Wednesday, January 21Malwa News
Shadow

ਪੀਏਯੂ-ਕੇਵੀਕੇ, ਸੰਗਰੂਰ ਨੇ ਐਗਰੋ-ਪ੍ਰੋਸੈਸਿੰਗ ਕੰਪਲੈਕਸ ਅਤੇ ਗੁੜ ਉਤਪਾਦਨ ਬਾਰੇ ਕਿੱਤਾਮੁਖੀ ਸਿਖਲਾਈ ਕੋਰਸ ਕਰਵਾਇਆ

ਸੰਗਰੂਰ, 20 ਜਨਵਰੀ (000) – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਵੱਲੋਂ 12 ਤੋਂ 16 ਜਨਵਰੀ, 2026 ਤੱਕ “ਐਗਰੋ ਪ੍ਰੋਸੈਸਿੰਗ ਕੰਪਲੈਕਸ ਅਤੇ ਗੁੜ ਉਤਪਾਦਨ” ਬਾਰੇ ਪੰਜ-ਦਿਨਾਂ ਕਿੱਤਾਮੁਖੀ ਸਿਖਲਾਈ ਕੋਰਸ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਵੱਖ-ਵੱਖ ਪਿੰਡਾਂ ਦੇ 12 ਸਿਖਿਆਰਥੀਆਂ ਨੇ ਹਿੱਸਾ ਲਿਆ।

ਸਿਖਿਆਰਥੀਆਂ ਦਾ ਸਵਾਗਤ ਕਰਦੇ ਹੋਏ, ਡਾ. ਮਨਦੀਪ ਸਿੰਘ, ਇੰਚਾਰਜ, ਪੀਏਯੂ-ਕੇਵੀਕੇ, ਸੰਗਰੂਰ ਨੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਖੇਤੀਬਾੜੀ ਉਪਜਾਂ ਦੀ ਪ੍ਰੋਸੈਸਿੰਗ ਦੀ ਜ਼ਰੂਰਤ ਅਤੇ ਮਹੱਤਵ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਸਾਨਾਂ ਨੂੰ ਖੇਤੀ ਉਪਜਾਂ ਦੇ ਮੁੱਲ ਵਾਧੇ ਅਤੇ ਆਰਥਿਕ ਲਾਭ ਪ੍ਰਾਪਤ ਕਰਨ ਲਈ ਐਗਰੋ-ਪ੍ਰੋਸੈਸਿੰਗ ਕੰਪਲੈਕਸ ਸਥਾਪਤ ਕਰਨ ਲਈ ਕਿਹਾ। ਇਸ ਤੋਂ ਇਲਾਵਾ, ਉਨ੍ਹਾਂ ਨੇ ਖੇਤੀਬਾੜੀ ਅਤੇ ਪੇਂਡੂ ਭਾਈਚਾਰਿਆਂ ਦੀ ਭਲਾਈ ਲਈ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਕਰਵਾਏ ਜਾ ਰਹੇ ਕਈ ਵੱਖ-ਵੱਖ ਸਿਖਲਾਈ ਪ੍ਰੋਗਰਾਮਾਂ ਅਤੇ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ।

ਡਾ. ਸੁਨੀਲ ਕੁਮਾਰ, ਸਹਾਇਕ ਪ੍ਰੋਫੈਸਰ (ਫਾਰਮ ਮਸ਼ੀਨਰੀ), ਪੀਏਯੂ-ਕੇਵੀਕੇ, ਸੰਗਰੂਰ ਨੇ ਇਸ ਸਿਖਲਾਈ ਕੋਰਸ ਦੇ ਕੋਆਰਡੀਨੇਟਰ ਵਜੋਂ ਰੋਲ ਨਿਭਾਇਆ ਅਤੇ ਐਗਰੋ-ਪ੍ਰੋਸੈਸਿੰਗ ਕੰਪਲੈਕਸ ਅਤੇ ਇਸ ਵਿੱਚ ਲਗਾਈਆਂ ਜਾ ਸਕਦੀਆਂ ਵੱਖ-ਵੱਖ ਪ੍ਰੋਸੈਸਿੰਗ ਮਸ਼ੀਨਾਂ ਸਬੰਧੀ ਜਾਣਕਾਰੀ ਦਿੱਤੀ।

ਡਾ. ਸੰਧਿਆ, ਸੀਨੀਅਰ ਰਿਸਰਚ ਸਾਇੰਟਿਸਟ (ਪ੍ਰੋਸੈਸਿੰਗ ਅਤੇ ਫੂਡ ਇੰਜੀਨੀਅਰਿੰਗ), ਪੀ.ਏ.ਯੂ., ਲੁਧਿਆਣਾ ਨੇ ਕਣਕ ਦੀ ਆਟਾ ਮਿੱਲ, ਮਿੰਨੀ ਚੌਲ ਮਿੱਲ ਅਤੇ ਬੇਬੀ ਆਇਲ ਐਕਸਪੈਲਰ ਸਥਾਪਿਤ ਕਰਨ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਤੇਲ ਬੀਜਾਂ ਲਈ ਪ੍ਰੋਸੈਸਿੰਗ ਅਭਿਆਸਾਂ ਨੂੰ ਵੀ ਵਿਸਥਾਰ ਵਿੱਚ ਸਾਂਝਾ ਕੀਤਾ। ਡਾ. ਗੁਰਵੀਰ ਕੌਰ, ਵਿਗਿਆਨੀ (ਪੀ.ਐਫ.ਈ.) ਨੇ ਹਲਦੀ ਦੀ ਪ੍ਰੋਸੈਸਿੰਗ ਵਿੱਚ ਸ਼ਾਮਲ ਵੱਖ-ਵੱਖ ਮਸ਼ੀਨਾਂ ਅਤੇ ਹਲਦੀ ਪਾਊਡਰ ਤਿਆਰ ਕਰਨ ਦੀ ਪੂਰੀ ਪ੍ਰੋਸੈਸਿੰਗ ਪ੍ਰਕਿਰਿਆ ਬਾਰੇ ਵਿਸਥਾਰ ਵਿੱਚ ਦੱਸਿਆ। ਡਾ. ਕਿਰਨਦੀਪ ਕੌਰ, ਵਿਗਿਆਨੀ (ਪੀ.ਐਫ.ਈ.) ਨੇ ਦਾਲਾਂ ਦੀ ਪ੍ਰੋਸੈਸਿੰਗ ‘ਤੇ ਚਾਨਣਾ ਪਾਇਆ।

ਡਾ. ਗੁਲਜ਼ਾਰ ਸਿੰਘ ਸੰਘੇੜਾ, ਡਾਇਰੈਕਟਰ, ਖੇਤਰੀ ਖੋਜ ਕੇਂਦਰ, ਕਪੂਰਥਲਾ ਨੇ ਪੀ.ਏ.ਯੂ. ਦੁਆਰਾ ਸਿਫ਼ਾਰਸ਼ ਕੀਤੀਆਂ ਗੰਨੇ ਦੀਆਂ ਕਿਸਮਾਂ ਅਤੇ ਗੁਣਵੱਤਾ ਭਰਪੂਰ ਗੁੜ ਤਿਆਰ ਕਰਨ ਲਈ ਉਤਪਾਦਨ ਤਕਨੀਕਾਂ ਦੀ ਭੂਮਿਕਾ ਬਾਰੇ ਵੇਰਵੇ ਸਾਂਝੇ ਕੀਤੇ।

ਡਾ. ਰੁਕਿੰਦਰ ਪ੍ਰੀਤ ਸਿੰਘ ਧਾਲੀਵਾਲ, ਸਹਾਇਕ ਪ੍ਰੋਫੈਸਰ (ਫ਼ਸਲ ਵਿਗਿਆਨ) ਨੇ ਪੀ.ਏ.ਯੂ. ਦੀਆਂ ਸਿਫ਼ਾਰਸ਼ਾਂ ਅਨੁਸਾਰ ਹਲਦੀ ਅਤੇ ਸਰ੍ਹੋਂ ਦੀ ਕਾਸ਼ਤ ਦੇ ਤਰੀਕਿਆਂ ਬਾਰੇ ਦੱਸਿਆ। ਪਿੰਡ ਬੱਬਨਪੁਰ ਵਿਖੇ ਚਾਚਾ ਭਤੀਜਾ ਘੁਲਾੜ ਦੇ ਵਿੱਦਿਅਕ ਦੌਰੇ ਦੌਰਾਨ ਗੁੜ ਉਤਪਾਦਨ ਵਿਧੀ ‘ਤੇ ਚਰਚਾ ਕੀਤੀ ਗਈ। ਉਸੇ ਦਿਨ, ਪੀ.ਏ.ਯੂ. ਵਿਖੇ ਐਗਰੋ-ਪ੍ਰੋਸੈਸਿੰਗ ਕੰਪਲੈਕਸ ਦਾ ਦੌਰਾ ਵੀ ਕੀਤਾ ਗਿਆ ਜਿੱਥੇ ਡਾ. ਗੁਰਨਾਜ਼ ਸਿੰਘ ਗਿੱਲ, ਵਿਗਿਆਨੀ (ਪੀਐਫਈ) ਨੇ ਉੱਥੇ ਉਪਲਬਧ ਸਾਰੀਆਂ ਪ੍ਰੋਸੈਸਿੰਗ ਅਤੇ ਪੈਕੇਜਿੰਗ ਮਸ਼ੀਨਾਂ ਬਾਰੇ ਮਹੱਤਵਪੂਰਨ ਜਾਣਕਾਰੀ ਦਿੱਤੀ।

ਸ. ਅਤਿੰਦਰਪਾਲ ਸਿੰਘ, ਪਿੰਡ ਕੱਟੂ, “ਸਮਰਾ ਹਲਦੀ ਪ੍ਰੋਸੈਸਿੰਗ ਯੂਨਿਟ” ਜ਼ਿਲਾ ਬਰਨਾਲਾ ਦੇ ਵਿੱਦਿਅਕ ਦੌਰੇ ਦੌਰਾਨ ਹਲਦੀ ਦੀ ਕਾਸ਼ਤ ਅਤੇ ਪ੍ਰੋਸੈਸਿੰਗ ਅਭਿਆਸਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਟਾਈ ਅਤੇ ਗਰੇਡਿੰਗ ਤੋਂ ਲੈ ਕੇ ਪੈਕੇਜਿੰਗ ਤੱਕ ਹਲਦੀ ਦੀ ਪ੍ਰੋਸੈਸਿੰਗ ਦੀ ਪੂਰੀ ਪ੍ਰਕਿਰਿਆ ‘ਤੇ ਵੀ ਚਾਨਣਾ ਪਾਇਆ। ਸ. ਹਰਜੀਤ ਸਿੰਘ ਦੁਆਰਾ ਪਿੰਡ ਘੱਲ ਕਲਾਂ, ਜ਼ਿਲ੍ਹਾ ਮੋਗਾ ਵਿਖੇ ਸਥਾਪਿਤ ਐਗਰੋ-ਪ੍ਰੋਸੈਸਿੰਗ ਕੰਪਲੈਕਸ ਦੇ ਦੌਰੇ ਦੌਰਾਨ ਸਿਖਿਆਰਥੀਆਂ ਨੇ ਆਪਣੀਆਂ ਪ੍ਰੋਸੈਸਿੰਗ ਯੂਨਿਟਾਂ ਸਥਾਪਤ ਕਰਨ ਅਤੇ ਮੁੱਲ-ਵਰਧਕ ਉਤਪਾਦਾਂ ਦੀ ਮਾਰਕੀਟਿੰਗ ਦੌਰਾਨ ਵਿਹਾਰਕ ਸਮੱਸਿਆਵਾਂ ਨੂੰ ਹੱਲ ਕਰਨ ਦੇ ਸੁਝਾਅ ਸਿੱਖੇ।