Sunday, April 5Malwa News
Shadow

ਪੰਜਾਬ ਸਰਕਾਰ ਨੇ ਸੜਕਾਂ ਦੀ ਕਾਇਆ ਕਲਪ ਕਰ ਕੇ ਖੋਲ੍ਹੇ ਤਰੱਕੀ ਦੇ ਰਾਹ: ਹਰਪਾਲ ਸਿੰਘ ਚੀਮਾ

ਦਿੜ੍ਹਬਾ, 05 ਅਪ੍ਰੈਲ- ਵਿੱਤ ਮੰਤਰੀ, ਪੰਜਾਬ, ਸ੍ਰ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਅੰਦਰ ਸੜਕਾਂ ਦਾ ਜਾਲ ਵਿਛਾ ਕੇ ਅਤੇ ਸੜਕਾਂ ਦੀ ਕਾਇਆ ਕਲਪ ਕਰ ਕੇ ਪੰਜਾਬ ਨੂੰ ਤਰੱਕੀ ਦੀਆਂ ਲੀਹਾਂ ਉੱਤੇ ਮੁੜ ਲਿਆਂਦਾ ਗਿਆ ਹੈ। ਪੰਜਾਬ ਦਾ ਕੋਈ ਪਿੰਡ ਜਾਂ ਅਜਿਹਾ ਸ਼ਹਿਰ ਨਹੀਂ ਜਿਹੜਾ ਕਿ ਸੜਕੀ ਮਾਰਗ ਨਾਲ ਜੋੜਨ ਤੋਂ ਰਹਿ ਗਿਆ ਹੋਵੇ।

ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਪਿੰਡ ਕਮਾਲਪੁਰ ਵਿਖੇ ਦਿੜ੍ਹਬਾ ਤੋਂ ਕਮਾਲਪੁਰ, ਦਿਆਲਗੜ੍ਹ ਤੋਂ ਕਮਾਲਪੁਰ ਅਤੇ ਕਮਾਲਪੁਰ ਤੋਂ ਬਘਰੌਲ ਤਕ ਕਰੀਬ 20 ਕਰੋੜ ਰੁਪਏ ਦੀ ਲਾਗਤ ਨਾਲ
ਬਣਨ ਜਾ ਰਹੀ 18 ਫੁੱਟੀ ਸੜਕ ਦਾ ਕੰਮ ਸ਼ੁਰੂ ਕਰਾਉਣ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ।

ਉਹਨਾਂ ਕਿਹਾ ਕਿ ਮੁੱਖ ਮੰਤਰੀ, ਸ੍ਰ ਭਗਵੰਤ ਸਿੰਘ ਮਾਨ ਦੁਆਰਾ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਾ ਸਪਨਾ ਸੱਚ ਹੁੰਦਾ ਨਜ਼ਰ ਆ ਰਿਹਾ ਹੈ। ਉਹਨਾਂ ਦੀ ਦੂਰਦਰਸ਼ੀ ਸੋਚ ਸਦਕਾ ਹਰ ਇੱਕ ਪਿੰਡ ਅਤੇ ਸ਼ਹਿਰ ਨੂੰ ਸੜਕੀ ਮਾਰਗ ਨਾਲ ਜੋੜਨ ਤੇ ਸੜਕਾਂ ਦੀ ਕਾਇਆ ਕਲਪ ਦਾ ਉਪਰਾਲਾ ਹੋ ਰਿਹਾ ਹੈ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਜਿਹੜੀ ਸੜਕ ਦਾ ਅੱਜ ਕੰਮ ਸ਼ੁਰੂ ਕਰਵਾਇਆ ਹੈ, ਉਸ ਦਾ ਪਿਛਲੇ ਕਰੀਬ 15-16 ਸਾਲਾਂ ਤੋਂ ਪਿੰਡਾਂ ਦੇ ਲੋਕ ਬਣਨ ਦਾ ਇੰਤਜ਼ਾਰ ਕਰ ਰਹੇ ਸਨ। ਇਹ ਸੜਕ ਦਿਆਲਗੜ੍ਹ ਤੋਂ ਕਮਾਲਪੁਰ, ਦਿੜ੍ਹਬਾ ਤੋਂ ਕਮਾਲਪੁਰ ਅਤੇ ਕਮਾਲਪੁਰ ਤੋਂ ਬਘਰੌਲ ਤੱਕ ਬਣਾਈ ਜਾ ਰਹੀ ਹੈ, ਜਿਸ ਦੀ ਲੰਬਾਈ ਕਰੀਬ 31 ਕਿਲੋਮੀਟਰ ਹੈ ਅਤੇ ਇਹ ਸਾਰੀ ਸੜਕ 18 ਫੁੱਟ ਚੌੜੀ ਬਣਾਈ ਜਾ ਰਹੀ ਹੈ, ਜਿਸ ‘ਤੇ ਕਰੀਬ 20 ਕਰੋੜ ਦੀ ਰਾਸ਼ੀ ਖਰਚ ਕੀਤੀ ਜਾ ਰਹੀ ਹੈ। ਇਸ ਸੜਕ ਦੇ ਬਣਨ ਨਾਲ ਦਿੜ੍ਹਬਾ ਤੋਂ ਸਮਾਣਾ ਜਾਣ ਵਾਲੇ ਲੋਕਾਂ ਲਈ ਕਰੀਬ 15 ਪਿੰਡਾਂ ਨੂੰ ਫਾਇਦਾ ਹੋਵੇਗਾ, ਇਸ ਨਾਲ ਲੋਕਾਂ ਦਾ ਪੈਸਾ ਵੀ ਬਚੇਗਾ ਤੇ ਸਮਾਂ ਵੀ ਬਚੇਗਾ।

ਸ੍ਰ ਚੀਮਾ ਨੇ ਅੱਗੇ ਕਿਹਾ ਕਿ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਦੀ ਸੜਕਾਂ ਨੂੰ ਸੁਧਾਰਨ ਦੀ ਨੀਤੀ ਦੇ ਸਦਕਾ ਅਤੇ ਸੜਕ ਸੁਰਖਿਆ ਫੋਰਸ ਤੈਨਾਤ ਕਰਨ ਨਾਲ ਸੜਕੀ ਹਾਦਸਿਆਂ ਵਿੱਚ 50 ਫ਼ੀਸਦ ਦੀ ਕਮੀ ਆਈ ਹੈ, ਜਿਸ ਦੀ ਚਰਚਾ ਵਿਸ਼ਵ ਪੱਧਰ ਉੱਤੇ ਹੋ ਰਹੀ ਹੈ।

ਹਲਕਾ ਦਿੜ੍ਹਬਾ ਦੇ ਵਿਕਾਸ ਬਾਰੇ ਗੱਲ ਕਰਦਿਆਂ ਵਿੱਤ ਮੰਤਰੀ ਚੀਮਾ ਨੇ ਕਿਹਾ ਕਿ ਇਸ ਤੋਂ ਪਹਿਲਾਂ ਹਲਕਾ ਦਿੜ੍ਹਬਾ ਨੂੰ ਪਛੜਿਆ ਹੋਏ ਹਲਕੇ ਦੇ ਨਾਂ ਨਾਲ ਜਾਣਿਆ ਜਾਂਦਾ ਸੀ ਪਰ ਇਸ ਸਮੇਂ ਸਾਰੇ ਪੰਜਾਬ ਵਿੱਚ ਹਲਕਾ ਦਿੜ੍ਹਬਾ ਵਿਕਾਸ ਦੇ ਪੱਖੋਂ ਇੱਕ ਨਮੂਨਾ ਬਣ ਕੇ ਅੱਗੇ ਆ ਰਿਹਾ ਹੈ। ਸਾਰੇ ਸ਼ਹਿਰਾਂ ਅਤੇ ਪਿੰਡਾਂ ਵਿੱਚ ਵਿਕਾਸ ਕਾਰਜ ਚੱਲ ਰਹੇ ਹਨ ਹਲਕਾ ਦਿੜ੍ਹਬੇ ਦਾ ਕੋਈ ਇਹੋ ਜਿਹਾ ਪਿੰਡ ਨਹੀਂ ਜਿੱਥੇ ਕੋਈ ਕੰਮ ਨਾ ਚੱਲ ਰਿਹਾ ਹੋਵੇ। ਅਸਲ ਦੇ ਵਿੱਚ ਇਸੇ ਤਰੱਕੀ ਨੂੰ ਹੀ ਰੰਗਲਾ ਪੰਜਾਬ ਕਿਹਾ ਜਾਂਦਾ ਹੈ।

ਇਸ ਮੌਕੇ ਓਐਸਡੀ ਤਪਿੰਦਰ ਸਿੰਘ ਸੋਹੀ, ਐਸਡੀਓ ਪੀਡਬਲਯੂਡੀ ਦਲਜੀਤ ਸਿੰਘ, ਸਰਪੰਚ ਗੁਰਲਾਲ ਸਿੰਘ, ਨਗਰ ਪੰਚਾਇਤ ਦਿੜ੍ਹਬਾ ਦੇ ਪ੍ਰਧਾਨ ਮਨਿੰਦਰ ਸਿੰਘ ਘੁਮਾਣ, ਪਿੰਡਾਂ ਦੇ ਪੰਚ ਸਰਪੰਚ ਅਤੇ ਵੱਡੀ ਗਿਣਤੀ ਪਿੰਡਾਂ ਦੇ ਲੋਕ ਹਾਜ਼ਰ ਸਨ।