Thursday, January 15Malwa News
Shadow

ਮਾਘੀ ਦੇ ਪਵਿੱਤਰ ਦਿਹਾੜੇ ਤੋ ਹਲਕੇ ਵਿਚ ਵਿਕਾਸ ਦੀ ਰਫਤਾਰ ਨੂੰ ਹੋਰ ਗਤੀ ਨਾਲ ਸੁਰੂ ਕੀਤੀ ਜਾਵੇਗੀ- ਹਰਜੋਤ ਸਿੰਘ ਬੈਂਸ

ਸ੍ਰੀ ਅਨੰਦਪੁਰ ਸਾਹਿਬ 14 ਜਨਵਰੀ: ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਨੇ ਅੱਜ ਮਾਘੀ ਦੇ ਪਾਵਨ ਤੇ ਪਵਿੱਤਰ ਦਿਹਾੜੇ ਮੌਕੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋ ਕੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਸਮੁੱਚੀ ਲੋਕਾਈ ਦੀ ਭਲਾਈ ਲਈ ਅਰਦਾਸ ਕੀਤੀ। ਇਸ ਮੌਕੇ ਉਨ੍ਹਾਂ ਨੇ 40 ਮੁਕਤਿਆਂ ਦੀ ਮਹਾਨ ਸ਼ਹਾਦਤ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਮਾਘੀ ਦਾ ਦਿਹਾੜਾ ਸਿੱਖ ਇਤਿਹਾਸ ਵਿੱਚ ਅਤਿਅੰਤ ਮਹੱਤਵਪੂਰਨ ਹੈ।

      ਸ.ਬੈਂਸ ਨੇ ਕਿਹਾ ਕਿ ਗੁਰੂ ਸਾਹਿਬਾਨ ਦੀ ਬਾਣੀ ਅਨੁਸਾਰ ਮਾਘ ਮਹੀਨੇ ਦੀ ਸ਼ੁਰੂਆਤ ਨਾਲ ਨਾਮ ਦੀ ਮਹਿਮਾ ਕਈ ਗੁਣਾ ਵੱਧ ਜਾਂਦੀ ਹੈ। ਉਨ੍ਹਾਂ ਨੇ ਸਾਰੀਆਂ ਸੰਗਤਾਂ ਨੂੰ ਮਾਘੀ ਅਤੇ ਮਕਰ ਸੰਕਰਾਂਤੀ ਦੀਆਂ ਲੱਖ-ਲੱਖ ਵਧਾਈਆਂ ਦਿੰਦਿਆਂ ਅਰਦਾਸ ਕੀਤੀ ਕਿ ਦਸ਼ਮੇਸ਼ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੀ ਕਿਰਪਾ ਸਾਰੇ ਪੰਜਾਬ, ਦੇਸ਼ ਅਤੇ ਦੁਨੀਆ ਉੱਤੇ ਬਣਾਈ ਰੱਖਣ। ਇਸ ਦੇ ਨਾਲ ਹੀ ਮਾਤਾ ਨੈਣਾ ਦੇਵੀ ਜੀ ਦੀ ਕਿਰਪਾ ਦੀ ਵੀ ਕਾਮਨਾ ਕੀਤੀ।

     ਕੈਬਨਿਟ ਮੰਤਰੀ ਨੇ ਕਿਹਾ ਕਿ ਗੁਰੂ ਸਾਹਿਬ ਦੀ ਅਪਾਰ ਕਿਰਪਾ ਨਾਲ ਅੱਜ ਅਸੀਂ ਜੋ ਕੁਝ ਵੀ ਹਾਂ, ਉਹ ਸਭ ਗੁਰੂ ਸਾਹਿਬ ਦੀ ਬਖ਼ਸ਼ਿਸ਼ ਹੈ ਅਤੇ ਇਸ ਲਈ ਸਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਇਸ ਪਵਿੱਤਰ ਦਿਹਾੜੇ ਮੌਕੇ ਵਿਕਾਸ ਅਤੇ ਲੋਕ-ਭਲਾਈ ਲਈ ਵੀ ਅਰਦਾਸ ਕੀਤੀ ਗਈ ਹੈ।

     ਸ. ਬੈਂਸ ਨੇ ਦੱਸਿਆ ਕਿ ਅੱਜ ਤੋਂ ਹਲਕੇ ਵਿੱਚ ਵਿਕਾਸ ਦੀ ਰਫ਼ਤਾਰ ਹੋਰ ਤੇਜ਼ ਹੋਵੇਗੀ। ਪਿੰਡਾਂ ਵਿੱਚ ਕਈ ਸਾਲਾਂ ਤੋਂ ਲਟਕ ਰਹੀਆਂ ਮੰਗਾਂ ਜਿਵੇਂ ਖੇਡ ਗਰਾਊਂਡ, ਲਾਇਬ੍ਰੇਰੀਆਂ, ਨਰਸਰੀਆਂ ਅਤੇ ਕਮਿਊਨਿਟੀ ਸੈਂਟਰਾਂ ਦੇ ਕੰਮ ਤੇਜ਼ੀ ਨਾਲ ਚੱਲ ਰਹੇ ਹਨ, ਹਲਕੇ ਦੀਆਂ ਸੜਕਾਂ ਨੂੰ 18 ਫੁੱਟ ਚੌੜਾ ਕਰਨ ਦੀ ਸ਼ੁਰੂਆਤ ਵੀ ਕੀਤੀ ਗਈ ਹੈ।

      ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਸ੍ਰੀ ਅਨੰਦਪੁਰ ਸਾਹਿਬ ਦੇ ਸਮੁੱਚੇ ਖੇਤਰ ਨੂੰ ਪੂਰੀ ਤਰ੍ਹਾਂ ਸੀਸੀਟੀਵੀ ਨਾਲ ਲੈਂਸ ਕਰਕੇ ਸੂਬੇ ਦਾ ਪਹਿਲਾ ਨਗਰ ਬਣਾਇਆ ਜਾ ਰਿਹਾ ਹੈ, ਨਾਲ ਹੀ ਕੀਰਤਪੁਰ ਸਾਹਿਬ ਅਤੇ ਨੰਗਲ ਨਗਰ ਕੌਂਸਲਾਂ ਵਿੱਚ ਵੀ ਵਿਕਾਸ ਕੰਮ ਜਾਰੀ ਹਨ।

        ਸਿੱਖਿਆ ਅਤੇ ਰੋਜ਼ਗਾਰ ਦੇ ਉੱਤੇ ਗੱਲ ਕਰਦਿਆਂ ਕੈਬਨਿਟ ਮੰਤਰੀ ਨੇ ਦੱਸਿਆ ਕਿ ਮਿਸ਼ਨ ਰੋਜ਼ਗਾਰ ਤਹਿਤ ਸਾਲ ਦੀ ਸੁਰੂਆਤ ਮੌਕੇ ਲਗਭਗ 700 ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਲੈਕਚਰਾਰਾਂ ਅਤੇ ਮਾਸਟਰ ਕੈਡਰ ਦੀਆਂ ਭਰਤੀਆਂ ਵੀ ਜਲਦ ਕੀਤੀਆਂ ਜਾਣਗੀਆਂ।

      ਸ. ਬੈਂਸ ਨੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਵਿਦੇਸ਼ੀ ਦੌਰਿਆਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਸ ਨਾਲ ਪੰਜਾਬ ਵਿੱਚ ਨਿਵੇਸ਼ ਵੱਧ ਰਿਹਾ ਹੈ, ਜੋ ਸੂਬੇ ਅਤੇ ਦੇਸ਼ ਦੀ ਤਰੱਕੀ ਲਈ ਮੀਲ ਪੱਥਰ ਸਾਬਤ ਹੋਵੇਗਾ। ਉਨ੍ਹਾਂ ਨੇ ਦੱਸਿਆ ਕਿ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਸੂਬੇ ਦੀ ਆਰਥਿਕਤਾ ਨੂੰ ਮਜਬੂਤ ਕਰਨ ਲਈ ਨਿਵੇਸ਼ ਦੀਆਂ ਸੰਭਾਵਨਾਂਵਾਂ  ਤਲਾਸ਼ ਰਹੇ ਹਨ। ਦੇਸ਼ਾ ਵਿਦੇਸ਼ਾਂ ਵਿੱਚ ਪੰਜਾਬ ਵਿੱਚ ਨਿਵੇਸ਼ ਕਰਨ ਦੇ ਚਾਹਵਾਨਾਂ ਦਾ ਰੁਝਾਨ ਵੱਧ ਰਿਹਾ ਹੈ ਇਹ ਬਹੁਤ ਚੰਗੇ ਸੰਕੇਤ ਹਨ ਕਿਸੇ ਵੀ ਸੂਬੇ ਦੀ ਤਰੱਕੀ ਅਤੇ ਖੁਸ਼ਹਾਲੀ ਉਸ ਦੇਸ਼ ਦੀ ਤਰੱਕੀ ਦਾ ਪ੍ਰਤੀਕ ਹੈ। ਉਨ੍ਹਾਂ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਸੂਬੇ ਵਿੱਚ ਰੋਜਗਾਰ, ਵਿਕਾਸ, ਸਿੱਖਿਆ ਅਤੇ ਸਿਹਤ ਸਹੂਲਤਾਂ ਉਪਲੱਬਧ ਕਰਵਾਉਣ ਦਾ ਆਪਣਾ ਵਾਅਦਾ ਨਿਰੰਤਰ ਪੂਰਾ ਕਰ ਰਹੀ ਹੈ।

    ਇਸ ਮੌਕੇ ਵਪਾਰ ਮੰਡਲ ਪ੍ਰਧਾਨ ਇੰਦਰਜੀਤ ਸਿੰਘ ਅਰੋੜਾ, ਸਿੱਖਿਆ ਕੋਆਰਡੀਨੇਟਰ ਦਇਆ ਸਿੰਘ, ਸੁਨੀਲ ਅਡਵਾਲ, ਸੱਮੀ ਬਰਾਰੀ,ਅਭਿਜੀਤ ਸਿੰਘ ਅਲੈਕਸ, ਐਡਵੋਕੇਟ ਨਿਖਿਲ ਭਾਰਦਵਾਜ, ਬਲਵਿੰਦਰ ਕੌਰ ਬੈਂਸ, ਕੋਂਸਲਰ ਦਲਜੀਤ ਸਿੰਘ ਕੈਂਥ, ਐਡਵੋਕੇਟ ਰਜਿਤ ਬੇਦੀ,ਰੋਹਿਤ ਬੇਦੀ, ਕੁਲਦੀਪ ਸਿੰਘ, ਨਿਤਿਨ ਤੇ ਵੱਡੀ ਗਿਣਤੀ ਵਿਚ ਪਤਵੰਤੇ ਹਾਜ਼ਰ ਸਨ।