Tuesday, March 31Malwa News
Shadow

ਬੇਕਾਰ ਵਸਤਾਂ ਦੀ ਪੁਨਰ-ਵਰਤੋਂ ਨਾਲ ਮਿਲਦਾ ਹੈ ਵੱਧ ਲਾਭ ਅਤੇ ਸਾਫ਼ ਸੁਥਰਾ ਵਾਤਾਵਰਨ – ਡਾ. ਯਾਦਵਿੰਦਰ ਸਿੰਘ

ਖਡੂਰ ਸਾਹਿਬ, 31 ਮਾਰਚ :          ਸ੍ਰੀ ਗੁਰੂ ਅੰਗਦ ਦੇਵ ਕਾਲਜ ਆਫ ਐਜੂਕੇਸ਼ਨ ਵੱਲੋਂ ਨਿਸ਼ਾਨ-ਏ-ਸਿੱਖੀ ਚੈਰੀਟੇਬਲ ਟਰੱਸਟ ਦੇ ਸਹਿਯੋਗ ਨਾਲ ਰਚਨਾਤਮਕ ਪ੍ਰਦਰਸ਼ਨੀ ਲਗਾਈ ਗਈ। ਇਸ ਪ੍ਰਦਰਸ਼ਨੀ ਵਿੱਚ ਕਾਲਜ ਦੀਆਂ ਵਿਦਿਆਰਥਣਾਂ ਵੱਲੋਂ ਬੇਕਾਰ ਨਾ ਵਰਤਣ ਯੋਗ ਚੀਜ਼ਾਂ ਨੂੰ ਦੁਬਾਰਾ ਵਰਤੋਂ ਵਿੱਚ ਲਿਆ ਕੇ ਵਰਤੋਂ ਯੋਗ ਚੀਜ਼ਾਂ ਬਣਾਈਆਂ ਗਈਆਂ। ਇਹ ਪ੍ਰਦਰਸ਼ਨੀ ਡਾ. ਸਿਮਰਪ੍ਰੀਤ ਕੌਰ ਪ੍ਰਿੰਸੀਪਲ ਸ੍ਰੀ ਗੁਰੂ ਅੰਗਦ ਦੇਵ ਕਾਲਜ ਆਫ ਐਜੂਕੇਸ਼ਨ ਦੀ ਦੇਖ-ਰੇਖ ਲਗਾਈ ਗਈ। ਇਸ ਪ੍ਰਦਰਸ਼ਨੀ ਵਿੱਚ ਨਿਸ਼ਾਨ-ਏ-ਸਿੱਖੀ ਚੈਰੀਟਬਲ ਟਰੱਸਟ ਖਡੂਰ ਸਾਹਿਬ ਤੋਂ ਡਾਇਰੈਕਟਰ ਬਲਦੇਵ ਸਿੰਘ ਸੰਧੂ, ਕਰਨਲ ਬਾਵਾ ਜੀ, ਬਾਬਾ ਬਲਬੀਰ ਸਿੰਘ, ਬਲਵੰਤ ਸਿੰਘ ਸੰਧੂ ਪ੍ਰਿੰਸੀਪਲ ਸ੍ਰੀ ਗੁਰੂ ਅੰਗਦ ਦੇਵ ਕਾਲਜ ਖਡੂਰ ਸਾਹਿਬ ਸ਼ਾਮਿਲ ਹੋਏ ।

ਖੇਤੀਬਾੜੀ ਵਿਭਾਗ ਖਡੂਰ ਸਾਹਿਬ ਤੋਂ ਡਾ. ਯਾਦਵਿੰਦਰ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਕਾਲਜ ਦੀਆਂ ਵਿਦਿਆਰਥਣਾਂ ਅਤੇ ਵਿਦਿਆਰਥੀਆਂ ਵੱਲੋਂ ਚਾਰ ਗਰੁੱਪ ਬਣਾ ਕੇ ਬੇਕਾਰ ਅਤੇ ਨਾ ਵਰਤਣ ਯੋਗ ਵਸਤੂਆਂ ਨੂੰ ਵਰਤੋਂ ਵਿਚ ਲਿਆ ਕੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ ਗਿਆ। ਇਸ ਪ੍ਰਦਰਸ਼ਨੀ ਵਿੱਚ ਟੀਮ ਇਕ ਪਹਿਲੇ ਨੰਬਰ ‘ਤੇ ਰਹੀ, ਟੀਮ ਦੋ ਦੂਸਰੇ ਨੰਬਰ ‘ਤੇ ਅਤੇ ਟੀਮ ਤਿੰਨ ਤੇ ਚਾਰ ਤੀਸਰੇ ਨੰਬਰ ‘ਤੇ ਰਹੀਆਂ। ਜੱਜਾਂ ਦੀ ਭੂਮਿਕਾ ਡਾਇਰੈਕਟਰ ਬਲਦੇਵ ਸਿੰਘ ਸੰਧੂ, ਡਾ. ਯਾਦਵਿੰਦਰ ਸਿੰਘ, ਬਾਬਾ ਬਲਬੀਰ ਸਿੰਘ ਅਤੇ ਕਰਨਲ ਬਾਵਾ ਨੇ ਨਿਭਾਈ। ਇਸ ਮੌਕੇ ਡਾਇਰੈਕਟਰ ਬਲਦੇਵ ਸਿੰਘ ਸੰਧੂ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਰਚਨਾਤਮਕ ਪ੍ਰਦਰਸ਼ਨੀ ਵਿੱਚ ਬਣਾਈਆਂ ਚੀਜ਼ਾਂ ਨੂੰ ਅਸਲ ਜ਼ਿੰਦਗੀ ਵਿੱਚ ਵੀ ਅਪਣਾਉਣ। ਬਾਬਾ ਬਲਬੀਰ ਸਿੰਘ ਅਤੇ ਕਰਨਲ ਸਾਹਿਬ ਨੇ ਵੀ ਵਿਦਿਆਰਥੀਆਂ ਨੂੰ ਅਜਿਹੇ ਨਿਵੇਕਲੇ ਅਤੇ ਰਚਨਾਤਮਕ ਕੰਮ ਲਈ ਪ੍ਰੇਰਿਤ ਕੀਤਾ। ਇਸ ਮੌਕੇ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਡਾ. ਯਾਦਵਿੰਦਰ ਸਿੰਘ ਨੇ ਕਿਹਾ ਕਿ ਆਧੁਨਿਕ ਯੁੱਗ ਵਿੱਚ ਮਨੁੱਖੀ ਜੀਵਨ ਵਿੱਚ ਸਹੂਲਤਾਂ ਦੇ ਨਾਲ-ਨਾਲ ਕੂੜੇ-ਕਰਕਟ ਦੀ ਮਾਤਰਾ ਵੀ ਤੇਜ਼ੀ ਨਾਲ ਵੱਧ ਰਹੀ ਹੈ। ਘਰਾਂ, ਦਫ਼ਤਰਾਂ ਅਤੇ ਉਦਯੋਗਾਂ ਵਿੱਚ ਰੋਜ਼ਾਨਾ ਬਹੁਤ ਸਾਰੀਆਂ ਵਸਤੂਆਂ ਬੇਕਾਰ ਹੋ ਜਾਂਦੀਆਂ ਹਨ, ਜਿਨ੍ਹਾਂ ਨੂੰ ਅਕਸਰ ਅਸੀਂ ਸੁੱਟ ਦਿੰਦੇ ਹਾਂ। ਪਰ ਜੇ ਇਨ੍ਹਾਂ ਬੇਕਾਰ ਵਸਤੂਆਂ ਨੂੰ ਸਹੀ ਢੰਗ ਨਾਲ ਵਰਤਿਆ ਜਾਵੇ, ਤਾਂ ਇਨ੍ਹਾਂ ਤੋਂ ਨਵੀਆਂ ਅਤੇ ਲਾਭਕਾਰੀ ਵਸਤੂਆਂ ਤਿਆਰ ਕੀਤੀਆਂ ਜਾ ਸਕਦੀਆਂ ਹਨ।

ਸਭ ਤੋਂ ਪਹਿਲਾਂ, ਬੇਕਾਰ ਵਸਤੂਆਂ ਦੀ ਦੁਬਾਰਾ ਵਰਤੋਂ ਨਾਲ ਵਾਤਾਵਰਨ ਦੀ ਸੁਰੱਖਿਆ ਹੁੰਦੀ ਹੈ। ਪਲਾਸਟਿਕ, ਕਾਗਜ਼ ਅਤੇ ਧਾਤੂ ਵਰਗੀਆਂ ਵਸਤੂਆਂ ਨੂੰ ਰੀਸਾਈਕਲ ਕਰਕੇ ਅਸੀਂ ਕੁਦਰਤੀ ਸਰੋਤਾਂ ਦੀ ਬਚਤ ਕਰ ਸਕਦੇ ਹਾਂ। ਦੂਜਾ ਮਹੱਤਵਪੂਰਨ ਲਾਭ ਆਰਥਿਕ ਬੱਚਤ ਹੈ।  ਪੁਰਾਣੇ ਕੱਪੜਿਆਂ ਤੋਂ ਬੈਗ ਜਾਂ ਕਵਰ ਬਣਾ ਕੇ ਪੈਸੇ ਬਚਾਏ ਜਾ ਸਕਦੇ ਹਨ।
ਇਸ ਤੋਂ ਇਲਾਵਾ, ਇਹ ਪ੍ਰਕਿਰਿਆ ਰਚਨਾਤਮਕਤਾ ਨੂੰ ਵੀ ਵਧਾਉਂਦੀ ਹੈ।

ਬੇਕਾਰ ਵਸਤੂਆਂ ਦੀ ਵਰਤੋਂ ਨਾਲ ਰੋਜ਼ਗਾਰ ਦੇ ਮੌਕੇ ਵੀ ਪੈਦਾ ਹੁੰਦੇ ਹਨ। ਬੇਕਾਰ ਵਸਤੂਆਂ ਤੋਂ ਵਰਤੋਂ ਯੋਗ ਚੀਜ਼ਾਂ ਬਣਾਉਣਾ ਸਿਰਫ਼ ਲਾਭਕਾਰੀ ਹੀ ਨਹੀਂ, ਸਗੋਂ ਸਮਾਜ ਅਤੇ ਵਾਤਾਵਰਨ ਲਈ ਵੀ ਬਹੁਤ ਜ਼ਰੂਰੀ ਹੈ। ਅਖ਼ੀਰ ਵਿੱਚ ਡਾ. ਸਿਮਰਪ੍ਰੀਤ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਨੂੰ ਚੰਗੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।