Monday, November 17Malwa News
Shadow

ਸਪੀਕਰ ਪੰਜਾਬ ਵਿਧਾਨ ਸਭਾ ਨੇ ਕੋਟਕਪੂਰਾ ਸਿਵਲ ਹਸਪਤਾਲ ਵਿਖੇ ਸਫ਼ਾਈ ਅਭਿਆਨ ਵਿੱਚ ਹਿੱਸਾ ਲਿਆ 

ਕੋਟਕਪੂਰਾ 17 ਨਵੰਬਰ ( ) — ਡੇਂਗੂ ਰੋਕਥਾਮ ਅਤੇ ਸਿਹਤ ਸਫਾਈ ਪ੍ਰਤੀ ਜਾਗਰੂਕਤਾ ਫੈਲਾਉਣ ਦੇ ਉਦੇਸ਼ ਨਾਲ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਅੱਜ ਕੋਟਕਪੂਰਾ ਸਿਵਲ ਹਸਪਤਾਲ ਵਿਖੇ ਸਫ਼ਾਈ ਅਭਿਆਨ ਵਿੱਚ ਸਰਗਰਮ ਹਿੱਸਾ ਲਿਆ। ਹਸਪਤਾਲ ਵਿੱਚ ਸਫ਼ਾਈ ਕਰਦੇ ਹੋਏ ਉਨ੍ਹਾਂ ਨੇ ਲੋਕਾਂ ਨੂੰ ਸਨੇਹਾ ਦਿੱਤਾ ਕਿ ਸਫਾਈ ਹੀ ਹਰ ਬਿਮਾਰੀ ਦਾ ਸਭ ਤੋਂ ਪਹਿਲਾ ਤੇ ਬਹੁਤ ਪ੍ਰਭਾਵਸ਼ਾਲੀ ਇਲਾਜ ਹੈ।

ਸਪੀਕਰ ਸ. ਸੰਧਵਾਂ ਨੇ ਇਸ ਮੌਕੇ ਕਿਹਾ ਕਿ “ਜਿੱਥੇ ਸਫ਼ਾਈ, ਉੱਥੇ ਖੁਦਾਈ” ਸਫ਼ਾਈ ਰੱਖਣ ਨਾਲ ਨਾ ਸਿਰਫ਼ ਡੇਂਗੂ ਬਲਕਿ ਹੋਰ ਬਿਮਾਰੀਆਂ ਤੋਂ ਵੀ ਬਚਾਅ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਉਨ੍ਹਾਂ ਦੇ ਹਲਕੇ ਦੇ ਲੋਕ ਸਫ਼ਾਈ ਨੂੰ ਅਹਿਮੀਅਤ ਦਿੰਦੇ ਹਨ ਅਤੇ ਇਹ ਜ਼ਿੰਮੇਵਾਰੀ ਨਾਲ ਨਾਲ ਜਾਗਰੂਕਤਾ ਦਾ ਸੰਦੇਸ਼ ਵੀ ਹੈ।

ਸ. ਸੰਧਵਾਂ ਨੇ ਦੱਸਿਆ ਕਿ ਅੱਜ ਉਹ ਇਸ ਅਭਿਆਨ ਵਿੱਚ ਹਿੱਸਾ ਲੈ ਕੇ ਹੋਰ ਵੱਧ ਤੋਂ ਵੱਧ ਨੌਜਵਾਨਾਂ, ਸਮਾਜਿਕ ਸੰਗਠਨਾਂ ਅਤੇ ਸਥਾਨਕ ਵਾਸੀਆਂ ਨੂੰ ਪ੍ਰੇਰਿਤ ਕਰਨ ਦੀ ਉਮੀਦ ਕਰਦੇ ਹਨ, ਤਾਂ ਜੋ ਸਫ਼ਾਈ ਮੁਹਿੰਮ ਇੱਕ ਜਨ ਅੰਦੋਲਨ ਦਾ ਰੂਪ ਧਾਰ ਸਕੇ। ਉਨ੍ਹਾਂ ਕਿਹਾ ਕਿ ਸਫ਼ਾਈ ਸਿਰਫ਼ ਸਰਕਾਰ ਦਾ ਕੰਮ ਨਹੀਂ, ਸਗੋਂ ਹਰ ਨਾਗਰਿਕ ਦੀ ਸਾਂਝੀ ਜ਼ਿੰਮੇਵਾਰੀ ਹੈ।

ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਗਿਲ੍ਹਾ ਤੇ ਸੁੱਕਾ ਕੂੜਾ ਅਲੱਗ-ਅਲੱਗ ਰੱਖਣ ਦੀ ਆਦਤ ਬਣਾਈ ਜਾਵੇ, ਕਿਉਂਕਿ ਇਹ ਕੂੜਾ ਪਰਬੰਧਨ ਅਤੇ ਸਿਹਤਮੰਦ ਵਾਤਾਵਰਣ ਲਈ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਘਰਾਂ ਦੇ ਆਲੇ-ਦੁਆਲੇ ਖੜ੍ਹੇ ਪਾਣੀ ਤੇ ਅਣਸੁਥਰੇ ਥਾਵਾਂ ਨੂੰ ਤੁਰੰਤ ਸਾਫ਼ ਕੀਤਾ ਜਾਵੇ ਤਾਂ ਜੋ ਡੇਂਗੂ ਮੱਛਰ ਦੇ ਪੈਦਾ ਹੋਣ ਦੀ ਸੰਭਾਵਨਾ ਨਹੀਂ ਰਹਿੰਦੀ।

ਸ. ਸੰਧਵਾਂ ਨੇ ਸਿਵਲ ਹਸਪਤਾਲ ਦੇ ਸਟਾਫ਼ ਦੀ ਵੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਉਹ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਲੋਕਾਂ ਦੀ ਸੇਵਾ ਲਈ ਹਰ ਵੇਲੇ ਤਤਪਰ ਰਹਿੰਦੇ ਹਨ। ਉਨ੍ਹਾਂ ਯਕੀਨ ਦਵਾਇਆ ਕਿ ਸਰਕਾਰ ਲੋਕਾਂ ਦੀ ਸਿਹਤ ਸੁਰੱਖਿਆ ਲਈ ਹਰ ਸੰਭਵ ਕਦਮ ਚੁੱਕ ਰਹੀ ਹੈ ਅਤੇ ਅਜਿਹੀਆਂ ਮੁਹਿੰਮਾਂ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ।

ਇਸ ਮੌਕੇ ਐਸ ਐਮ ਓ ਕੋਟਕਪੂਰਾ ਡਾ. ਹਰਿੰਦਰ ਗਾਂਧੀ, ਕੌਂਸਲਰ ਸਿਮਰਨਜੀਤ ਸਿੰਘ, ਅਮਨਦੀਪ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਸਮਾਜ ਸੇਵੀ ਹਾਜ਼ਰ ਸਨ।