Saturday, January 25Malwa News
Shadow

”ਸਾਡੇ ਬਜ਼ੁਰਗ ਸਾਡਾ ਮਾਣ” ਮੁਹਿੰਮ ਦਾ ਜਿਲ੍ਹਾ ਪਟਿਆਲਾ ਤੋਂ 23 ਅਕਤੂਬਰ ਨੂੰ ਹੋਵੇਗਾ ਆਗਾਜ਼: ਡਾ. ਬਲਜੀਤ ਕੌਰ

ਚੰਡੀਗੜ੍ਹ, 14 ਅਕਤੂਬਰ: ਪੰਜਾਬ ਸਰਕਾਰ ਵੱਲੋਂ ਬਜੁਰਗਾਂ ਦੀ ਭਲਾਈ ਅਤੇ ਸਿਹਤ ਸੰਭਾਲ ਲਈ “ਸਾਡੇ ਬਜ਼ੁਰਗ ਸਾਡਾ ਮਾਣ” ਮੁਹਿੰਮ ਦਾ ਆਗਾਜ਼ 23 ਅਕਤੂਬਰ ਨੂੰ ਜਿਲ੍ਹਾ ਪਟਿਆਲਾ ਤੋਂ ਕੀਤਾ ਜਾਵੇਗਾ। 1 ਅਕਤੂਬਰ ਨੂੰ ਮਨਾਏ ਗਏ ਬਜ਼ੁਰਗਾਂ ਦੇ ਅੰਤਰ-ਰਾਸ਼ਟਰੀ ਦਿਵਸ ਨੂੰ ਸਮਰਪਿਤ ਇਸ ਮੁਹਿੰਮ ਦੌਰਾਨ ਪੰਜਾਬ ਦੇ ਹਰ ਜਿਲ੍ਹੇ ਵਿੱਚ ਬਜੁਰਗਾਂ ਨੂੰ ਮੁਫ਼ਤ ਸਿਹਤ ਸਹੂਲਤਾਂ ਮੁਹੱਈਆਂ ਕਰਨ ਲਈ ਵਿਸ਼ੇਸ਼ ਸਿਹਤ ਕੈਂਪਾਂ ਦਾ ਆਯੋਜਨ ਕੀਤਾ ਜਾਵੇਗਾ।

ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਿਸ਼ੇਸ਼ ਮੁਹਿੰਮ ਦੇ ਤਹਿਤ ਬਜ਼ੁਰਗਾਂ ਦੀ ਜੇਰੀਏਟ੍ਰਿਕ ਜਾਂਚ, ਅੱਖਾਂ ਦੀ ਜਾਂਚ, ਐਨਕਾਂ ਦੀ ਵੰਡ ਅਤੇ ਅੱਖਾਂ ਦੀ ਸਰਜਰੀ ਸਮੇਤ ਹੋਰ ਮੁਫ਼ਤ ਸੇਵਾਵਾਂ ਦਿੱਤੀਆਂ ਜਾਣਗੀਆਂ। ਇਸ ਮੌਕੇ ਸੀਨੀਅਰ ਸਿਟੀਜ਼ਨ ਕਾਰਡ ਬਣਾਏ ਜਾਣਗੇ ਅਤੇ ਬੁਢਾਪਾ ਪੈਨਸ਼ਨ ਦੇ ਫਾਰਮ ਵੀ ਭਰੇ ਜਾਣਗੇ।

ਕੈਬਨਿਟ ਮੰਤਰੀ ਨੇ ਬਜ਼ੁਰਗਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਸ ਮੁਹਿੰਮ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਕੈਪਾਂ ਵਿੱਚ ਪਹੁੰਚਣਾ ਯਕੀਨੀ ਬਣਾਉਣ ਅਤੇ ਆਪਣੀ ਸਿਹਤ ਸੰਭਾਲ ਸੰਬੰਧੀ ਸਹਾਇਤਾ ਪ੍ਰਾਪਤ ਕਰਨ।

ਉਨ੍ਹਾਂ ਦੱਸਿਆ ਕਿ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕ੍ਰਮਵਾਰ ਪਟਿਆਲਾ ਵਿਖੇ 23 ਅਕਤੂਬਰ ਨੂੰ, ਬਠਿੰਡਾ 05 ਨਵੰਬਰ ਨੂੰ, ਫਰੀਦਕੋਟ 07 ਨਵੰਬਰ ਨੂੰ, ਸ੍ਰੀ ਮੁਕਤਸਰ ਸਾਹਿਬ 08 ਨਵੰਬਰ ਨੂੰ, ਲੁਧਿਆਣਾ 11 ਨਵੰਬਰ ਨੂੰ, ਜਲੰਧਰ 12 ਨਵੰਬਰ ਨੂੰ, ਕਪੂਰਥਲਾ 13 ਨਵੰਬਰ ਨੂੰ, ਐਸ.ਏ.ਐਸ ਨਗਰ (ਮੁਹਾਲੀ) 14 ਨਵੰਬਰ ਨੂੰ, ਫਿਰੋਜ਼ਪੁਰ 20 ਨਵੰਬਰ ਨੂੰ, ਫਾਜ਼ਿਲਕਾ 21 ਨਵੰਬਰ ਨੂੰ, ਪਠਾਨਕੋਟ 22 ਨਵੰਬਰ ਨੂੰ, ਗੁਰਦਾਸਪੁਰ 25 ਨਵੰਬਰ ਨੂੰ , ਅੰਮ੍ਰਿਤਸਰ 26 ਨਵੰਬਰ ਨੂੰ, ਤਰਨਤਾਰਨ 27 ਨਵੰਬਰ ਨੂੰ, ਐਸ.ਬੀ.ਐਸ ਨਗਰ 28 ਨਵੰਬਰ ਨੂੰ, ਹੁਸ਼ਿਆਰਪੁਰ 29 ਨਵੰਬਰ ਨੂੰ, ਰੂਪਨਗਰ 05 ਦਸੰਬਰ ਨੂੰ ਅਤੇ ਫਤਹਿਗੜ੍ਹ ਸਾਹਿਬ 09 ਦਸੰਬਰ ਨੂੰ ਕੈਂਪਾਂ ਦਾ ਆਯੋਜਨ ਕੀਤਾ ਜਾਵੇਗਾ।

ਮੰਤਰੀ ਨੇ ਅੱਗੇ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਬਜ਼ੁਰਗਾਂ ਦੀ ਭਲਾਈ ਲਈ ਵਚਨਬੱਧ ਹੈ ਅਤੇ ਬਜ਼ੁਰਗਾਂ ਦੀ ਸਿਹਤ ਅਤੇ ਹੋਰਨਾਂ ਸਮੱਸਿਆਵਾਂ ਦੇ ਹੱਲ ਲਈ ਲਗਾਤਾਰ ਯਤਨਸ਼ੀਲ ਹੈ।

Punjab Govt Add Zero Bijli Bill English 300x250