ਚੰਡੀਗੜ੍ਹ: ਸਿਨੇਮਾ ਗਲਿਆਰਿਆਂ ਵਿੱਚ ਇਨੀ-ਦਿਨੀ ਖਾਸੀ ਚਰਚਾ ਦਾ ਵਿਸ਼ਾ ਬਣੀ ਆਉਣ ਵਾਲੀ ਪੰਜਾਬੀ ਫ਼ਿਲਮ ‘ਕੈਰੀ ਓਨ ਜੱਟਾ 4’ ਦਾ ਟ੍ਰੇਲਰ ਅੱਜ ਰਿਲੀਜ਼ ਹੋ ਹੈ। ਇਹ ਫਿਲਮ ਜਲਦ ਹੀ ਵਿਸ਼ਵ-ਭਰ ਦੇ ਸਿਨੇਮਾ ਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ।
‘ਹੰਬਲ ਮੋਸ਼ਨ ਪਿਕਚਰਸ’ ਦੇ ਬੈਨਰ ਹੇਠ ਬਣਾਈ ਇਸ ਸ਼ਾਨਦਾਰ ਫ਼ਿਲਮ ਦਾ ਸਟੋਰੀ-ਸਕਰੀਨ ਪਲੇਅ ਅਤੇ ਡਾਇਲਾਗ ਲੇਖ਼ਣ ਨਰੇਸ਼ ਕਥੂਰੀਆ ਵੱਲੋਂ ਕੀਤਾ ਗਿਆ ਹੈ ਜਦਕਿ ਨਿਰਦੇਸ਼ਨ ਦੀ ਜ਼ਿੰਮੇਵਾਰੀ ਸਮੀਪ ਕੰਗ ਵੱਲੋਂ ਨਿਭਾਈ ਗਈ ਹੈ, ਜੋ ਇਸ ਤੋਂ ਪਹਿਲਾ ਸਾਹਮਣੇ ਆਏ ਇਸੇ ਫਿਲਮ ਦੇ ਤਿੰਨੋਂ ਭਾਗਾਂ ਦਾ ਨਿਰਦੇਸ਼ਨ ਸਫਲਤਾਪੂਰਵਕ ਕਰ ਚੁੱਕੇ ਹਨ।
ਕਾਮੇਡੀ-ਡ੍ਰਾਮੈਟਿਕ ਵਿਸ਼ੇ ‘ਤੇ ਅਧਾਰਿਤ ਇਸ ਫ਼ਿਲਮ ਵਿੱਚ ਗਿੱਪੀ ਗਰੇਵਾਲ ਅਤੇ ਸਰਗੁਣ ਮਹਿਤਾ ਲੀਡ ਜੋੜੀ ਵਜੋ ਨਜ਼ਰ ਆਉਣਗੇ। ਇਨ੍ਹਾਂ ਤੋਂ ਇਲਾਵਾ ਬੀਨੂੰ ਢਿੱਲੋਂ, ਸਰਗੁਣ ਮਹਿਤਾ, ਗੁਰਪ੍ਰੀਤ ਘੁੱਗੀ, ਮਰਹੂਮ ਅਦਾਕਾਰ ਜਸਵਿੰਦਰ ਭੱਲਾ ਜੀ, ਕਰਮਜੀਤ ਅਨਮੋਲ, ਪ੍ਰਿੰਸ ਕੰਵਲਜੀਤ ਸਿੰਘ, ਪੁਖਰਾਜ ਭੱਲਾ, ਬੀਐਨ ਸ਼ਰਮਾ, ਸ਼ਿੰਦਾ ਗਰੇਵਾਲ, ਜੈਸਮੀਨ ਬਾਜਵਾ, ਭਾਨਾ ਐਲ.ਏ, ਸੀਮਾ ਕੌਸ਼ਲ, ਸਵੀਤਾਜ ਬਰਾੜ, ਪਵਨ ਜੌਹਲ, ਜੱਸੀ ਲੌਂਗੋਵਾਲੀਆ ਵੀ ਮਹੱਤਵਪੂਰਨ ਸਪੋਰਟਿੰਗ ਕਿਰਦਾਰਾਂ ਨਾਲ ਦਰਸ਼ਕਾਂ ਸਨਮੁੱਖ ਹੋਣਗੇ। ਨਿਰਮਾਤਾ ਗਿੱਪੀ ਗਰੇਵਾਲ ਅਤੇ ਰਵਨੀਤ ਕੌਰ ਗਰੇਵਾਲ ਵੱਲੋਂ ਬਣਾਈ ਅਤੇ ਪੇਸ਼ ਕੀਤੀ ਜਾ ਰਹੀ ਇਸ ਫ਼ਿਲਮ ਦੇ ਗੀਤਾਂ ਦੀ ਰਚਨਾ ਹੈਪੀ ਰਾਏਕੋਟੀ ਜਦਕਿ ਸੰਗ਼ੀਤ ਦੀ ਸਿਰਜਣਾ ਜਤਿੰਦਰ ਸ਼ਾਹ ਵੱਲੋਂ ਕੀਤੀ ਗਈ ਹੈ।
ਪੰਜਾਬ ਦੇ ਰਜਵਾੜਾਸ਼ਾਹੀ ਸ਼ਹਿਰ ਨਾਭਾ ਨੇੜਲੇ ਇਲਾਕਿਆਂ ਵਿੱਚ ਫਿਲਮਾਂਈ ਇਸ ਫ਼ਿਲਮ ਦੇ ਸੰਪਾਦਕ ਰੋਹਿਤ ਧੀਮਾਨ, ਕਲਾ ਨਿਰਦੇਸ਼ਕ ਰਿਤੇਸ਼ ਕੁਮਾਰ ਅਤੇ ਪ੍ਰੋਡਕਸ਼ਨ ਹੈੱਡ ਅਕਸ਼ੈ ਰਾਵਤ ਹਨ। ਬਿੱਗ ਸੈੱਟਅੱਪ ਅਤੇ ਵਿਸ਼ਾਲ ਕੈਨਵਸ ਅਧੀਨ ਬਣਾਈ ਗਈ ਇਹ ਫਿਲਮ ਇਸ ਸਾਲ ਦੇ ਹੁਣ ਤੱਕ ਦੇ ਪੜਾਅ ਦੌਰਾਨ ਰਿਲੀਜ਼ ਹੋਣ ਵਾਲੀ ਗਿੱਪੀ ਗਰੇਵਾਲ ਦੀ ਬੈਕ-ਟੂ -ਬੈਕ ਦੂਜੀ ਫ਼ਿਲਮ ਹੋਵੇਗੀ, ਜੋ ਇਸ ਤੋਂ ਪਹਿਲਾ ‘ਵਿਆਹ ਕਰਤਾਰੋ ਦਾ’ ਆਪਣੇ ਚਾਹੁਣ ਵਾਲਿਆ ਸਨਮੁੱਖ ਕਰ ਚੁੱਕੇ ਹਨ, ਜਿਸ ਦਾ ਨਿਰਦੇਸ਼ਨ ਵੀ ਸਮੀਪ ਕੰਗ ਵੱਲੋਂ ਕੀਤਾ ਗਿਆ ਸੀ। ਅਗਲੇ ਦਿਨੀ 26 ਜੂਨ ਨੂੰ ਵਰਲਡ-ਵਾਈਡ ਰਿਲੀਜ਼ ਕੀਤੀ ਜਾ ਰਹੀ ਇਸ ਫਿਲਮ ਦਾ ਡਿਸਟ੍ਰੀਬਿਊਸ਼ਨ ਜ਼ਿੰਮੇਵਾਰੀ ਓਮਜੀ ਸਿਨੇ ਵਰਲਡ ਵੱਲੋਂ ਸੰਭਾਲੀ ਜਾ ਰਹੀ ਹੈ।