Sunday, November 16Malwa News
Shadow

ਸਪੀਕਰ ਨੇ ਆਪ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ


ਚੰਡੀਗੜ੍ਹ, 16 ਨਵੰਬਰ 2025:
– ਸਾਹਿਬ-ਏ-ਕਮਾਲ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਦੇ 350 ਸਾਲਾ ਸ਼ਤਾਬਦੀ ਨੂੰ ਸਮਰਪਿਤ ਸਮਾਗਮਾਂ ਦੇ ਅੰਗ ਵਜੋਂ ਪੰਜਾਬ ਸਰਕਾਰ ਵੱਲੋਂ ਚੰਡੀਗੜ੍ਹ ਤੋਂ ਬਾਹਰ ਪਹਿਲੀ ਵਾਰ ਸ਼੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਉੱਤੇ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਸੰਦਰਭ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਨੂੰ ਵਿਧਾਨ ਸਭਾ ਵੱਲੋਂ ਸੱਦਾ ਪੱਤਰ ਭੇਟ ਕੀਤਾ।

ਸ. ਸੰਧਵਾਂ ਨੇ ਕਿਹਾ ਕਿ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਬਲਿਦਾਨ ਸਿਰਫ਼ ਸਿੱਖ ਕੌਮ ਲਈ ਨਹੀਂ, ਬਲਕਿ ਪੂਰੀ ਮਨੁੱਖਤਾ ਲਈ ਪ੍ਰੇਰਣਾਦਾਇਕ ਹੈ। ਧਰਮ–ਨਿਰਪੇਖਤਾ, ਧਰਮ ਦੀ ਆਜ਼ਾਦੀ, ਸ਼ਾਂਤੀ ਅਤੇ ਮਨੁੱਖੀ ਅਧਿਕਾਰਾਂ ਲਈ ਦਿੱਤੇ ਗਏ ਇਸ ਵਿਸ਼ਾਲ ਬਲਿਦਾਨ ਦੀ 350 ਸਾਲਾ ਸ਼ਤਾਬਦੀ ਪੂਰੀ ਦੁਨੀਆ ਲਈ ਇੱਕ ਮਹੱਤਵਪੂਰਨ ਇਤਿਹਾਸਿਕ ਪਲ ਹੈ। ਇਸ ਮਹਾਨ ਯਾਦਗਾਰ ਨੂੰ ਯਾਦਗਾਰੀ ਬਣਾਉਣ ਲਈ ਪੰਜਾਬ ਸਰਕਾਰ ਅਤੇ ਪੰਜਾਬ ਵਿਧਾਨ ਸਭਾ ਵੱਲੋਂ ਅਨੰਦਪੁਰ ਸਾਹਿਬ ਵਿੱਚ ਵਿਸ਼ੇਸ਼ ਸੈਸ਼ਨ ਦਾ ਆਯੋਜਨ ਇੱਕ ਇਤਿਹਾਸਕ ਕਦਮ ਹੈ।

ਸਪੀਕਰ ਸ. ਸੰਧਵਾਂ ਨੇ ਦੱਸਿਆ ਕਿ ਇਸ ਵਿਸ਼ੇਸ਼ ਸੈਸ਼ਨ ਦੌਰਾਨ:

ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅਦੁਤੀ ਬਲਿਦਾਨ ਅਤੇ ਸਿੱਖਿਆਵਾਂ ‘ਤੇ ਵਿਸ਼ੇਸ਼ ਚਰਚਾ ਹੋਵੇਗੀ।
ਸਾਰੇ ਵਿਧਾਇਕ, ਵੱਖ-ਵੱਖ ਧਾਰਮਿਕ ਸੰਸਥਾਵਾਂ ਦੇ ਪ੍ਰਤਿਨਿਧੀ ਅਤੇ ਵਿਸ਼ੇਸ਼ ਮਹਿਮਾਨ ਹਾਜ਼ਰੀ ਭਰਨਗੇ।
ਉਨ੍ਹਾਂ ਨੇ ਕਿਹਾ ਕਿ ਅਨੰਦਪੁਰ ਸਾਹਿਬ, ਜੋ ਖਾਲਸਾ ਦੀ ਜਨਮਭੂਮੀ ਹੈ, ਤੋਂ ਇਸ ਵਿਸ਼ੇਸ਼ ਸੈਸ਼ਨ ਦੀ ਸ਼ੁਰੂਆਤ ਨਾਲ ਪੰਜਾਬ ਦੀ ਰੂਹਾਨੀ ਵਿਰਾਸਤ ਨੂੰ ਹੋਰ ਮਜ਼ਬੂਤੀ ਮਿਲੇਗੀ ਅਤੇ ਦੁਨੀਆ ਨੂੰ ਸ਼ਾਂਤੀ, ਭਾਈਚਾਰੇ ਅਤੇ ਮਨੁੱਖਤਾ ਦਾ ਸਾਂਝਾ ਸੰਦੇਸ਼ ਜਾਵੇਗਾ।

ਸ਼੍ਰੀ ਕੇਜਰੀਵਾਲ ਨੂੰ ਸੱਦਾ ਪੱਤਰ ਭੇਟ ਕਰਦੇ ਹੋਏ ਸ. ਸੰਧਵਾਂ ਨੇ ਆਸ ਜਤਾਈ ਕਿ ਉਹ ਇਸ ਇਤਿਹਾਸਕ ਪਲ ਚ ਸ਼ਿਰਕਿਤ ਕਰਨ ਲਈ ਵਿਸ਼ੇਸ਼ ਸੈਸ਼ਨ ਵਿੱਚ ਸ਼ਾਮਲ ਹੋਣਗੇ।