
ਹੁਸ਼ਿਆਰਪੁਰ, 13 ਅਕਤੂਬਰ :- ਵਿਸ਼ਵ ਮਾਨਕ ਦਿਵਸ-2025 ਦੇ ਸਮਾਰੋਹਾਂ ਦੇ ਹਿੱਸੇ ਵਜੋਂ, ਬਿਊਰੋ ਆਫ ਇੰਡੀਅਨ ਸਟੈਂਡਰਡਜ਼ (ਬੀ.ਆਈ.ਐਸ) ਚੰਡੀਗੜ੍ਹ ਸ਼ਾਖਾ ਦਫ਼ਤਰ ਵੱਲੋਂ ਅੱਜ ਪੰਡਿਤ ਜਗਤ ਰਾਮ ਸਰਕਾਰੀ ਪੋਲੀਟੈਕਨਿਕ ਕਾਲਜ, ਹੁਸ਼ਿਆਰਪੁਰ ਵਿਖੇ ਮਾਨਕ ਐਕਸਪੋ (ਕਾਰਨੀਵਲ) ਦਾ ਆਯੋਜਨ ਕੀਤਾ ਗਿਆ।
ਇਸ ਪ੍ਰੋਗਰਾਮ ਵਿਚ 17 ਸਕੂਲਾਂ ਦੇ 600 ਵਿਦਿਆਰਥੀਆਂ ਅਤੇ 30 ਅਧਿਆਪਕਾਂ ਨੇ ਉਤਸ਼ਾਹਪੂਰਵਕ ਹਿੱਸਾ ਲਿਆ।
ਸਹਾਇਕ ਕਮਿਸ਼ਨਰ ਪਰਮਪ੍ਰੀਤ ਸਿੰਘ ਨੇ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ਦੀ ਸ਼ੁਰੂਆਤ ਨਿਰਦੇਸ਼ਕ ਅਤੇ ਮੁਖੀ, ਬੀ.ਆਈ.ਐਸ. ਚੰਡੀਗੜ੍ਹ ਸ਼ਾਖਾ ਵਿਸ਼ਾਲ ਤੋਮਰ ਵੱਲੋਂ ਸਵਾਗਤੀ ਭਾਸ਼ਣ ਨਾਲ ਹੋਈ। ਮੰਚ ਦੀ ਕਾਰਵਾਈ ਉਪ ਨਿਰਦੇਸ਼ਕ ਕੁਸ਼ਾਗਰ ਜਿੰਦਲ ਨੇ ਕੀਤਾ ਅਤੇ ਹਰਸ਼ ਸੋਂਕਰ ਨੇ ਵਿਸ਼ਵ ਮਾਨਕ ਦਿਵਸ ਦੀ ਮਹੱਤਤਾ ਅਤੇ ਬੀ.ਆਈ.ਐਸ ਦੀਆਂ ਵੱਖ-ਵੱਖ ਪਹਿਲਕਦਮੀਆਂ ਬਾਰੇ ਜਾਣਕਾਰੀ ਦਿੱਤੀ।
ਇਸ ਦੌਰਾਨ ਕੁੱਲ 10 ਉਦਯੋਗਾਂ, ਜਿਵੇਂ ਕਿ ਹਾਕਿੰਸ, ਊਸ਼ਾ ਮਾਰਟਿਨ, ਸਰਸਵਤੀ ਪਲਾਈਵੁੱਡ, ਕੇ.ਟੀ.ਐਮ. ਪਲਾਈਵੁੱਡ ਅਤੇ ਸੈਨੇਟਰੀ ਨੈਪਕਿਨ ਨਿਰਮਾਤਾ ਨੇ ਆਪਣੇ ਉਤਪਾਦਾਂ ਦੇ ਸਟਾਲ ਲਗਾਏ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਭੇਜੇ ਗਏ ਸਵੈ ਸਹਾਇਤਾ ਸਮੂਹਾਂ ਨੇ ਵੀ ਪ੍ਰਦਰਸ਼ਨੀ ਵਿਚ ਭਾਗ ਲਿਆ।
ਪੰਡਿਤ ਜਗਤ ਰਾਮ ਸਰਕਾਰੀ ਪੋਲੀਟੈਕਨਿਕ ਕਾਲਜ ਦੇ ਪ੍ਰਿੰਸੀਪਲ ਨੂੰ ਪ੍ਰੋਗਰਾਮ ਦੇ ਆਯੋਜਨ ਵਿਚ ਦਿੱਤੇ ਮਹੱਤਵਪੂਰਨ ਯੋਗਦਾਨ ਲਈ ਬੀ.ਆਈ.ਐਸ ਵੱਲੋਂ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਪੇਸ਼ਕਾਰੀਆਂ ਦਿੱਤੀਆਂ ਗਈਆਂ ਅਤੇ ਉਨਾਂ ਦੇ ਨਾਚ, ਗੀਤ ਅਤੇ ਪੋਸਟਰ ਬਣਾਉਣ ਆਦਿ ਮੁਕਾਬਲੇ ਕਰਵਾਏ ਗਏ। ਪ੍ਰੋਗਰਾਮ ਦੇ ਅੰਤ ਵਿਚ ਜੇਤੂ ਵਿਦਿਆਰਥੀਆਂ ਅਤੇ ਸਕੂਲਾਂ ਨੂੰ ਇਨਾਮ ਦਿੱਤੇ ਗਏ।
ਇਸ ਮੌਕੇ ਅੰਤਰਰਾਸ਼ਟਰੀ ਜਾਦੂਗਰ ਪ੍ਰਮੋਦ ਕੁਮਾਰ ਨੇ ਆਪਣੀ ਮਨਮੋਹਕ ਤੇ ਸ਼ਿਕਾਰੀ ਰਾਹੀਂ ਸਮਾਗਮ ਨੂੰ ਚਾਰ ਚੰਦ ਲਗਾਏ।
ਇਹ ਪ੍ਰੋਗਰਾਮ ਵਿਦਿਆਰਥੀਆਂ, ਅਧਿਆਪਕਾਂ ਅਤੇ ਸਥਾਨਕ ਭਾਈਚਾਰੇ ਵਿਚ ਮਾਨਕਾਂ ਅਤੇ ਗੁਣਵੱਤਾ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰਨ ਵਿਚ ਸਫਲ ਰਿਹਾ।