
ਅਸੀਂ ਹਰ ਸਾਲ ਦੁਸਹਿਰੇ ਤੇ ਰਾਵਣ ਸੜਦਾ ਦੇਖਦੇ ਹਾਂ।ਇਤਿਹਾਸਿਕ ਤੱਥ ਵਾਚੀਏ ਤਾਂ ਪਤਾ ਲੱਗਦਾ ਹੈ ਕਿ ਰਾਵਣ ਨੇ ਪਤੀ ਵਰਤਾ ਔਰਤ (ਸੀਤਾ ਮਾਤਾ) ਜੀ ਨੂੰ ਜਬਰੀ ਧੋਖੇ ਨਾਲ ਚੁੱਕ ਕੇ ਆਪਣੇ ਮਹਿਲ ਵਿੱਚ ਲੈ ਆਂਦਾ ਸੀ।ਇਹ ਸੀ ਉਸ ਦਾ ਨਾਂਹਵਾਚਕ ਕਿਰਦਾਰ ਪਰ ਜੇ ਦੂਜੇ ਪਾਸੇ ਉਸ ਦੇ ਹਾਂਵਾਚਕ ਕਿਰਦਾਰ ਵੱਲ ਝਾਤੀ ਮਾਰੀਏ ਤਾਂ ਉਸ ਵਿੱਚੋਂ ਬੁਰਾਈ ਦੇ ਬਾਵਜੂਦ ਵੀ ਚੰਗਿਆਈ ਨਜ਼ਰ ਆਉਂਦੀ ਹੈ।ਉਹ ਚਾਰ ਵੇਦਾਂ ਦਾ ਗਿਆਤਾ ਸੀ।ਜੇ ਗਹੁ ਨਾਲ ਵਾਚੀਏ ਤਾਂ ਉਹ ਆਪਣੀ ਭੈਣ ਸਰੂਪਨਖਾ ਦੇ ਅਪਮਾਨ ਦੇ ਬਦਲੇ ਵਿੱਚ ਸੀਤਾ ਮਾਤਾ ਨੂੰ ਚੁੱਕ ਲਿਆਇਆ। ਪਰ ਉਸ ਨੇ ਸੀਤਾ ਮਾਤਾ ਨਾਲ ਕੋਈ ਜ਼ਬਰਦਸਤੀ ਨਹੀਂ ਕੀਤੀ।ਇਹ ਸੀ ਉਸ ਦਾ ਵਧੀਆ ਕਿਰਦਾਰ ਇਸ ਘਟਨਾ ਨੂੰ ਅਗਰ ਅੱਜ ਦੇ ਜਮਾਨੇ ਨਾਲ ਜੋੜ ਕੇ ਦੇਖੀਏ ਤਾਂ ਲੱਗਦਾ ਹੈ ਤਾਂ ਲੱਗਦਾ ਹੈ ਅੱਜ ਦੇ ਹੈਵਾਨਾਂ ਨਾਲੋਂ ਰਾਵਣ ਕਿਤੇ ਚੰਗਾ ਸੀ।ਅੱਜ ਦੇ ਦਰਿੰਦੇ ਮਿੰਟਾਂ ਵਿੱਚ ਧੀ ਭੈਣ ਦੀ ਪੱਤ ਰੋਲ ਕੇ,ਉਸ ਨੂੰ ਨੋਚ ਨੋਚ ਕੇ ਜਾਨੋਂ ਮਾਰ ਦਿੰਦੇ ਨੇ।ਵੱਧ ਰਹੇ ਬਲਾਤਕਾਰ ਦੀਆਂ ਘਟਨਾਵਾਂ ਨੂੰ ਦੇਖ ਕੇ ਹਰ ਧੀ ਦੇ ਮਾਂ-ਬਾਪ ਦੀ ਰਾਤਾਂ ਦੀ ਨੀਂਦ ਉੱਡੀ ਪਈ ਹੈ। ਉਹ ਆਪਣੀਆਂ ਜਵਾਨ ਧੀਆਂ ਨੂੰ ਕਿਹੜੇ ਭੋਰੇ ਵਿੱਚ ਪਾ ਕੇ ਰੱਖਣ। ਜਿਸ ਦਿਨ ਦੀ ਕਲਕੱਤਾ ਦੀ ਡਾ: ਮੋਮਿਤਾ ਨਾਲ ਘਟਨਾ ਘਟੀ ਹੈ ਉਸ ਦਿਨ ਤੋਂ ਹਰ ਇੱਕ ਔਰਤ ਆਪਣੇ-ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੀ ਹੈ।ਕੰਮ ਕਾਜੀ ਔਰਤਾਂ ਹੋਰ ਵੀ ਪ੍ਰੇਸ਼ਾਨ ਹਨ। ਡਿਊਟੀ ਤੇ ਤਾਂ ਹਰ ਇੱਕ ਨੇ ਜਾਣਾ ਏ, ਮਹਿੰਗਾਈ ਦੇ ਦੌਰ ਵਿੱਚ ਸਾਰੇ ਜੀਆਂ ਦਾ ਕਮਾਉਣਾ ਵੀ ਜ਼ਰੂਰੀ ਹੋ ਗਿਆ ਏ ਪਰ ਕਿਤੇ ਨਾ ਕਿਤੇ ਹਰ ਇੱਕ ਦੇ ਦਿਲ ਵਿੱਚ ਡਰ ਬੈਠ ਗਿਆ ਹੈ ਕਿ ਪਤਾ ਨਹੀਂ ਅਗਲੇ ਪਲ ਕੀ ਹੋ ਜਾਣਾ। ਇਸ ਲਈ ਔਰਤ ਪ੍ਰਤੀ ਸੋਚ ਬਦਲਣ ਦੀ ਲੋੜ ਹੈ। ਉਨ੍ਹਾਂ ਨੂੰ ਵੀ ਜ਼ਿੰਦਗੀ ਜਿਉਣ ਦਾ ਹੱਕ ਹੈ।ਕਿਉਂ ਕਿਸੇ ਮਾਸੂਮ ਦੀ ਜ਼ਿੰਦਗੀ ਨਾਲ ਖਿਲਵਾੜ ਕਰਕੇ ਉਨ੍ਹਾਂ ਦੇ ਮਾਪਿਆਂ ਨੂੰ ਸਾਰੀ ਉਮਰ ਤਿਲ ਤਿਲ ਮਰਨ ਲਈ ਮਜ਼ਬੂਰ ਕਰਦੇ ਹੋ? ਆਪਣੀ ਸੋਚ , ਆਪਣਾ ਰਵੱਈਆ ਬਦਲੋ।ਕਿਸੇ ਤੇ ਉਂਗਲ ਉਠਾਉਣ ਤੋਂ ਪਹਿਲਾਂ ਆਪਣੇ ਅੰਦਰ ਵਾਲਾ ਰਾਵਣ ਮਾਰੋ। ਮਨ ਵਿੱਚ ਪਲ ਰਹੀ ਗੰਦੀ ਸੋਚ ਨੂੰ ਬਦਲੋ।ਪਰਾਈ ਧੀ ਭੈਣ ਨੂੰ ਆਪਣੀ ਧੀ ਭੈਣ ਸਮਝੋ। ਸੋਹਣੇ ਸਮਾਜ ਦੀ ਸਿਰਜਣਾ ਕਰਨ ਵਿੱਚ ਆਪਣਾ ਯੋਗਦਾਨ ਪਾਉ।ਜੀਉ ਅਤੇ ਜੀਣ ਦਿਉ।
ਹਰ ਕਲੀ ਨੂੰ ਮਧੋਲ ਕੇ ਪੈਰਾਂ ਵਿੱਚ ਨਾ ਸੁੱਟੋ ਸਗੋਂ ਉਸ ਨੂੰ ਖਿੜ ਕੇ ਫੁੱਲ ਬਣਨ ਦਾ ਮੌਕਾ ਦਿਉ। ।
ਬਲਜੀਤ ਕੌਰ ਝੂਟੀ
ਜਿਆਣ /ਹੁਸ਼ਿਆਰਪੁਰ