ਦੁਬਈ, 19 ਨਵੰਬਰ : ਦੁਬਈ ਦੇ ਪ੍ਰਸਿੱਧ ਹੋਟਲ ਮੈਟਰੋਪੋਲੀਟਿਨ ਵਿਖੇ ਦੂਸਰਾ ਇੰਟਰਨੈਸ਼ਨਲ ਬਿਜਨਸ ਐਵਾਰਡ 2024 ਕਰਵਾਇਆ ਗਿਆ, ਜਿਸ ਵਿਚ ਵੱਖ ਵੱਖ ਖੇਤਰਾਂ ਵਿਚ ਮਕਬੂਲੀਅਤ ਹਾਸਲ ਕਰਨ ਵਾਲੀਆਂ ਦੁਨੀਆਂ ਭਰ ਦੀਆਂ ਸਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਭਾਰਤ ਤੋਂ ਜੱਗ ਬਾਣੀ ਟੀ.ਵੀ. ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਨੂੰ ਇਸ ਸਮਾਗਮ ਵਿਚ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਰਮਨਦੀਪ ਸਿੰਘ ਸੋਢੀ ਨੂੰ ਇਸ ਸਮਾਗਮ ਵਿਚ ਦੂਜੀ ਵਾਰ ਸਨਮਾਨਿਤ ਕੀਤਾ ਗਿਆ। ਪਿਛਲੇ ਸਾਲ ਕਰਵਾਏ ਗਏ ਪਹਿਲੇ ਇੰਟਰਨੈਸ਼ਨਲ ਬਿਜਨਸ ਐਵਾਰਡ ਵਿਚ ਵੀ ਰਮਨ ਸੋਢੀ ਨੂੰ ਪੱਤਰਕਾਰੀ ਵਿਚ ਚੰਗੀਆਂ ਸੇਵਾਵਾਂ ਕਰਨ ਬਦਲੇ ਸਨਮਾਨ ਹਾਸਲ ਹੋਇਆ ਸੀ।
ਦੁਬਈ ਵਿਖੇ ਕੱਲ੍ਹ ਕਰਵਾਏ ਗਏ ਸਮਾਗਮ ਵਿਚ ਦੁਨੀਆਂ ਭਰ ਦੀਆਂ ਪ੍ਰਮੁੱਖ ਸਖ਼ਸ਼ੀਅਤਾਂ ਸ਼ਾਮਲ ਹੋਈਆਂ। ਪਿਕਸੀ ਜੌਬਜ਼ ਦੀ ਟੀਮ ਮਨਜਿੰਦਰ ਸਿੰਘ ਅਤੇ ਮੈਡਮ ਨਿਸ਼ਾ ਕੌਲ ਦੇ ਯਤਨਾਂ ਨਾਲ ਕਰਵਾਏ ਗਏ ਇਸ ਸਮਾਗਮ ਵਿਚ ਯੂ.ਏ.ਈ., ਇੰਗਲੈਂਡ, ਕੈਨੇਡਾ, ਅਮਰੀਕਾ ਅਤੇ ਭਾਰਤ ਤੋਂ ਪ੍ਰਮੁੱਖ ਸਖ਼ਸ਼ੀਅਤਾਂ ਸ਼ਾਮਲ ਹੋਈਆਂ। ਸਮਾਗਮ ਵਿਚ ਸ਼ਾਮਲ ਹੋਏ ਵਿਸ਼ੇਸ਼ ਮਹਿਮਾਨਾਂ ਵਿਚ ਦੁਬਈ ਦੇ ਸ਼ੇਖ ਅਬੂ ਅਬਦੁੱਲਾ, ਸ਼ਾਹੀ ਇਮਾਮ ਮੁਲਾਨਾ, ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੋਂ ਇਲਾਵਾ ਦੁਬਈ ਦੀਆਂ ਪ੍ਰਮੁੱਖ ਸਖ਼ਸ਼ੀਅਤਾਂ ਸ਼ਾਮਲ ਸਨ।
ਇਸ ਐਵਾਰਡ ਸਮਾਗਮ ਵਿਚ ਵੱਖ ਵੱਖ ਖੇਤਰਾਂ ਵਿਚ ਵੱਡੀਆਂ ਮੱਲਾਂ ਮਾਰਨ ਵਾਲੀਆਂ ਸਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਦਿੱਤੇ ਗਏ ਸਨਮਾਨਾਂ ਦੀਆਂ ਸ੍ਰੈਣੀਆਂ ਵਿਚ ਹੋਟਲ ਸਨਅਤ, ਹੈਲਥ ਕੇਅਰ, ਪੱਤਰਕਾਰੀ, ਇਮੀਗਰੇਸ਼ਨ ਅਤੇ ਬਿਜਨਸ ਸ਼ਾਮਲ ਸਨ। ਇਸ ਸਮਾਗਮ ਦੀ ਵਿਸ਼ੇਸ਼ਤਾ ਇਹੀ ਰਹੀ ਕਿ ਜੱਗਬਾਣੀ ਟੀ ਵੀ ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਨੂੰ ਦੂਜੀ ਵਾਰ ਸਨਮਾਨਿਤ ਕੀਤਾ ਗਿਆ।