Monday, December 1Malwa News
Shadow

ਭਾਸ਼ਾ ਵਿਭਾਗ ਵੱਲੋਂ ਸਾਹਿਤ ਸਿਰਜਣ ਤੇ ਕਵਿਤਾ ਗਾਇਨ ਦੇ ਰਾਜ ਪੱਧਰੀ ਮੁਕਾਬਲੇ ਆਯੋਜਿਤ

ਲੁਧਿਆਣਾ, 24 ਨਵੰਬਰ (000) – ਭਾਸ਼ਾ ਵਿਭਾਗ ਪੰਜਾਬ ਵੱਲੋਂ ਸਥਾਨਕ ਮਾਲਵਾ ਸੈਂਟਰਲ ਕਾਲਜ ਆਫ ਐਜੂਕੇਸ਼ਨ ਫਾਰ ਵਿਮੈਨ ਵਿਖੇ ਸਕੂਲੀ ਬੱਚਿਆਂ ਦੇ ਰਾਜ ਪੱਧਰੀ ਸਾਹਿਤ ਸਿਰਜਣ ਤੇ ਕਵਿਤਾ ਗਾਇਨ ਮੁਕਾਬਲੇ ਕਰਵਾਏ ਗਏ ਜਿੱਥੇ ਸਾਰੇ ਵਰਗਾਂ ਵਿੱਚ ਕੁੜੀਆਂ ਨੇ ਬਾਜੀ ਮਾਰੀ।

ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਦੀ ਅਗਵਾਈ ਵਿੱਚ ਕਰਵਾਏ ਗਏ ਇਸ ਸਮਾਗਮ ਦੌਰਾਨ ਸ਼੍ਰੋਮਣੀ ਬਾਲ ਸਾਹਿਤਕਾਰ ਕਮਲਜੀਤ ਨੀਲੋਂ ਮੁੱਖ ਮਹਿਮਾਨ ਵਜੋਂ ਪੁੱਜੇ। ਆਪਣੇ ਸਵਾਗਤੀ ਭਾਸ਼ਣ ਵਿੱਚ ਜ਼ਫ਼ਰ ਨੇ ਕਿਹਾ ਕਿ ਬੱਚਿਆਂ ਨੂੰ ਸਾਹਿਤ, ਕਲਾ ਤੇ ਸੱਭਿਆਚਾਰ ਨਾਲ ਜੋੜਨ ਲਈ ਅਜਿਹੇ ਮੁਕਾਬਲੇ ਸਮੇਂ ਦੀ ਲੋੜ ਹਨ ਜਿਸ ਵਿੱਚ ਭਾਗ ਲੈਣ ਵਾਲੇ ਬੱਚੇ ਵਧੀਆ ਸਮਾਜ ਸਿਰਜਣ ਲਈ ਵੱਡਾ ਪੈਗਾਮ ਲੈ ਕੇ ਜਾਂਦੇ ਹਨ। ਉਨ੍ਹਾਂ ਮਾਪਿਆਂ ਤੇ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਅਜਿਹੇ ਮੁਕਾਬਲਿਆਂ ਵਿੱਚ ਬੱਚਿਆਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਉਣ। ਉਨ੍ਹਾਂ ਵਿਭਾਗ ਵੱਲੋਂ ਕਰਵਾਏ ਗਏ ਇਨ੍ਹਾਂ ਮੁਕਾਬਲਿਆਂ ‘ਤੇ ਤਸੱਲੀ ਦਾ ਪ੍ਰਗਟਾਵਾ ਕੀਤਾ।

ਮੁੱਖ ਮਹਿਮਾਨ ਕਮਲਜੀਤ ਨੀਲੋਂ ਨੇ ਕਵਿਤਾ ਗਾਇਨ ਮੁਕਾਬਲਿਆਂ ਵਿੱਚ ਹਿੱਸਾ ਲੈਣ ਵਾਲੇ ਬੱਚਿਆਂ ਨਾਲ ਮਿਲਕੇ ਆਪਣੇ ਚਰਚਿਤ ਬਾਲ ਗੀਤ ਸੌਂ ਜਾ ਬੱਬੂਆ਼, ਝਾਵਾਂ, ਘੂੁਰ ਨਾ ਵੇ ਬਾਬਲਾ ਤੇ ਦਾਦੀ ਪੋਤੀ ਦੇ ਸੰਵਾਦ ਦਾ ਗਾਇਨ ਕਰਕੇ ਮਾਹੌਲ ਨੂੰ ਸੰਗੀਤਕ ਰੰਗਤ ਦਿੱਤੀ। ਉਨ੍ਹਾਂ ਬੱਚਿਆਂ ਨੂੰ ਅਜਿਹੀਆਂ ਸਰਗਰਮੀਆਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।

ਜ਼ਿਲ੍ਹਾ ਭਾਸ਼ਾ ਅਫ਼ਸਰ ਲੁਧਿਆਣਾ ਡਾ. ਸੰਦੀਪ ਸ਼ਰਮਾ ਨੇ ਆਏ ਮਹਿਮਾਨਾਂ ਤੇ ਪ੍ਰਤੀਯੋਗੀਆਂ ਦਾ ਧੰਨਵਾਦ ਕੀਤਾ।

ਇਸ ਮੌਕੇ ਡਾ. ਸਤਵਿੰਦਰ ਸਿੰਘ ਚੀਮਾ ਦੀ ਪੁਸਤਕ ਸਮਕਾਲੀ ਭਾਰਤ ਵਿੱਚ ਸਿੱਖਿਆ ਲੋਕ ਅਰਪਣ ਕੀਤੀ ਗਈ।

ਸਮਾਗਮ ਦੀ ਸਫਲਤਾ ਲਈ ਮੇਜ਼ਬਾਨ ਡਾਇਰੈਕਟਰ ਖ਼ਾਲਸਾ ਇੰਸਟੀਚਿਊਟ ਡਾ. ਮੁਕਤੀ ਗਿੱਲ ਤੇ ਪ੍ਰਿੰਸੀਪਲ ਤ੍ਰਿਪਤਾ ਨੇ ਅਹਿਮ ਯੋਗਦਾਨ ਪਾਇਆ।

ਸੁਪਰਜੀਤ ਕੌਰ ਜ਼ਿਲਾ ਕੋਆਰਡੀਨੇਟਰ ਸਿੱਖਿਆ ਵਿਭਾਗ, ਡਾ. ਜੈ ਪ੍ਰਕਾਸ਼ ਬਤਰਾ, ਡਾ. ਨੀਰਜ ਕੁਮਾਰ, ਡਾ. ਜਸਬੀਰ ਕੌਰ, ਗੁਰਿੰਦਰ ਗੈਰੀ, ਡਾ. ਬਲਵੀਰ ਕੌਰ ਪੰਧੇਰ, ਡਾ. ਸੁਖਦਰਸ਼ਨ ਸਿੰਘ ਚਹਿਲ, ਅਮਲਤਾਸ ਤੇ ਵੱਡੀ ਗਿਣਤੀ ਵਿੱਚ ਸਰੋਤੇ ਵੀ ਹਾਜ਼ਰ ਸਨ। ਰਵਨੀਤ ਕੌਰ ਨੇ ਮੰਚ ਸੰਚਾਲਨ ਦੀ ਜਿੰਮੇਵਾਰੀ ਬਾਖ਼ੂਬੀ ਨਿਭਾਈ.

ਕਵਿਤਾ ਗਾਇਨ ਮੁਕਾਬਲੇ ਵਿੱਚ ਹਰਸ਼ੀਨ ਕੌਰ ਲੁਧਿਆਣਾ ਪਹਿਲੇ, ਮਨਕੀਰਤ ਕੌਰ ਸ੍ਰੀ ਮੁਕਤਸਰ ਸਾਹਿਬ ਦੂਸਰੇ ਤੇ ਭਾਵਿਕਾ ਫਾਜ਼ਿਲਕਾ ਤੀਸਰੇ ਸਥਾਨ ‘ਤੇ ਰਹੀ। ਕਵਿਤਾ ਗਾਇਨ ਮੁਕਾਬਲੇ ਵਿੱਚ ਪ੍ਰਤੀਯੋਗੀਆਂ ਨੇ ਪੰਜਾਬੀ ਦੇ ਨਾਮਵਰ ਸ਼ਾਇਰਾਂ ਸ਼ਿਵ ਕੁਮਾਰ ਬਟਾਲਵੀ, ਸੁਰਜੀਤ ਪਾਤਰ, ਨੰਦ ਲਾਲ ਨੂਰਪੁਰੀ, ਸੰਤ ਰਾਮ ਉਦਾਸੀ, ਰਾਜੇਸ਼ ਮੋਹਨ, ਸੁਖਵਿੰਦਰ ਅੰਮ੍ਰਿਤ, ਗੁਰਭਜਨ ਗਿੱਲ ਤੇ ਹਰਮਨਪ੍ਰੀਤ ਸਿੰਘ ਦੀਆਂ ਰਚਨਾਵਾਂ ਦਾ ਗਾਇਨ ਕਰਕੇ ਰੰਗ ਬੰਨਿਆ। ਕਵਿਤਾ ਗਾਇਨ ਦੀ ਜੱਜਮੈਂਟ ਦੀ ਜ਼ਿੰਮੇਵਾਰੀ ਸ਼ਾਇਰ ਤ੍ਰੈਲੋਚਨ ਲੋਚੀ, ਦਮਨਦੀਪ ਕੌਰ ਤੇ ਰਣਧੀਰ ਕੰਵਲ ਨੇ ਨਿਭਾਈ।

ਕਵਿਤਾ ਲਿਖਣ ਮੁਕਾਬਲੇ ਵਿੱਚ ਅੰਸ਼ਿਕਾ ਪੁੰਨ ਸ਼ਹੀਦ ਭਗਤ ਸਿੰਘ ਨਗਰ ਨੇ ਪਹਿਲਾ, ਹਰਨੂਰ ਕੌਰ ਫਰੀਦਕੋਟ ਨੇ ਦੂਸਰਾ ਤੇ ਜਸਮੀਨ ਕੌਰ ਜਲੰਧਰ ਨੇ ਤੀਸਰਾ ਸਥਾਨ ਹਾਸਿਲ ਕੀਤਾ। ਇਨ੍ਹਾਂ ਮੁਕਾਬਲਿਆਂ ਦੀ ਜੱਜਮੈਂਟ ਪਰਮਜੀਤ ਸੋਹਲ ਤੇ ਗੁਰਚਰਨ ਕੌਰ ਕੋਚਰ ਨੇ ਕੀਤੀ।

ਕਹਾਣੀ ਲੇਖਣ ਵਿੱਚ ਹਰਨੂਰ ਕੌਰ ਸ਼ਹੀਦ ਭਗਤ ਸਿੰਘ ਨਗਰ ਨੇ ਪਹਿਲਾ, ਮਨਕਰਨਜੋਤ ਕੌਰ ਫ਼ਰੀਦਕੋਟ ਨੇ ਦੂਸਰਾ ਤੇ ਗੁਰਲੀਨ ਕੌਰ ਸੰਗਰੂਰ ਨੇ ਤੀਸਰਾ ਸਥਾਨ ਹਾਸਲ ਕੀਤਾ। ਇਨ੍ਹਾਂ ਮੁਕਾਬਲਿਆਂ ਦੀ ਜੱਜਮੈਂਟ ਡਾ. ਵੰਦਨਾ ਸ਼ਾਹੀ ਤੇ ਡਾ. ਰਮਨ ਸ਼ਰਮਾ ਨੇ ਕੀਤੀ।

ਲੇਖ ਲਿਖਣ ਮੁਕਾਬਲੇ ਵਿੱਚ ਨਵਦੀਪ ਕੌਰ ਬਠਿੰਡਾ ਨੇ ਪਹਿਲਾ, ਮਹਿਕਪ੍ਰੀਤ ਕੀਰ ਬਰਨਾਲਾ ਨੇ ਦੂਸਰਾ ਤੇ ਸੰਤੋਸ਼ ਗੁਰਦਾਸਪੁਰ ਨੇ ਤੀਸਰਾ ਸਥਾਨ ਹਾਸਿਲ ਕੀਤਾ। ਇਨ੍ਹਾਂ ਮੁਕਾਬਲਿਆਂ ਦੀ ਜੱਜਮੈਂਟ ਦੀ ਜ਼ਿੰਮੇਵਾਰੀ ਸੰਦੀਪ ਕੌਰ ਸੇਖੋਂ ਤੇ ਡਾ. ਸੀਮਾ ਨੇ ਨਿਭਾਈ। ਸਾਰੇ ਮੁਕਾਬਲਿਆਂ ਦੇ ਪਹਿਲੇ, ਦੂਸਰੇ ਤੇ ਤੀਸਰੇ ਸਥਾਨ ‘ਤੇ ਰਹਿਣ ਵਾਲੇ ਬੱਚਿਆਂ ਨੂੰ ਕਰਮਵਾਰ 2000/-, 1500/- ਤੇ 1000/- ਰੁਪਏ ਦੇ ਨਕਦ ਇਨਾਮ ਪ੍ਰਦਾਨ ਕੀਤੇ ਗਏ।  

ਤਸਵੀਰ :  ਭਾਸ਼ਾ ਵਿਭਾਗ ਪੰਜਾਬ ਵੱਲੋਂ ਕਰਵਾਏ ਗਏ ਰਾਜ ਪੱਧਰੀ ਕਵਿਤਾ ਗਾਇਨ ਤੇ ਸਾਹਿਤ ਸਿਰਜਣ ਮੁਕਾਬਲਿਆਂ ਦੇ ਜੇਤੂਆਂ ਨੂੰ ਤਗਮੇ, ਸਰਟੀਫਿਕੇਟ ਤੇ ਇਨਾਮ ਪ੍ਰਦਾਨ ਕਰਦੇ ਹੋਏ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ, ਕਮਲਜੀਤ ਨੀਲੋਂ ਤੇ ਹੋਰ ਸ਼ਖ਼ਸੀਅਤਾਂ।