Wednesday, February 19Malwa News
Shadow

ਪੰਜਾਬ ਵਿਧਾਨ ਸਭਾ ਨੇ ਵਿਸ਼ੇਸ਼ ਅਧਿਕਾਰਾਂ ਦੀ ਉਲੰਘਣਾ ਸਬੰਧੀ ਪੱਤਰ ਵਾਪਸ ਲਿਆ

ਚੰਡੀਗੜ੍ਹ, 24 ਅਕਤੂਬਰ: ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਪੱਸ਼ਟ ਕੀਤਾ ਹੈ ਕਿ ਵਿਸ਼ੇਸ਼ ਅਧਿਕਾਰਾਂ ਦੀ ਉਲੰਘਣਾ ਸਬੰਧੀ ਕਿਸੇ ਵੀ ਮਾਮਲੇ ’ਤੇ ਕੋਈ ਵੀ  ਕਾਰਵਾਈ ਕਰਨ ਤੋਂ ਪਹਿਲਾਂ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਜਾਵੇ। ਜ਼ਿਕਰਯੋਗ ਹੈ ਕਿ ਵਿਸ਼ੇਸ਼ ਅਧਿਕਾਰਾਂ ਬਾਰੇ ਪੰਜਾਬ ਅਸੈਂਬਲੀ ਕਮੇਟੀ, ਜੋ ਸ. ਸੰਧਵਾਂ ਦੀ ਨਿਗਰਾਨੀ ਹੇਠ ਹੈ, ਵਿਸ਼ੇਸ਼ ਅਧਿਕਾਰਾਂ ਦੀ ਕਥਿਤ ਉਲੰਘਣਾ ਦੀ ਜਾਂਚ ਤੇ ਤਫ਼ਤੀਸ਼ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਕਮੇਟੀ ਦੇ ਕਾਰਜਾਂ ਵਿੱਚ ਸਦਨ , ਇਸਦੀਆਂ ਕਮੇਟੀਆਂ ਅਤੇ ਮੈਂਬਰਾਂ ਦੀ ਆਜ਼ਾਦੀ, ਅਧਿਕਾਰ ਅਤੇ ਪ੍ਰਤਿਸ਼ਠਾ ਦੀ ਰਾਖੀ ਕਰਨਾ ਸ਼ਾਮਲ ਹੈ।

ਇਸ ਦੌਰਾਨ, ਪੰਜਾਬ ਵਿਧਾਨ ਸਭਾ ਸਕੱਤਰੇਤ ਨੇ ਵਿਸ਼ੇਸ਼ ਅਧਿਕਾਰਾਂ ਦੀ ਉਲੰਘਣਾ ਬਾਰੇ ਸ਼ਿਕਾਇਤ ਸਬੰਧੀ ਆਪਣਾ ਪੱਤਰ ਨੰਬਰ 541 ਮਿਤੀ: 18 ਅਕਤੂਬਰ, 2024 ਵਾਪਸ ਲੈ ਲਿਆ ਹੈ। ਇਹ ਪੱਤਰ 22 ਅਕਤੂਬਰ, 2024 ਨੂੰ ਵਾਪਸ ਲੈ ਲਿਆ ਗਿਆ ਸੀ।

ਪੰਜਾਬ ਵਿਧਾਨ ਸਭਾ ਸਕੱਤਰੇਤ ਦੇ ਬੁਲਾਰੇ ਅਨੁਸਾਰ ਜੈਤੋਂ ਦੇ ਵਿਧਾਇਕ ਅਮੋਲਕ ਸਿੰਘ ਨੇ ਵਿਸ਼ੇਸ਼ ਅਧਿਕਾਰਾਂ ਦੀ ਉਲੰਘਣਾ ਸਬੰਧੀ ਸ਼ਿਕਾਇਤ ਦਰਜ ਕਰਵਾਈ ਸੀ। ਆਮ ਪ੍ਰਕਿਰਿਆ ਦੇ ਹਿੱਸੇ ਵਜੋਂ, ਪੰਜਾਬ ਵਿਧਾਨ ਸਭਾ ਸਕੱਤਰੇਤ ਨੇ ਸਰਕਾਰੀ ਪ੍ਰਾਇਮਰੀ ਸਕੂਲ ਗੋਦਾਰਾ, ਜ਼ਿਲ੍ਹਾ ਫ਼ਰੀਦਕੋਟ ਦੇ ਅਧਿਆਪਕਾਂ ਨੂੰ ਪੱਤਰ ਭੇਜ ਕੇ ਇਸ ਮਾਮਲੇ ’ਤੇ ਸਪੱਸ਼ਟੀਕਰਨ ਮੰਗਿਆ ਸੀ।

ਸਪੀਕਰ ਸੰਧਵਾਂ ਨੇ ਵਿਧਾਨ ਸਭਾ ਸਕੱਤਰੇਤ ਦੇ ਅਧਿਕਾਰੀਆਂ ਨੂੰ ਫ਼ਟਕਾਰ ਲਗਾਈ ਅਤੇ ਪੱਤਰ ਤੁਰੰਤ ਵਾਪਸ ਲੈਣ ਦੇ ਆਦੇਸ਼ ਦਿੱਤੇ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਅਧਿਆਪਕ ਸਮਾਜ ਦਾ ਧੁਰਾ ਹੁੰਦੇ ਹਨ ਅਤੇ ਉਨ੍ਹਾਂ ਦੇ ਮਾਣ-ਸਨਮਾਨ ਨੂੰ ਬਰਕਰਾਰ ਰੱਖਣਾ ਚਾਹੀਦਾ ਹੈ।

Basmati Rice Advertisment