ਕਤੀ ਘਟ ਜਾਂਦੀ ਹੈ, ਉੱਥੇ ਵਾਤਾਵਰਨ ਪ੍ਰਦੂਸ਼ਿਤ ਹੋਣ ਨਾਲ ਬਹੁਤ ਸਾਰੀਆਂ ਭਿਆਨਕ ਬਿਮਾਰੀਆਂ ਅਤੇ ਦੁਰਘਟਨਾਵਾਂ ਦਾ ਵੀ ਕਈ ਵਾਰੀ ਸਾਹਮਣਾ ਕਰਨਾ ਪੈਂਦਾ ਹੈ । ਇਸ ਲਈ ਕਿਸਾਨਾਂ ਨੂੰ ਪਿੰਡ ਪੱਧਰ ਤੇ ਕੈਂਪਾਂ ਰਾਹੀਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਜਾਗਰੂਕ ਕਰ ਰਿਹਾ ਹੈ, ਨਾਲ ਦੀ ਨਾਲ ਇਸ ਲਈ ਲੋੜੀਂਦੀ ਪਰਾਲੀ ਪ੍ਰਬੰਧਨ ਮਸ਼ੀਨਾਂ ਲਈ ਸਾਲ 2024-25 ਦੌਰਾਨ ਜ਼ਿਲ੍ਹਾ ਤਰਨ ਤਰਨ ਵਿੱਚ 13 ਕਰੋੜ ਤੋਂ ਵੱਧ ਦੀ ਸਬਸਿਡੀ ਕਿਸਾਨਾਂ ਦੇ ਖਾਤਿਆਂ ਵਿੱਚ ਪਾਈ ਗਈ ਹੈ ਅਤੇ ਫਸਲੀ ਵਿਭਿੰਨਤਾ ਨੂੰ ਉਤਸਾਹਿਤ ਕਰਨ ਲਈ ਜ਼ਿਲ੍ਹਾ ਤਰਨ ਤਾਰਨ ਵਿਚ 10 ਹਜਾਰ ਰੁਪਏ ਪ੍ਰਤੀ ਹੈਕਟੇਅਰ ਝੋਨੇ ਦੀ ਥਾਂ ਮੱਕੀ ਬੀਜਣ ਵਾਲੇ ਕਿਸਾਨਾਂ ਨੂੰ ਦਿੱਤਾ ਜਾਵੇਗਾ।
ਇਸ ਮੌਕੇ ਉਨਾਂ ਕਿਸਾਨਾਂ ਨੂੰ ਕਿਹਾ ਕਿ ਚੰਗੇ ਭਵਿੱਖ ਲਈ ਉਹ ਖੇਤੀ ਸਹਾਇਕ ਧੰਦੇ ਡੇਅਰੀ ਫਾਰਮਿੰਗ, ਸੂਰ ਪਾਲਣ, ਸ਼ਹਿਦ ਮੱਖੀ ਪਾਲਣ, ਮੁਰਗੀ ਪਾਲਣ ਆਦਿ ਸਹਾਇਕ ਧੰਦਿਆਂ ਨੂੰ ਅਪਣਾਉਣ ਅਤੇ ਇਕੱਲਾ ਕਣਕ ਝੋਨੇ ਤੇ ਨਿਰਭਰ ਹੋਣ ਦੀ ਥਾਂ ਤੇ ਸਬਜ਼ੀਆਂ, ਤੇਲ ਬੀਜ ਫਸਲਾਂ ਆਦਿ ਥੱਲੇ ਰਕਬਾ ਵਧਾਉਣ।
ਇਸ ਮੌਕੇ ਬਲਾਕ ਖੇਤੀਬਾੜੀ ਅਫਸਰ ਪੱਟੀ ਡਾ ਭੁਪਿੰਦਰ ਸਿੰਘ, ਦਿਲਬਾਗ ਸਿੰਘ ਪੀਏ, ਗੁਰਬਰਿੰਦਰ ਸਿੰਘ ਏਡੀਓ, ਰਜਿੰਦਰ ਕੁਮਾਰ ਏਈਓ , ਮਨਮੋਹਨ ਸਿੰਘ ਏਈਓ , ਅਮਨਦੀਪ ਸਿੰਘ ਏਈਓ ਦਇਆਪ੍ਰੀਤ ਸਿੰਘ ਏਈਓ , ਸੁਖਬੀਰ ਸਿੰਘ ਜੂਨੀਅਰ ਤਕਨੀਸ਼ਅਨ , ਡਾ ਵਿਕਰਮ ਸੂਦ ਪੀਡੀ, ਇੰਦਰਪਾਲ ਸਿੰਘ ਬੀਟੀਐਮ,ਬਲਰਾਜ ਸਿੰਘ ਖੇਤੀ ਉਪ ਨਿਰੀਖਕ, ਨਿਸ਼ਾਨ ਸਿੰਘ ਖੇਤੀ ਉਪ ਨਿਰੀਖਕ, ਗੁਰਸਿਮਰਨ ਸਿੰਘ ਖੇਤੀ ਉਪ ਨਿਰੀਖਕ ਅਤੇ ਇਲਾਕੇ ਦੇ ਕਿਸਾਨਾਂ ਨੇ ਸਹਿਯੋਗ ਅਤੇ ਜਾਣਕਾਰੀ ਸਾਂਝੀ ਕੀਤੀ।ਇਸ ਮੌਕੇ ਪਰਾਲੀ ਪ੍ਰਬੰਧਨ ਕਰ ਰਹੇ ਬਲਵਿੰਦਰ ਸਿੰਘ, ਨਰਿੰਦਰ ਸਿੰਘ, ਗੁਰਭੇਜ ਸਿੰਘ ਬੂਹ ਅਤੇ ਹਾਜਰੀਨ ਕਿਸਾਨਾਂ ਨੇ ਦੱਸਿਆ ਕਿ ਪਰਾਲੀ ਪ੍ਰਬੰਧਨ ਨਾਲ ਫਸਲਾਂ ਦਾ ਜਿੱਥੇ ਝਾੜ ਵਧਿਆ ਹੈ, ਉਥੇ ਕੀਟ ਨਾਸ਼ਕ ਸਪਰੇਆਂ ਦਾ ਵੀ ਵੱਡਾ ਖਪਾ ਘਟਿਆ ਹੈ।